ਡਰਾਈਵਾਈਜ਼ ਨੇ ਸੇਫ਼ਟੀ+ ’ਚ ਜੋੜੀ ਕਾਰਗੋ ਚੋਰੀ ਚੇਤਾਵਨੀ

ਵੇਰਿਸਕ ਦੇ ਸਹਿਯੋਗ ਨਾਲ ਡਰਾਈਵਾਈਜ਼ ਹੁਣ ਆਪਣੀ ਸੇਫ਼ਟੀ+ ਸਰਵਿਸ ’ਚ ਕਾਰਗੋ ਚੋਰੀ ਚੇਤਾਵਨੀ ਵੀ ਜੋੜ ਰਿਹਾ ਹੈ। ਵੇਰਿਸਕ ਕੰਪਨੀ ਹੀ ਕਾਰਗੋਨੈੱਟ ਚੋਰੀ ਸੁਰੱਖਿਆ ਅਤੇ ਵਸੂਲੀ ਨੈੱਟਵਰਕ ਚਲਾਉਂਦੀ ਹੈ।

ਅਮਰੀਕਾ ’ਚ ਸਿਖਰਲੇ 50 ਖ਼ਤਰਨਾਕ ਪਾਰਕਿੰਗ ਸਥਾਨਾਂ ’ਤੇ ਟਰੱਕਾਂ ਨੂੰ ਪਾਰਕ ਕਰਨ ਵਾਲੇ ਅਤੇ 40 ਸਭ ਤੋਂ ਖ਼ਤਰਨਾਕ ਕਾਊਂਟੀਜ਼ ’ਚ ਜਾਣ ਵਾਲੇ ਡਰਾਈਵਰਾਂ ਨੂੰ ਮੌਜੂਦਾ ਈ.ਐਲ.ਡੀ. ਜਾਂ ਟੈਲੀਮੈਟਿਕਸ ਉਪਕਰਨਾਂ ਰਾਹੀਂ ਦ੍ਰਿਸ਼ ਅਤੇ ਆਵਾਜ਼ ਰਾਹੀਂ ਅਲਰਟ ਮਿਲਣਗੇ।

DriveWyze theft warning
(ਤਸਵੀਰ: ਡਰਾਈਵਵਾਈਜ਼)

ਡਰਾਈਵਰਾਂ ਨਾਲ ਕਿਸੇ ਸੰਪਰਕ ਦੀ ਜ਼ਰੂਰਤ ਨਹੀਂ ਹੈ।

ਉੱਚ-ਜ਼ੋਖ਼ਮ ਵਾਲੇ ਇਲਾਕਿਆਂ ਨੂੰ ਕਾਰਗੋਨੈੱਟ ਵੱਲੋਂ ਪ੍ਰਾਪਤ ਡਾਟਾ ਦੇ ਆਧਾਰ ’ਤੇ ਨਿਰੰਤਰ ਅਪਡੇਟ ਕੀਤਾ ਜਾਂਦਾ ਹੈ। ਸਬਸਕ੍ਰਾਈਬਰਸ ਨੂੰ ਕੈਨੇਡਾ ਅਤੇ ਅਮਰੀਕਾ ’ਚ ਤਾਜ਼ਾ ਹੋਈਆਂ ਘਟਨਾਵਾਂ ਬਾਰੇ ਰੋਜ਼ਾਨਾ ‘ਹੌਟ ਥੈਫ਼ਟ ਜ਼ੋਨ’ ਅਲਰਟ ਪ੍ਰਾਪਤ ਹੋਇਆ ਕਰਨਗੇ।

ਡਾਟਾ ਮੁਹੱਈਆ ਕਰਵਾਉਣ ਵਾਲੇ ਕਾਰਗੋਨੈੱਟ ਨੂੰ ਡਾਟਾਬੇਸ ਲਾਅ ਇਨਫ਼ੋਰਸਮੈਂਟ, ਬੀਮਾਕਰਤਾਵਾਂ, ਟਰਾਂਸਪੋਰਟੇਸ਼ਨ ਕੰਪਨੀਆਂ, ਨਿਰਮਾਤਾਵਾਂ ਅਤੇ ਰਿਟੇਲਰਾਂ ਤੋਂ ਸੂਚਨਾ ਹਾਸਲ ਹੁੰਦੀ ਹੈ।

ਕਾਰਗੋਨੈੱਟ ਦੇ ਅੰਕੜੇ ਦਰਸਾਉਂਦੇ ਹਨ ਕਿ ਕਾਰਗੋ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਸ ਕਰਕੇ ਹੀ ਇਸ ਟੂਲ ਨੂੰ ਪੇਸ਼ ਕੀਤਾ ਗਿਆ ਹੈ। ਪਿਛਲੇ ਸਾਲ ਅਮਰੀਕਾ ਅਤੇ ਕੈਨੇਡਾ ’ਚ ਕਾਰਗੋ ਚੋਰੀ ਦੀਆਂ 1,300 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਕਰਕੇ ਕਾਰਗੋ ਦੇ ਰੂਪ ’ਚ 58 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਇਨ੍ਹਾਂ ਚੋਰੀਆਂ ’ਚ 2021 ਦੀ ਚੌਥੀ ਤਿਮਾਹੀ ਦੇ ਮੁਕਾਬਲੇ 2022 ਦੀ ਪਹਿਲੀ ਤਿਮਾਹੀ ’ਚ 5% ਤੋਂ ਵੀ ਵੱਧ ਦਾ ਵਾਧਾ ਵੇਖਣ ਨੂੰ ਮਿਲਿਆ।