ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ ’ਚ ਛੇ ਕੈਨੇਡੀਅਨ ਕੰਪਨੀਆਂ ਸ਼ਾਮਲ, ਹਾਲ ਆਫ਼ ਫ਼ੇਮ ਦੀ ਸਿਰਜਣਾ

ਡਰਾਈਵ ਕਰਨ ਲਈ ਬਿਹਤਰੀਨ ਫ਼ਲੀਟ ਮੁਕਾਬਲੇ ਨੇ 2022 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ, ਨਾਲ ਹੀ ਨਵੇਂ ਬਣਾਏ ਹਾਲ ਆਫ਼ ਫ਼ੇਮ ’ਚ ਵੀ ਅੱਠ ਫ਼ਲੀਟਸ ਨੂੰ ਸ਼ਾਮਲ ਕੀਤਾ ਗਿਆ ਹੈ।

ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਪ੍ਰੋਗਰਾਮ ਟਰੱਕ ਡਰਾਈਵਰਾਂ ਅਤੇ ਮੁਲਾਜ਼ਮਾਂ ਲਈ ਮਿਸਾਲਯੋਗ ਕੰਮਕਾਜ ਦੇ ਹਾਲਾਤ ਤਿਆਰ ਕਰਨ ਵਾਲੇ ਕੈਨੇਡੀਅਨ ਅਤੇ ਅਮਰੀਕੀ ਫ਼ਲੀਟਸ ਨੂੰ ਮਾਨਤਾ ਦਿੰਦਾ ਹੈ।

ਇਸ ਸਾਲ ਦੇ ਸਿਖਰਲੇ 20 ਫ਼ਲੀਟਸ ’ਚ ਸ਼ਾਮਲ ਕੈਨੇਡੀਅਨ ਫ਼ਲੀਟਸ ’ਚ ਸ਼ਾਮਲ ਹਨ: ਚੈਲੰਜਰ ਮੋਟਰ ਫ਼ਰੇਟ; ਅਰਬ ਟਰਾਂਸਪੋਰਟ; ਫ਼ੋਰਟਿਗੋ ਫ਼ਰੇਟ ਸਰਵੀਸਿਜ਼; ਲਿਬਰਟੀ ਲਾਈਨਹੌਲ; ਟਰਾਂਸਪ੍ਰੋ ਫ਼ਰੇਟ ਸਿਸਟਮਜ਼; ਅਤੇ ਵੈਲਿੰਗਟਨ ਗਰੁੱਪ ਆਫ਼ ਕੰਪਨੀਜ਼।

ਬਾਇਜ਼ਨ ਟਰਾਂਸਪੋਰਟ ਉਨ੍ਹਾਂ ਅੱਠ ਉਦਘਾਟਨੀ ਪ੍ਰਵੇਸ਼ਕਰਤਾਵਾਂ ’ਚੋਂ ਇੱਕ ਸੀ ਜਿਸ ਨੂੰ ਹਾਲ ਆਫ਼ ਫ਼ੇਮ ’ਚ ਸ਼ਾਮਲ ਕੀਤਾ ਗਿਆ। ਹਾਲ ’ਚ ਸ਼ਾਮਲ ਹੋਣ ਲਈ, ਇੱਕ ਫ਼ਲੀਟ ਨੂੰ ਲਗਾਤਾਰ 10 ਸਾਲਾਂ ਤੱਕ ਜੇਤੂ ਰਹਿਣਾ ਪੈਂਦਾ ਹੈ, ਜਾਂ ਸੱਤ ਸਾਲਾਂ ’ਚ ਘੱਟ ਤੋਂ ਘੱਟ ਇੱਕ ਵਾਰੀ ਕੁੱਲ ਮਿਲਾ ਕੇ ਜੇਤੂ ਦੇ ਪੁਰਸਕਾਰ ਨੂੰ ਆਪਣੇ ਨਾਂ ਕੀਤਾ ਹੋਵੇ।

ਇਸ ਦੌਰਾਨ ਪ੍ਰੋਗਰਾਮ ਦਾ ਵਿਸਤਾਰ ਹੋਣਾ ਜਾਰੀ ਹੈ। ਇਸ ਸਾਲ, 200 ਤੋਂ ਵੱਧ ਫ਼ਲੀਟ ਨਾਮਜ਼ਦ ਕੀਤੇ ਗਏ ਸਨ – ਜੋ ਕਿ ਨਵਾਂ ਉੱਚਤਮ ਪੱਧਰ ਹੈÊ- ਅਤੇ 110 ਨੇ ਕਰੀਅਰਸ ਐੱਜ ਵੱਲੋਂ ਕੀਤੀ ਇੰਟਰਵਿਊ ਪ੍ਰਕਿਰਿਆ ’ਚ ਹਿੱਸਾ ਲਿਆ। ਕੁੱਲ ਮਿਲਾ ਕੇ 93 ਫ਼ਲੀਟਸ ਫ਼ਾਈਨਲ ’ਚ ਸ਼ਾਮਲ ਹੋਏ।