ਡਾਇਮਲਰ ਨੇ ਦੂਜੀ ਪੀੜ੍ਹੀ ਦਾ ਈ-ਕਾਸਕੇਡੀਆ ਪੇਸ਼ ਕੀਤਾ

ਫ਼ਰੇਟਲਾਈਨਰ ਨੇ ਲੌਂਗ ਬੀਚ, ਕੈਲੇਫ਼ੋਰਨੀਆ ਵਿਖੇ ਐਕਟ ਐਕਸਪੋ ਦੌਰਾਨ ਆਪਣੇ ਬੈਟਰੀ-ਇਲੈਕਟਿ੍ਰਕ ਈ-ਕਾਸਕੇਡੀਆ ਦੀ ਅਪਡੇਟ ਜਾਰੀ ਕੀਤੀ ਹੈ, ਜੋ ਕਿ ਟੈਂਡਮ ਡਰਾਈਵ ਕੰਫ਼ਿਗਰੇਸ਼ਨ ’ਚ 230 ਮੀਲ (368 ਕਿੱਲੋਮੀਟਰ) ਦੀ ਵੱਧ ਲੰਮੀ ਰੇਂਜ ਨਾਲ ਆਵੇਗੀ।

ਕੰਪਨੀ ਨੇ ਕਿਹਾ ਕਿ ਅਪਗ੍ਰੇਡ ਕੀਤੇ ਈ-ਕਾਸਕੇਡੀਆ ਨੂੰ ਗ੍ਰਾਹਕਾਂ ਨਾਲ ਕੀਤੀ ਸਖ਼ਤ ਜਾਂਚ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਹ ਤਿੰਨ ਬੈਟਰੀ ਸਮਰਥਾਵਾਂ ਨਾਲ ਮਿਲਦਾ ਹੈ। ਟੈਂਡਮ ਅਤੇ ਸਿੰਗਲ ਡਰਾਈਵ ਕੰਫ਼ਿਗਰੇਸ਼ਨ ਲਈ 438 ਕਿੱਲੋਵਾਟ ਪੈਕ, ਅਤੇ ਸਿੰਗਲ ਡਰਾਈਵ ਅਮਲਾਂ ਲਈ 291 ਅਤੇ 194 ਕਿੱਲੋਵਾਟ ਦਾ ਪੈਕ। ਪਾਵਰ ਰੇਟਿੰਗ 320-470 ਹਾਰਸ ਪਾਵਰ ਤੱਕ ਜਾਂਦੀ ਹੈ ਅਤੇ 80% ਚਾਰਜਿੰਗ ਨੂੰ 90 ਮਿੰਟਾਂ ਅੰਦਰ ਪ੍ਰਾਪਤ ਕੀਤਾ ਜਾ ਸਕਦਾ ਹੈ।

ਨਵੇਂ ਈ-ਕਾਸਕੇਡੀਆ ਦੀ ਲਾਂਚ ਦੌਰਾਨ ਟਰੇਡ ਪ੍ਰੈੱਸ ਐਡੀਟਰਾਂ ਨੂੰ ਜਾਣਕਾਰੀ ਦਿੰਦਿਆਂ ਡਾਇਮਲਰ ਟਰੱਕ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਦੇ ਸੀ.ਈ.ਓ. ਜੌਨ ਓ’ਲੈਰੀ ਨੇ ਕਿਹਾ, ‘‘ਅਸੀਂ ਇਸ ਦੀ ਜਾਂਚ ਆਪਣੇ ਗ੍ਰਾਹਕਾਂ ਲਈ ਨਹੀਂ ਕੀਤੀ, ਬਲਕਿ ਆਪਣੇ ਗ੍ਰਾਹਕਾਂ ਦੇ ਨਾਲ ਮਿਲ ਕੇ ਕੀਤੀ, ਤਾਂ ਕਿ ਅਸੀਂ ਉਨ੍ਹਾਂ ਨੂੰ ਉਹ ਉਤਪਾਦ ਦੇ ਸਕੀਏ ਜੋ ਕਿ ਉਨ੍ਹਾਂ ਨੂੰ ਇੱਕ ਇਲੈਕਟਿ੍ਰਕ ਟਰੈਕਟਰ ਵਜੋਂ ਚਾਹੀਦਾ ਹੈ।’’

