ਤੇਜ਼ ਰਫ਼ਤਾਰੀ ਵਿਰੁੱਧ ਕੇਂਦਰਤ ਰਹੇਗੀ ਇਸ ਸਾਲ ਦੀ ਸੁਰੱਖਿਅਤ ਡਰਾਈਵਰ ਹਫ਼ਤਾ ਮੁਹਿੰਮ

Avatar photo

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਦੀ ਸੁਰੱਖਿਅਤ ਡਰਾਈਵਰ ਹਫ਼ਤਾ ਮੁਹਿੰਮ ਦੌਰਾਨ ਤੇਜ਼ ਰਫ਼ਤਾਰੀ ਵਿਰੁੱਧ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪੂਰੇ ਉੱਤਰੀ ਅਮਰੀਕਾ ’ਚ ਇਹ ਮੁਹਿੰਮ 10-16 ਜੁਲਾਈ ਦੌਰਾਨ ਚੱਲੇਗੀ।

ਕੈਨੇਡੀਅਨ ਅਫ਼ਸਰਾਂ ਨੇ ਪਿਛਲੇ ਸਾਲ ਜੁਲਾਈ ਮਹੀਨੇ ’ਚ ਚੱਲੀ ਇਸੇ ਤਰ੍ਹਾਂ ਦੀ ਤਾਮੀਲੀ ਅਤੇ ਸਿੱਖਿਆ ਮੁਹਿੰਮ ਦੌਰਾਨ 1,828 ਕਮਰਸ਼ੀਅਲ ਡਰਾਈਵਰਾਂ ਨੂੰ ਰੋਕ ਕੇ ਜਾਂਚ ਕੀਤੀ ਸੀ ਅਤੇ 593 ਚਲਾਨ ਕੱਟਣ ਤੋਂ ਇਲਾਵਾ 136 ਚੇਤਾਵਨੀਆਂ ਜਾਰੀ ਕੀਤੀਆਂ ਸਨ। ਕਮਰਸ਼ੀਅਲ ਚਾਲਾਨਾਂ ’ਚੋਂ ਤੇਜ਼ ਰਫ਼ਤਾਰ ਨਾਲ ਸੰਬੰਧਤ ਜੁਰਮਾਂ ਦੀ ਗਿਣਤੀ 289 ਰਹੀ, ਜਿਸ ਤੋਂ ਬਾਅਦ ਸੀਟ ਬੈਲਟ ਨਾ ਲਾਉਣਾ (160), ਅਤੇ ਮੋਬਾਈਲ ਫ਼ੋਨ ਦਾ ਪ੍ਰਯੋਗ (83) ਕਰਨਾ ਸ਼ਾਮਲ ਹਨ। ਤੇਜ਼ ਰਫ਼ਤਾਰ ਨਾਲ ਸੰਬੰਧਤ ਜੁਰਮਾਂ ’ਚ 35 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ।

ਪਰ ਅਫ਼ਸਰਾਂ ਨੇ ਕੈਨੇਡਾ ’ਚ 7,759 ਪੈਸੇਂਜਰ ਗੱਡੀਆਂ ਨੂੰ ਵੀ ਜਾਂਚ ਲਈ ਰੋਕਿਆ, 3,427 ਚਲਾਨ ਕੀਤੇ ਅਤੇ 139 ਚੇਤਾਵਨੀਆਂ ਜਾਰੀ ਕੀਤੀਆਂ। ਇਨ੍ਹਾਂ ਉਲੰਘਣਾਵਾਂ ’ਚੋਂ ਤੇਜ਼ ਰਫ਼ਤਾਰੀ ਨਾਲ ਸੰਬੰਧਤ ਮੁੱਦਿਆਂ ਦੀ ਗਿਣਤੀ 2,861 ਰਹੀ ਅਤੇ ਚੇਤਾਵਨੀਆਂ ਦੀ ਗਿਣਤੀ 82 ਰਹੀ।

ਕੈਨੇਡਾ, ਮੈਕਸੀਕੋ ਅਤੇ ਅਮਰੀਕਾ ’ਚ ਅਫ਼ਸਰਾਂ ਨੇ 2021 ਦੀ ਮੁਹਿੰਮ ਦੌਰਾਨ 46,058 ਯਾਤਰੀ ਅਤੇ ਕਮਰਸ਼ੀਅਲ ਗੱਡੀਆਂ ਨੂੰ  ਰੋਕਿਆ।

