ਡਰਾਈਵਿੰਗ ਦੌਰਾਨ ਟੈਕਸਟਿੰਗ ਦੀ ਦਰ ਪਿਛਲੇ ਦਹਾਕੇ ‘ਚ ਹੋਈ ਦੁੱਗਣੀ

Avatar photo
ਹਰ 10 ‘ਚੋਂ 1 ਕੈਨੇਡੀਅਨ ਨੇ ਮੰਨਿਆ ਹੈ ਕਿ ਉਹ 2019 ‘ਚ ਡਰਾਈਵਿੰਗ ਨਾਲ ਮੈਸੇਜ ਭੇਜਣ ਦੇ ਕੰਮ ‘ਚ ਲੱਗਾ ਹੋਇਆ ਸੀ। (ਫ਼ੋਟੋ : ਆਈਸਟਾਕ)

ਟਰੈਫ਼ਿਕ ਇੰਜਰੀ ਰੀਸਰਚ ਫ਼ਾਊਂਡੇਸ਼ਨ (ਟੀ.ਆਈ.ਆਰ.ਐਫ਼.) ਵੱਲੋਂ ਕੀਤੀ ਗਈ ਇੱਕ ਖੋਜ ‘ਚ ਕਿਹਾ ਗਿਆ ਹੈ ਕਿ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫ਼ੋਨ ‘ਤੇ ਮੈਸੇਜ ਭੇਜਣ ਅਤੇ ਗੱਲਾਂ ਕਰਨ ਦੀ ਆਦਤ ਵੱਧਦੀ ਜਾ ਰਹੀ ਹੈ।

2019 ‘ਚ ਹਰ 10 ਕੈਨੇਡੀਅਨ ਡਰਾਈਵਰਾਂ ‘ਚੋਂ ਇੱਕ (9.7%) ਨੇ ਮੰਨਿਆ ਹੈ ਕਿ ਉਹ ਡਰਾਈਵਿੰਗ ਕਰਦੇ ਸਮੇਂ ਵੀ ਮੋਬਾਈਲ ਫ਼ੋਨ ‘ਤੇ ਕਿਸੇ ਨੂੰ ਮੈਸੇਜ ਲਿਖਦਾ ਰਹਿੰਦਾ ਹੈ, ਜੋ ਕਿ 2018 ਤੋਂ 7.5% ਜ਼ਿਆਦਾ ਹੈ। ਜਦਕਿ 2010 ਦੇ ਮੁਕਾਬਲੇ ਤਾਂ ਇਹ ਕੰਮ ਦੁੱਗਣਾ ਹੋ ਗਿਆ ਹੈ। ਡਰਾਈਵਿੰਗ ਕਰਦੇ ਸਮੇਂ ਹੱਥ ‘ਚ ਕੋਈ ਉਪਕਰਨ ਫੜ ਕੇ ਕਿਸੇ ਨਾਲ ਗੱਲਾਂ ਕਰਨਾ ਹੋਰ ਵੀ ਆਮ ਗੱਲ ਹੋ ਗਈ ਹੈ ਜੋ ਕਿ 2018 ‘ਚ 9.3% ਦੇ ਮੁਕਾਬਲੇ ਹੁਣ 11.7% ਫ਼ੀਸਦੀ ਹੋ ਗਈ ਹੈ। ਹਾਲਾਂਕਿ ਹੈਂਡਸ-ਫ਼੍ਰੀ ਉਪਕਰਨ ਦਾ ਪ੍ਰਯੋਗ ਕਰ ਕੇ ਕਿਸੇ ਨਾਲ ਗੱਲਾਂ ਕਰਨ ਦੀ ਦਰ ਪਿਛਲੇ ਸਾਲ 36.5% ਤੋਂ ਘੱਟ ਕੇ 32% ਹੋ ਗਈ ਹੈ।

ਟੀ.ਆਈ.ਆਰ.ਐਫ਼. ਵਿਖੇ ਚੀਫ਼ ਆਪਰੇਟਿੰਗ ਅਫ਼ਸਰ ਵਾਰਡ ਵੇਨਲਾਰ ਨੇ ਕਿਹਾ ਕਿ ਕੈਨੇਡੀਅਨ ਡਰਾਈਵਰ ਗੱਡੀ ਚਲਾਉਂਦੇ ਸਮੇਂ ਮੈਸੇਜ ਲਿਖਣ ਬਾਰੇ ਵੀ ਥੋੜ੍ਹੇ ਘੱਟ ਚਿੰਤਾਜਨਕ ਜਾਪਦੇ ਹਨ।