ਐਕਟ ਐਕਸਪੋ ਵਿਖੇ ਪਹਿਲੀ ਵਾਰ ਦੂਜੀ-ਪੀੜ੍ਹੀ ਦੇ ਈ-ਕਾਸਕੇਡੀਆ ਦਾ ਪ੍ਰਦਰਸ਼ਨ ਕਰਦੇ ਹੋਏ ਰਾਕੇਸ਼ ਅਨੇਜਾ (ਖੱਬੇ ਪਾਸੇ) ਅਤੇ ਐਂਡਰੇਆਸ ਜੁਰੇਤਜ਼ਕਾ। (ਤਸਵੀਰ: ਜੌਨ ਜੀ. ਸਮਿੱਥ)

ਡੀ.ਟੀ.ਐਨ.ਏ. ਦੇ ਈ-ਮੋਬਿਲਿਟੀ ਗਰੁੱਪ ਦੇ ਵਾਇਸ-ਪ੍ਰੈਜ਼ੀਡੈਂਟ ਅਤੇ ਮੁਖੀ ਰਾਕੇਸ਼ ਅਨੇਜਾ ਨੇ ਕਿਹਾ ਦੂਜੀ-ਪੀੜ੍ਹੀ ਦੇ ਈ-ਕਾਸਕੇਡੀਆ ’ਚ ਬਿਹਤਰੀਆਂ ਨੂੰ ਸਿੱਧਾ ਫ਼ਲੀਟ ਤੋਂ ਪ੍ਰਾਪਤ ਕੀਤੀ ਫੀਡਬੈਕ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸੁਝਾਵਾਂ ’ਚ ਚਾਰਜਿੰਗ ਪੋਰਟ ਦੀ ਥਾਂ, ਇੱਕ ਚਾਰਜਿੰਗ ਪੋਰਟ ਹੋਵੇ ਜਾਂ ਦੋ, ਅਤੇ ਚਾਰਜਿੰਗ ਕੇਬਲ ਦੀ ਆਦਰਸ਼ ਲੰਬਾਈ ਕੀ ਹੋਵੇ, ਤਾਂ ਕਿ ਚਾਰਜਿੰਗ ਸਟੇਸ਼ਨਾਂ ’ਤੇ ਉਲਝਣਾਂ ਤੋਂ ਬਚਿਆ ਜਾ ਸਕੇ ਆਦਿ ਨੂੰ ਮੁੱਖ ਤੋਰ ’ਤੇ ਸ਼ਾਮਲ ਸਨ।।

ਇਸ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਈ-ਕਾਸਕੇਡੀਆ ਨੂੰ ਫ਼ੀਲਡ ’ਚ ਕਿਸ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ। ਸੇਲਜ਼ ਅਤੇ ਮਾਰਕੀਟਿੰਗ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਡੇਵਿਡ ਕਾਰਸਨ ਨੇ ਕਿਹਾ ਕਿ ਕੰਪਨੀ ਦਾ ਆਫ਼ਟਰਮਾਰਕੀਟ ਗਰੁੱਪ ਇਸ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।

