ਨਸ਼ਿਆਂ ਦੀ ਰੀਕਾਰਡ ਖੇਪ ਨਾਲ ਭਾਰਤੀ ਮੂਲ ਦਾ ਟਰੱਕਰ ਗ੍ਰਿਫ਼ਤਾਰ

Avatar photo
ਬੱਫਲੋ, ਨਿਊਯਾਰਕ ‘ਚ ਪੀਸ ਬ੍ਰਿਜ ਕਾਰਗੋ ਸਹੂਲਤ। ਫ਼ੋਟੋ : ਸੀ.ਬੀ.ਪੀ.

ਅਮਰੀਕੀ ਅਫ਼ਸਰਾਂ ਨੇ ਬੱਫ਼ਲੋ, ਨਿਊਯਾਰਕ ‘ਚ ਸਥਿਤ ਪੀਸ ਬ੍ਰਿਜ ਕਾਰਗੋ ਫ਼ੈਸੇਲਿਟੀ ‘ਚ ਇੱਕ ਟਰੈਕਟਰ ਟਰਲੇਰ ‘ਚੋਂ 2 ਕਰੋੜ ਅਮਰੀਕੀ ਡਾਲਰ ਮੁੱਲ ਦੀ ਭੰਗ ਬਰਾਮਦ ਹੋਣ ਮਗਰੋਂ ਕੈਨੇਡਾ ‘ਚ ਕੰਮ ਕਰਨ ਵਾਲੇ ਇੱਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਮਰੀਕੀ ਕਸਟਮਸ ਅਤੇ ਸਰਹੱਦ ਸੁਰੱਖਿਆ (ਸੀ.ਬੀ.ਪੀ.) ਨੇ ਕਿਹਾ ਕਿ 9,472 ਪਾਊਂਡ ਦੀ ਭੰਗ ਪਿਛਲੇ ਵੀਰਵਾਰ ਨੂੰ ਇੱਕ ਕਮਰਸ਼ੀਅਲ ਸ਼ਿਪਮੈਂਟ ‘ਚ ਲੁਕਾ ਕੇ ਰੱਖੀ ਹੋਈ ਮਿਲੀ ਸੀ।

ਏਜੰਸੀ ਨੇ ਕਿਹਾ, ”ਇਹ ਉੱਤਰੀ ਸਰਹੱਦ ‘ਤੇ ਫੜੀ ਜਾਣ ਵਾਲੀ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਅਤੇ ਅਮਰੀਕਾ ਚ ਪਿਛਲੇ ਪੰਜ ਸਾਲਾਂ ਦੌਰਾਨ ਫੜੇ ਜਾਣ ਵਾਲਾ ਨਸ਼ਿਆਂ ਦਾ ਇਹ 23ਵਾਂ ਵੱਡਾ ਮਾਮਲਾ ਹੈ।”

ਸੀ.ਬੀ.ਪੀ. ਨੇ ਡਰਾਈਵਰ ਦੀ ਪਛਾਣ 26 ਸਾਲਾਂ ਦੇ ਭਾਰਤੀ ਮੂਲ ਦੇ ਵਿਅਕਤੀ ਦੀ ਦੱਸੀ ਹੈ ਜਿਸ ਕੋਲ ਕੈਨੇਡਾ ਦੀ ਪੱਕੀ ਰੈਜ਼ੀਡੈਂਸੀ ਹੈ।

ਇਸ ਮਰਦ ਡਰਾਈਵਰ ਅਨੁਸਾਰ ਟਰੇਲਰ ‘ਚ ਸਮਾਨ ਸਟੋਰ ਕਰਨ ਵਾਲੇ ਡੱਬੇ ਲੱਦੇ ਹੋਏ ਸਨ।

”ਸ਼ੁਰੂਆਤੀ ਜਾਂਚ ਦੌਰਾਨ ਟਰੱਕ ਅੰਦਰ ਪਏ ਸਮਾਨ ‘ਤੇ ਸ਼ੱਕ ਹੋਇਆ ਜਿਸ ਕਰ ਕੇ ਟਰੱਕ ਦੀ ਟੇਲਗੇਟ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇਸ ਅੰਦਰ ਹਵਾਬੰਦੀ ਅਤੇ ਸੀਲਬੰਦ ਪੈਕਟ ਰੱਖੇ ਹੋਏ ਹਨ ਜਿਨ੍ਹਾਂ ‘ਚ ਭੰਗ ਸੀ।”

ਟਰੱਕ ਦੀ ਮੁਕੰਮਲ ਤਲਾਸ਼ੀ ਤੋਂ ਬਾਅਦ ਇਸ ‘ਚੋਂ 55 ਲੱਕੜੀ ਦੇ ਡੱਬੇ ਮਿਲੇ ਜਿਨ੍ਹਾਂ ‘ਚ ਭੰਗ ਦੇ ਹਵਾਬੰਦ ਅਤੇ ਸੀਲਬੰਦ ਪੈਕੇਟ ਸਨ।

ਪੋਰਟ ਦੇ ਡਾਇਰੈਕਟਰ ਜੈਨੀਫ਼ਰ ਡੀ ਲੇ ਓ ਨੇ ਕਿਹਾ, ”ਸ਼ੁਰੂ ਤੋਂ ਅਖ਼ੀਰ ਤਕ ਸਾਡੇ ਅਫ਼ਸਰਾਂ ਨੇ ਬਿਹਤਰੀਨ ਕਾਰਗੁਜ਼ਾਰੀ ਵਿਖਾਈ।”

”ਅਜਿਹੀ ਸ਼ਿਪਮੈਂਟ ਦੀ ਪਛਾਣ ਕਰਨਾ ਜਿਸ ਦੀ ਤਲਾਸ਼ੀ ਲਈ ਜਾਣੀ ਜ਼ਰੂਰੀ ਹੈ ਅਤੇ ਫਿਰ ਕਿਸੇ ਸ਼ੱਕੀ ਚੀਜ਼ ਨੂੰ ਲੱਭਣ ਤੋਂ ਲੈ ਕੇ ਸਾਡੇ ਹੋਮਲੈਂਡ ਸਿਕਿਉਰਿਟੀ ਜਾਂਚ (ਐਚ.ਐਸ.ਆਈ.) ਦੇ ਸਾਥੀਆਂ ਨਾਲ ਤਾਲਮੇਲ ਕਰਨ ਤਕ ਸਾਡੇ ਅਫ਼ਸਰ ਇਨ੍ਹਾਂ ਗ਼ੈਰਕਾਨੂੰਨੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਸਮਰਪਿਤ ਹਨ।”

ਡਰਾਈਵਰ ‘ਤੇ ਅਮਰੀਕਾ ‘ਚ ਭੰਗ ਦੀ ਵੰਡ ਕਰਨ ਅਤੇ ਆਯਾਤ ਕਰਨ ਦੇ ਦੋਸ਼ ਲਾਏ ਗਏ ਹਨ।