ਅਧਿਐਨਕਰਤਾਵਾਂ ਨੇ ਕਿਹਾ ਹੈ ਕਿ ਡਰਾਈਵਿੰਗ ਦੌਰਾਨ ਮੈਸੇਜ ਲਿਖਣਾ ਸੱਭ ਤੋਂ ਜ਼ਿਆਦਾ ਚਿੰਤਾਜਨਕ ਵਰਤਾਰਾ ਹੈ ਕਿਉਂਕਿ ਇਸ ਤਰ੍ਹਾਂ ਧਿਆਨ ਭਟਕਣ ਨੂੰ ਕਾਨੂੰਨੀ ਤੌਰ ‘ਤੇ ਏਨੀ ਸ਼ਰਾਬ ਪੀ ਕੇ ਗੱਡੀ ਚਲਾਉਣ ਬਰਾਬਰ ਮੰਨਿਆ ਜਾਂਦਾ ਹੈ, ਜਦੋਂ ਖ਼ੂਨ ‘ਚ ਅਲਕੋਹਲ ਦੀ ਮਾਤਰਾ 0.8 ਹੋਵੇ।

ਟੀ.ਆਈ.ਆਰ.ਐਫ਼. ਨੇ ਵੇਖਿਆ, ”ਭਾਵੇਂ ਜ਼ਿਆਦਾਤਰ ਕੈਨੇਡੀਅਨ ਬੇਧਿਆਨੇ ਹੋ ਕੇ (ਯਾਨੀ ਕਿ ਡਰਾਈਵਿੰਗ ਦੇ ਨਾਲ ਮੈਸੇਜ ਲਿਖਦਿਆਂ) ਡਰਾਈਵਿੰਗ ਕਰਦੇ ਸਮੇਂ ਖ਼ਤਰੇ ਦੇ ਉੱਚ ਪੱਧਰ ਤੋਂ ਜਾਣੂ ਲੱਗੇ, ਕੁੱਝ ਕੁ ਲੋਕ ਅਜਿਹੇ ਵੀ ਹਨ ਜੋ ਇਸ ਤੋਂ ਜਾਣੂ ਨਹੀਂ ਸਨ। ਸੱਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪਿਛਲੇ ਇਕ ਦਹਾਕੇ ‘ਚ ਇਹ ਕੁੱਝ ਕੁ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਅਜਿਹੇ ਲੋਕਾਂ ਦੀ ਗਿਣਤੀ ਹੁਣ ਕਾਨੂੰਨੀ ਤੌਰ ‘ਤੇ ਜਾਇਜ਼ ਹੱਦ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦੌਰਾਨ ਫੜੇ ਜਾਣ ਵਾਲੇ ਲੋਕਾਂ ਦੀ ਗਿਣਤੀ ਤੋਂ ਵੀ ਵੱਧ ਗਈ ਹੈ।”

ਹਰ ਚਾਰ ‘ਚੋਂ ਇੱਕ ਵਿਅਕਤੀ (26.4%) ਨੇ ਮੰਨਿਆ ਹੈ ਕਿ ਉਹ ਡਰਾਈਵਿੰਗ ਦੌਰਾਨ ਅਕਸਰ ਆਪਣੀਆਂ ਅੱਖਾਂ ਨੂੰ ਦੋ ਸਕਿੰਟਾਂ ਤੋਂ ਵੱਧ ਸਮੇਂ ਲਈ ਸੜਕ ਤੋਂ ਹਟਾ ਲੈਂਦੇ ਹਨ।

ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਦੇ ਮਾਮਲਿਆਂ ‘ਚ ਉਮਰ ਇੱਕ ਮਹੱਤਵਪੂਰਨ ਕਾਰਕ ਹੈ। ਅਧਿਐਨਕਰਤਾਵਾਂ ਅਨੁਸਾਰ ਉਮਰ ‘ਚ ਹਰ ਦਸ ਸਾਲਾਂ ਦੇ ਵਾਧੇ ਲਈ ਡਰਾਈਵਰਾਂ ਦੇ ਮੈਸੇਜ ਭੇਜਣ ਦੀ ਦਰ 44% ਘੱਟ ਹੋਈ, ਹੱਥ ‘ਚ ਫ਼ੋਨ ਫੜ ਕੇ ਗੱਲਾਂ ਕਰਨ ਦੀ ਦਰ 38% ਅਤੇ ਹੈਂਡਸ-ਫ਼੍ਰੀ ਫ਼ੋਨ ਪ੍ਰਯੋਗ ਕਰਨ ਦੀ ਦਰ 28% ਘੱਟ ਹੋਈ। ਆਦਮੀਆਂ ਦੇ ਹੱਥ ‘ਚ ਫ਼ੋਨ ਫੜ ਕੇ ਗੱਲਾਂ ਕਰਨ ਦੀ ਦਰ 62% ਵੱਧ ਹੈ ਅਤੇ ਉਨ੍ਹਾਂ ਦੇ ਹੈਂਡਸ-ਫ਼੍ਰੀ ਫ਼ੋਨ ਪ੍ਰਯੋਗ ਕਰਨ ਦੀ ਦਰ 50% ਵੱਧ ਹੈ।