ਕਾਰਸਨ ਨੇ ਕਿਹਾ, ‘‘ਸਾਡੇ ਕੋਲ ਆਫ਼ਟਰਮਾਰਕੀਟ ’ਚ ਸਮਰਪਿਤ ਈ-ਮੋਬਿਲਿਟੀ ਟੀਮ ਹੈ, ਜੋ ਕਿ ਡੀਲਰਾਂ ਅਤੇ ਗ੍ਰਾਹਕਾਂ ਨੂੰ ਉੱਚ-ਵੋਲਟੇਜ ਬਾਰੇ ਸੁਰੱਖਿਆ, ਗ੍ਰਾਹਕ ਸਹਾਇਤਾ ਪ੍ਰਦਾਨ ਕਰ ਰਹੀ ਹੈ, ਅਤੇ ਸਾਡੇ ਪਾਰਟਸ ਡਿਸਟ੍ਰੀਬਿਊਸ਼ਨ ਕੇਂਦਰਾਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਨ੍ਹਾਂ ਕੋਲ ਬੈਟਰੀ ਪੈਕਸ ਨੂੰ ਸਟੋਰ ਕਰਨ ਅਤੇ ਸੰਭਾਲਣ ਦੀ ਸਮਰੱਥਾ ਹੋਵੇ, ਜੋ ਕਿ ਮਾਤਰਾ ਦੇ ਮਾਮਲੇ ’ਚ ਗ਼ੈਰਮਹੱਤਵਪੂਰਨ ਨਹੀਂ ਹੈ। ਅੱਜ ਸਾਡੇ ਪਾਰਟਸ ਡਿਸਟ੍ਰੀਬਿਊਸ਼ਨ ਕੇਂਦਰਾਂ ’ਚ ਜੋ ਵੀ ਸਟੋਰ ਕੀਤਾ ਜਾ ਰਿਹਾ ਹੈ ਇਹ ਉਸ ਤੋਂ ਕਾਫ਼ੀ ਵੱਡੇ ਹਨ।’’

ਈ-ਕਾਸਕੇਡੀਆ ਦੀ ਹਮਾਇਤ ਲਈ ਮੁੜਨਿਰਮਾਣ ਸਮਰੱਥਾਵਾਂ ਨੂੰ ਵੀ ਬਿਹਤਰ ਕੀਤਾ ਜਾ ਰਿਹਾ ਹੈ। ਅਤੇ ਫ਼ਲੀਟਸ ਨੂੰ ਪੂਰੇ ਈਕੋਸਿਸਟਮ ਦੇ ਵਿਕਾਸ ਦੀ ਪ੍ਰਕਿਰਿਆ ’ਚੋਂ ਲੰਘਾਉਣ ਲਈ ਸਲਾਹਕਾਰ ਟੀਮਾਂ ਨੂੰ ਜੋੜਿਆ ਜਾ ਰਿਹਾ ਹੈ – ਜਿਸ ’ਚ ਚਾਰਜਿੰਗ ਮੁਢਲਾ ਢਾਂਚਾ ਵੀ ਸ਼ਾਮਲ ਹੈ – ਜਿਸ ਦੀ ਉਨ੍ਹਾਂ ਨੂੰ ਇਲੈਕਟ੍ਰਿਕ ਗੱਡੀਆਂ ਅਪਨਾਉਣ ਦੌਰਾਨ ਜ਼ਰੂਰਤ ਪਵੇਗੀ।

ਕਾਰਸਨ ਨੇ ਕਿਹਾ, ‘‘ਇਹ ਸਾਡੇ ਸਾਰੇ ਗ੍ਰਾਹਕਾਂ ਲਈ ਨਵੀਂ ਗੱਲ ਹੈ। ਅਸੀਂ ਉੱਚ ਪੱਧਰੀ ਮੁਹਾਰਤ ਅਤੇ ਸਲਾਹ ਮੁਹੱਈਆ ਕਰਵਾਉਣ ਲਈ ਤਿਆਰ ਹਾਂ।’’

ਉਦਾਹਰਣ ਵਜੋਂ ਊਰਜਾ ਜ਼ਰੂਰਤਾਂ, ਥਾਂ ਦੀਆਂ ਜ਼ਰੂਰਤਾਂ, ਚਾਰਜਰ ਕਿੱਥੇ ਲਾਈਏ, ਅਤੇ ਸੁਰੱਖਿਆ ਮਾਪਦੰਡਾਂ ਬਾਰੇ ਸਲਾਹ ਮੁਹੱਈਆ ਕਰਵਾਈ ਜਾਵੇਗੀ। ਅਤੇ ਆਫ਼ਟਰਮਾਰਕੀਟ ਗਰੁੱਪ ਵੀ ਇਸ ਗੱਲ ’ਤੇ ਕੇਂਦਰਤ ਹੈ ਕਿ ਜੀਵਨਕਾਲ ਦੇ ਅੰਤ ’ਚ ਬੈਟਰੀਆਂ ਦਾ ਨਿਪਟਾਰਾ ਕਿਸ ਤਰ੍ਹਾਂ ਕੀਤਾ ਜਾਵੇ।