ਅਮਰੀਕਾ ’ਚ ਤੇਜ਼ ਰਫ਼ਤਾਰੀ ਨਾਲ ਸੰਬੰਧਤ ਮੌਤਾਂ ਦੀ ਗਿਣਤੀ 2020 ’ਚ 17% ਵੱਧ ਗਈ ਸੀ, ਇਸੇ ਸਾਲ ਅਮਰੀਕੀ ਨੈਸ਼ਨਲ ਹਾਈਵੇ ਟ੍ਰੈਫ਼ਿਕ ਸੁਰੱਖਿਆ ਪ੍ਰਸ਼ਾਸਨ (ਐਨ.ਐਚ.ਟੀ.ਐਸ.ਏ.) ਵੱਲੋਂ 2007 ਤੋਂ ਬਾਅਦ ਸਭ ਤੋਂ ਜ਼ਿਆਦਾ ਗਿਣਤੀ ’ਚ ਮੌਤਾਂ ਰਿਕਾਰਡ ਕੀਤੀਆਂ ਗਈਆਂ। ਟੱਕਰਾਂ ਅਤੇ ਟ੍ਰੈਫ਼ਿਕ ’ਚ ਸੱਟਾਂ ਲੱਗਣ ਦੀਆਂ ਘਟਨਾਵਾਂ ’ਚ ਕਮੀ ਆਉਣ ਦੇ ਬਾਵਜੂਦ, ਘਾਤਕ ਟੱਕਰਾਂ ਦੀ ਗਿਣਤੀ 6.8% ਵੱਧ ਗਈ।

ਅਮਰੀਕੀ ਟਰਾਂਸਪੋਰਟੇਸ਼ਨ ਸਕੱਤਰ ਨੇ ਕਿਹਾ, ‘‘ਸਾਡੀਆਂ ਸੜਕਾਂ ’ਤੇ ਵੱਧ ਰਹੀਆਂ ਮੌਤਾਂ ਦੀ ਗਿਣਤੀ ਰਾਸ਼ਟਰੀ ਸੰਕਟ ਹੈ। ਅਸੀਂ ਇਨ੍ਹਾਂ ਮੌਤਾਂ ਨੂੰ ਅਟੱਲ ਨਹੀਂ ਮੰਨ ਸਕਦੇ ਅਤੇ ਨਾ ਹੀ ਸਾਨੂੰ ਅਜਿਹਾ ਮੰਨਣਾ ਚਾਹੀਦਾ ਹੈ।’’

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ ਨੇ ਸੁਰੱਖਿਅਤ ਹਫ਼ਤਾ ਮੁਹਿੰਮ ਦੀ ਸ਼ੁਰੂਆਤ ਟ੍ਰੈਫ਼ਿਕ ਬਾਰੇ ਸਿੱਖਿਆ ਅਤੇ ਕਾਨੂੰਨ ਪਾਲਣਾ ਕਰਵਾਉਣ ਦੀਆਂ ਰਣਨੀਤੀਆਂ ਨੂੰ ਸੰਬੋਧਨ ਕਰਨ ਲਈ ਕੀਤੀ ਸੀ।

ਦੱਖਣੀ ਡਕੌਟਾ ਹਾਈਵੇ ਪੈਟਰੋਲ ਦੇ ਕੈਪਟਨ ਰਹੇ ਸੀ.ਵੀ.ਐਸ.ਏ. ਦੇ ਪ੍ਰੈਜ਼ੀਡੈਂਟ ਜੌਨ ਬਰੋਅਰਸ ਨੇ ਕਿਹਾ, ‘‘ਇਸ ਵਾਰ ਦੀ ਸੁਰੱਖਿਅਤ ਡਰਾਈਵਿੰਗ ਪਹਿਲ ਅਤੇ ਮੁਹਿੰਮ ਡਰਾਈਵਰਾਂ ਦੀਆਂ ਕਾਰਵਾਈਆਂ ’ਤੇ ਕੇਂਦਰਤ ਹੈ – ਭਾਵੇਂ ਡਰਾਈਵਰ ਨੇ ਕੁੱਝ ਕੀਤਾ ਹੋਵੇ, ਜਿਵੇਂ ਤੇਜ਼ ਰਫ਼ਤਾਰੀ, ਜਾਂ ਉਨ੍ਹਾਂ ਨੇ ਕੁੱਝ ਨਾ ਕੀਤਾ ਹੋਵੇ, ਜਿਵੇਂ ਡਰਾਈਵਿੰਗ ’ਤੇ ਧਿਆਨ ਨਾ ਦੇਣਾ। ਡਰਾਈਵਰਾਂ ਦੇ ਵਤੀਰੇ ’ਤੇ ਧਿਆਨ ਕੇਂਦਰਤ ਕਰਨਾ ਹੀ ਸਾਡੇ ਵੱਲੋਂ ਟੱਕਰਾਂ ਤੋਂ ਬਚਣ ਦੇ ਮੰਤਵ ਨਾਲ ਅਜਿਹੇ ਡਰਾਈਵਰਾਂ ਦੀ ਪਛਾਣ ਅਤੇ ਸਿੱਖਿਅਤ ਕਰਨ ਦੀ, ਕੋਸ਼ਿਸ਼ ਹੈ ਜੋ ਕਿ ਸਾਡੀਆਂ ਸੜਕਾਂ ’ਤੇ ਖ਼ਤਰਨਾਕ ਤਰੀਕੇ ਨਾਲ ਵਿਚਰ ਰਹੇ ਹਨ।’’