ਟੀ.ਆਈ.ਆਰ.ਐਫ਼. ਵਿਖੇ ਸੀਨੀਅਰ ਰੀਸਰਚ ਵਿਗਿਆਨੀ ਕਰੇਗ ਲੀਓਨ ਨੇ ਕਿਹਾ, ”ਉਮਰ ਅਤੇ ਲਿੰਗ ਬੇਧਿਆਨੇ ਹੋ ਕੇ ਡਰਾਈਵਿੰਗ ਕਰਨ ਦੇ ਮਜ਼ਬੂਤ ਪ੍ਰਦਰਸ਼ਕ ਹੋ ਸਕਦੇ ਹਨ, ਪਰ ਇਸ ਤਰੀਕੇ ਨਾਲ ਡਰਾਈਵਿੰਗ ਕਰਨ ਦੀ ਕੈਨੇਡੀਅਨ ਡਰਾਈਵਰਾਂ ਦੀ ਗਿਣਤੀ ਨੂੰ ਵੇਖਿਆ ਜਾਵੇ ਤਾਂ ਸਾਫ਼ ਹੁੰਦਾ ਹੈ ਕਿ ਬੇਧਿਆਨੇ ਹੋ ਕੇ ਡਰਾਈਵਿੰਗ ਕਰਨਾ ਸਿਰਫ਼ ਉਮਰ ਅਤੇ ਲਿੰਗ ‘ਤੇ ਅਧਾਰਤ ਨਾ ਹੋ ਕੇ ਆਮ ਆਦਤ ਬਣ ਗਈ ਹੈ।”

ਸਰਵੇਖਣ ‘ਚ ਸ਼ਾਮਲ ਲਗਭਗ ਅੱਧੇ ਲੋਕਾਂ (49.6%) ਨੇ ਮੰਨਿਆ ਕਿ ਮੋਬਾਈਲ ਫ਼ੋਨ ਹੱਥ ‘ਚ ਫੜ ਕੇ ਜਾਂ ਹੈਂਡਸ-ਫ਼੍ਰੀ ਉਪਕਰਨ ਰਾਹੀਂ ਗੱਲਾਂ ਕਰਨਾ ਖ਼ਤਰਨਾਕ ਹੈ ਅਤੇ 42% ਨੇ ਕਿਹਾ ਕਿ ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਪਾਬੰਦੀ ਲਗਣੀ ਚਾਹੀਦੀ ਹੈ। ਇਹ ਗਿਣਤੀ 2018 ‘ਚ ਅਜਿਹਾ ਮੰਨਣ ਵਾਲਿਆਂ ਦੀ ਗਿਣਤੀ ਤੋਂ 35.3% ਵੱਧ ਹੋਈ ਹੈ। ਪਰ 2010 ਤੋਂ ਬਾਅਦ ਇਸ ਵਿਚਾਰ ਨੂੰ ਮੰਨਣ ਵਾਲਿਆਂ ਦੀ ਗਿਣਤੀ 67.7% ਘਟੀ ਹੈ।

ਟੀ.ਆਈ.ਆਰ.ਐਫ਼. ਅਜਿਹੇ ਡਰਾਈਵਰਾਂ ਤੋਂ ਅਜੇ ਵੀ ਚਿੰਤਤ ਹੈ ਜਿਨ੍ਹਾਂ ਨੇ 2019 ‘ਚ ਡਰਾਈਵਿੰਗ ਦੌਰਾਨ ਹੈਂਡਸ-ਫ਼੍ਰੀ ਫ਼ੋਨ ਪ੍ਰਯੋਗ ਕਰਨ ਦੀ ਗੱਲ ਕਬੂਲੀ ਹੈ, ਕਿਉਂਕਿ ਇਸ ਨਾਲ ਵੀ ਡਰਾਈਵਿੰਗ ਤੋਂ ਧਿਆਨ ਪਾਸੇ ਹੁੰਦਾ ਹੈ।

ਇਹ ਅਧਿਐਨ 2019 ‘ਚ 12,00 ਡਰਾਈਵਰਾਂ ਨਾਲ ਗੱਲਬਾਤ ‘ਤੇ ਅਧਾਰਤ ਸੀ।