ਓ’ਲੈਰੀ ਨੇ ਕਿਹਾ, ‘‘ਤੁਸੀਂ ਬਹੁਤੀ ਵਾਰੀ ਸੁਣਦੇ ਹੋਵੇਗੇ ਕਿ ਬੈਟਰੀਆਂ ਨੂੰ ਜ਼ਮੀਨ ’ਚ ਦਬਾ ਦਿੱਤਾ ਜਾਵੇਗਾ। ਮੈਨੂੰ ਲਗਦਾ ਹੈ ਕਿ ਲੋਕ ਅੱਜਕਲ੍ਹ ਅਜਿਹਾ ਕੰਮ ਕਰਨ ਤੋਂ ਜ਼ਿਆਦਾ ਸਿਆਣੇ ਹਨ।’’

ਉਨ੍ਹਾਂ ਕਿਹਾ ਕਿ ਬੈਟਰੀ ਪੈਕ ਦੇ ਮੁੜਨਿਰਮਾਣ ਦਾ ਬਦਲ ਵੀ ਹੈ, ਨਾਲ ਹੀ ਬੈਟਰੀਆਂ ਨੂੰ ਕਿਸੇ ਹੋਰ ਮੰਤਵ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ, ਜਿਵੇਂ ਕਿ ਸਟੇਸ਼ਨਰੀ। ਉਨ੍ਹਾਂ ਕਿਹਾ, ‘‘ਇਹ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਲੰਮੇ ਸਮੇਂ ਤੱਕ ਚਲਦੀਆਂ ਹਨ ਅਤੇ ਇਨ੍ਹਾਂ ਨੂੰ ਮੁੜ ਨਵੇਂ ਵਰਗਾ ਬਣਾਇਆ ਜਾ ਸਕਦਾ ਹੈ।’’

eCascadia on the road
ਡਾਇਮਲਰ ਨੇ ਐਕਟ ਐਕਸਪੋ ਵਿਖੇ ਨਵਾਂ, ਦੂਜੀ-ਪੀੜ੍ਹੀ ਦਾ ਫ਼ਰੇਟਲਾਈਨਰ ਈ-ਕਾਸਕੇਡੀਆ ਪੇਸ਼ ਕੀਤਾ। (ਤਸਵੀਰ: ਡਾਇਮਲਰ ਟਰੱਕ ਨੌਰਥ ਅਮਰੀਕਾ)

ਅਨੇਜਾ ਨੇ ਕਿਹਾ ਕਿ ਪ੍ਰੋਪਰਾਈਟਰੀ ਡਿਟਰੋਇਟ ਈ-ਪਾਵਰਟ੍ਰੇਨ ਦੂਜੀ-ਪੀੜ੍ਹੀ ਦੇ ਈ-ਕਾਸਕੇਡੀਆ ਨੂੰ ਊਰਜਾ ਪ੍ਰਦਾਨ ਕਰੇਗੀ, ਅਤੇ ਬਿਹਤਰ ਰੇਂਜ, ਬਿਹਤਰ ਬੈਟਰੀ ਕੈਮਿਸਟਰੀ ਅਤੇ ਬਿਹਤਰ ਏਕੀਕਰਨ ਵਜੋਂ ਪ੍ਰਾਪਤ ਹੁੰਦੀ ਹੈ। ਸਿਸਟਮ ਦੇ ਕੇਂਦਰ ’ਚ ਇੱਕ ਈ-ਐਕਸਲ ਹੈ ਜੋ ਕਿ ਏਕੀਕਿ੍ਰਤ ਇਲੈਕਟਿ੍ਰਕ ਮੋਟਰ, ਟਰਾਂਸਮਿਸ਼ਨ, ਅਤੇ ਸੰਬੰਧਤ ਇਲੈਕਟ੍ਰੋਨਿਕਸ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਦੋ ਡਿਜ਼ਾਈਨਾਂ ’ਚ ਸ਼ਾਮਲ ਹਨ ਦੋਹਰੀ ਮੋਟਰ ਦਾ ਵਿਕਲਪ ਜਿਸ ਦੀ ਵੱਧ ਤੋਂ ਘੱਟ ਟੌਰਕ 23,000 ਪਾਊਂਡ -ਫ਼ੁੱਟ ਹੈ ਅਤੇ 395 ਹਾਰਸ ਪਾਵਰ ਹੈ, ਅਤੇ ਇਕਹਰੀ ਮੋਟਰ ਡਿਜ਼ਾਈਨ ਜਿਸ ਦੀ ਟੌਰਕ 11,500 ਪਾਊਂਡ -ਫ਼ੁੱਟ/195 ਹਾਰਸ ਪਾਵਰ ਹੈ।

ਈ-ਕਾਸਕੇਡੀਆ ਦੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਡਿਟਰੋਇਟ ਕੁਨੈਕਟ ਈ-ਸਰਵੀਸਿਜ਼ ਪਲੇਟਫ਼ਾਰਮ ਰਾਹੀਂ ਟੈਲੀਮੈਟਿਕਸ ਮੌਜੂਦ ਹਨ।

ਡਾਇਮਲਰ ਨੇ ਇੱਕ ਚਾਰਜਰ ਮੈਨੇਜਮੈਂਟ ਸਿਸਟਮ (ਸੀ.ਐਮ.ਐਸ.) ਵੀ ਤਿਆਰ ਕੀਤਾ ਹੈ, ਜੋ ਕਿ ਡਿਟਰੋਇਟ ਕੁਨੈਕਟ ਪੋਰਟਲ ’ਚ ਏਕੀਕ੍ਰਿਤ ਹੈ। ਇਹ ਡੀਪੋ ਦੇ ਪ੍ਰਯੋਗ, ਗ੍ਰਾਂਟ ਤਾਮੀਲੀ ਲਈ ਅੰਕੜੇ, ਅਤੇ ਚਾਰਜਿੰਗ ਮੈਨੇਜਮੈਂਟ ’ਤੇ ਰਿਪੋਰਟਾਂ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਨੂੰ ਡਿਟਰੋਇਟ ਈ-ਫ਼ਿੱਲ ਚਾਰਜਰਾਂ ਨਾਲ ਕੰਮ ਕਰਨ ਲਈ ਬਣਾਇਆ ਗਿਆ ਹੈ। ਹਾਲਾਂਕਿ ਇਹ ਹੋਰ ਚਾਰਜਰਾਂ ਨਾਲ ਵੀ ਅਨੁਕੂਲ ਹੈ।

ਇੱਕ ਵਿਸ਼ੇਸ਼ਤਾ ਈ-ਰੇਂਜ ਪੇਸ਼ਨਗੋਈ ਟੂਲ ਵੀ ਹੈ ਜੋ ਕਿ ਰੇਂਜ ਬਾਰੇ ਫ਼ਿਕਰ ਨੂੰ ਘੱਟ ਕਰਦਾ ਹੈ। ਇਸ ਕੰਮ ਲਈ ਇਹ ਲੋਡ, ਮੌਸਮ, ਟ੍ਰੈਫ਼ਿਕ ਅਤੇ ਸੜਕ ਦੀ ਹਾਲਤ ਵਰਗੀਆਂ ਚੀਜ਼ਾਂ ਨੂੰ ਧਿਆਨ ’ਚ ਰਖਦਿਆਂ ਚਲ ਰਹੀ ਟ੍ਰਿਪ ਲਈ ਗੱਡੀ ਦੀ ਰੇਂਜ ਮਾਪ ਲੈਂਦਾ ਹੈ। ਇਸ ਦੌਰਾਨ ਬੈਟਰੀ ਹੈਲਥ ਮਾਨੀਟਰਿੰਗ ਬੈਟਰੀ ਦੇ ਸਿਹਤ, ਚਾਰਜ ਦੀ ਸਥਿਤੀ, ਬਾਕੀ ਰਹਿੰਦੀ ਰੇਂਜ ਮੀਲ, ਅਤੇ ਚਾਰਜਿੰਗ ਸਥਿਤੀ ਦੀ ਨਿਗਰਾਨੀ ਰਖਦੀ ਹੈ। ਟਿ੍ਰਪ ਦੌਰਾਨ ਟਰੱਕ ਦੀ ਵਰਤੋਂ ਕਿਸ ਤਰ੍ਹਾਂ ਦੀ ਰਹੀ, ਬਾਰੇ ਵੀ ਪੋਸਟ- ਟ੍ਰਿਪ ਰਿਪੋਰਟਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਹ ਸਾਰਾ ਕੁੱਝ ਚੌਥੀ ਤਿਮਾਹੀ ’ਚ ਮੁਹੱਈਆ ਹੋ ਜਾਵੇਗਾ।

ਦੂਜੀ ਪੀੜ੍ਹੀ ਦੇ ਈ-ਕਾਸਕੇਡੀਆ ’ਚ ਡਿਟਰੋਇਟ ਅਸ਼ੋਅਰੈਂਸ ਐਕਟਿਵ ਸੇਫ਼ਟੀ ਵਿਸ਼ੇਸ਼ਤਾਵਾਂ ਵੀ ਮਾਨਕ ਤੌਰ ’ਤੇ ਲੱਗੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਐਕਟਿਵ ਬ੍ਰੇਕ ਅਸਿਸਟ, ਐਕਟਿਵ ਸਾਈਡ ਗਾਰਡ ਅਸਿਸਟ, ਅਤੇ ਐਕਟਿਵ ਲੇਨ ਅਸਿਸਟ ਸ਼ਾਮਲ ਹਨ।

ਐਕਟ ਐਕਸਪੋ ਪ੍ਰੈੱਸ ਕਾਨਫ਼ਰੰਸ ’ਚ, ਦੂਜੀ-ਪੀੜ੍ਹੀ ਦੇ ਈ-ਕਾਸਕੇਡੀਆ ਦੀ ਘੁੰਡ-ਚੁਕਾਈ ਦੌਰਾਨ ਸੈਂਕੜੇ ਲੋਕ ਹਾਜ਼ਰ ਸਨ ਜਦੋਂ ਇਹ ਟਰੱਕ ਬਗ਼ੈਰ ਕਿਸੇ ਸ਼ੋਰ ਤੋਂ ਮੰਚ ’ਤੇ ਘੁੰਮ ਰਿਹਾ ਸੀ। ਡੀ.ਟੀ.ਐਨ.ਏ. ਵਿਖੇ ਈ-ਮੋਬਿਲਿਟੀ ਦੇ ਸੀਨੀਅਰ ਪ੍ਰੋਡਕਟ ਵਿਕਾਸ ਦੇ ਮੁਖੀ ਐਂਡਰੇਆਸ ਜੁਰੇਤਜ਼ਕਾ ਨੇ ਕਿਹਾ, ‘‘ਇਹ ਟਰੱਕ ਚਾਰ ਸਾਲਾਂ ਤੋਂ ਤਿਆਰੀ ਅਧੀਨ ਸੀ।’’

ਉਨ੍ਹਾਂ ਕਿਹਾ ਕਿ ਡਾਇਮਲਰ ਨੇ ਅਸਲ ਹਾਲਾਤ ’ਚ 15 ਲੱਖ ਮੀਲ ਤੱਕ ਟਰੱਕ ਨੂੰ ਚਲਾ ਕੇ ਜਾਂਚਣ ਤੋਂ ਬਾਅਦ ਹੀ ਇਸ ਦੀ 230-ਮੀਲ ਦੀ ਰੇਂਜ ਲਈ ਸ਼ਬਦ ‘ਆਮ ਰੇਂਜ’ ਦਾ ਪ੍ਰਯੋਗ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਇਹ ਵਿਸ਼ਾਲ ਫ਼ਲੀਟ ਤਜ਼ਰਬਿਆਂ ਦੇ ਆਧਾਰ ’ਤੇ ਅਸਲ ਸੰਚਾਲਨ ਹਾਲਾਤ ਨੂੰ ਧਿਆਨ ’ਚ ਰਖਦਾ ਹੈ।