ਪੀਲ ਨੇ ਵਸਤ ਆਵਾਜਾਈ ਉਦਯੋਗ ਦੀ ਹੌਂਸਲਾ ਅਫ਼ਜ਼ਾਈ ਕੀਤੀ

Avatar photo

ਕੋਵਿਡ-19 ਦੇ ਸੰਕਟਕਾਲ ਦੌਰਾਨ ਵੀ ਆਰਥਿਕਤਾ ਨੂੰ ਰੁਕਣ ਨਾ ਦੇਣ ਲਈ ਕੈਨੇਡਾ ਦੀ ਟਰੱਕਿੰਗ ਦਾ ਧੁਰਾ ਕਹੇ ਜਾਣ ਵਾਲੇ ਪੀਲ ਖੇਤਰ ‘ਚ ਵਸਤ ਆਵਾਜਾਈ ਉਦਯੋਗ ਦੀ ਸ਼ਲਾਘਾ ਹੋ ਰਹੀ ਹੈ।

ਪੀਲ ਰੀਜਨਲ ਕੌਂਸਲ ਦੇ ਚੇਅਰਮੈਨ ਨੈਂਡੋ ਇਆਨਿਕਾ ਨੇ ਕਿਹਾ, ”ਵਸਤਾਂ ਆਵਾਜਾਈ ਅਤੇ ਟਰੱਕਿੰਗ ਪੇਸ਼ੇਵਰਾਂ ਨੇ ਮਹਾਂਮਾਰੀ ਦੌਰਾਨ ਓਂਟਾਰੀਓ ਦੇ ਲੋਕਾਂ ਦੀ ਮੱਦਦ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਹੈ।”

ਮੰਗਲਵਾਰ ਨੂੰ ਜਾਰੀ ਇੱਕ ਬਿਆਨ ‘ਚ ਉਨ੍ਹਾਂ ਕਿਹਾ, ”ਇਨ੍ਹਾਂ ਅਨਿਸ਼ਚਿਤ ਸਮਿਆਂ ‘ਚ ਤੁਸੀਂ ਸੁਰੱਖਿਅਤ ਰਹਿੰਦਿਆਂ ਇਸ ਸੰਕਟ ਨਾਲ ਨਜਿੱਠਣ ‘ਚ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਹੈ। ਪੀਲ ਰੀਜਨਲ ਕੌਂਸਲ ਵੱਲੋਂ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।”

ਇਆਨਿਕਾ ਨੇ ਇਹ ਵੀ ਕਿਹਾ ਕਿ ਸੂਬੇ ਵੱਲੋਂ ਸਮੇਂ ਸਿਰ ਡਿਲੀਵਰੀ ਪਾਬੰਦੀਆਂ ਹਟਾਉਣ ਦੀ ਕੀਤੀ ਕਾਰਵਾਈ ਅਤੇ ਹਰ ਤਰ੍ਹਾਂ ਦੇ ਕਾਰੋਬਾਰਾਂ ਨੂੰ ਵਸਤਾਂ ਦੀ ਦਿਨ ਦੇ ਕਿਸੇ ਵੀ ਸਮੇਂ ਡਿਲੀਵਰੀ ਕਰਨ ਦੀ ਇਜਾਜ਼ਤ ਦੇ ਕੇ ਸਹੀ ਫ਼ੈਸਲਾ ਕੀਤਾ ਹੈ ਜਿਸ ਨਾਲ ਮਹਾਂਮਾਰੀ ਸੰਕਟ ‘ਚ ਹਰ ਥਾਂ ਜ਼ਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਯਕੀਨੀ ਹੋ ਸਕੀ ਹੈ।

ਆਰਥਕ ਇੰਜਣ

ਟਰੱਕਿੰਗ ਉਦਯੋਗ, ਪੀਲ ਖੇਤਰ ਦੇ ਆਰਥਕ ਇੰਜਣ ਵਜੋਂ ਕੰਮ ਕਰਦਾ ਹੈ ਜਿਸ ‘ਚ ਬਰੈਂਪਟਨ, ਮਿਸੀਸਾਗਾ ਅਤੇ ਟਾਊਨ ਆਫ਼ ਕੈਲੇਡਨ ਸ਼ਾਮਲ ਹਨ।

ਹਰ ਰੋਜ਼ 68,000 ਗੱਡੀਆਂ ਪੀਲ ਦੀਆਂ ਸੜਕਾਂ ‘ਤੇ ਵਸਤਾਂ ਦੀ ਆਵਾਜਾਈ ਕਰਦੀਆਂ ਹਨ। ਅਤੇ ਹਰ ਰੋਜ਼ 1.8 ਬਿਲੀਅਨ ਡਾਲਰ ਦੀਆਂ ਵਸਤਾਂ ਪੀਲ ਤੋਂ ਅਤੇ ਇਸ ‘ਚੋਂ ਹੋ ਕੇ ਲੰਘਦੀਆਂ ਹਨ।

ਇਸ ਤੋਂ ਇਲਾਵਾ, ਹਰ 9 ‘ਚੋਂ 4 ਨੌਕਰੀਆਂ ਵਸਤਾਂ ਦੀ ਆਵਾਜਾਈ ‘ਤੇ ਹੀ ਨਿਰਭਰ ਕਰਦੀਆਂ ਹਨ।

ਆਰਥਿਕਤਾ ‘ਚ ਉਦਯੋਗ ਵੱਲੋਂ ਨਿਭਾਏ ਜਾ ਰਹੇ ਮਹੱਤਵਪੂਰਨ ਰੋਲ ਨੂੰ ਵੇਖਦਿਆਂ ਇਸ ਨੇ ਵਸਤ ਆਵਾਜਾਈ ਬਾਰੇ ਪੀਲ ਖੇਤਰ ਦੀ ਇੱਕ ਟਾਸਕ ਫ਼ੋਰਸ ਵੀ ਬਣਾਈ ਹੈ, ਜੋ ਕਿ ਪੂਰੇ ਖੇਤਰ ‘ਚ ਵਸਤਾਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਂਦੀ ਹੈ।

ਇਸ ਟਾਸਕ ਫ਼ੋਰਸ ‘ਚ ਕਈ ਟਰੱਕਿੰਗ, ਲੋਜਿਸਟਿਕਸ ਕੰਪਨੀਆਂ ਅਤੇ ਸਰਕਾਰ ਤੇ ਕਾਰੋਬਾਰੀ ਸੰਗਠਨਾਂ ਦੇ ਮੈਂਬਰ ਹਨ।

ਪੀਲ ਨੇ ਵਸਤਾਂ ਦੀ ਆਵਾਜਾਈ ਲਈ ਥੋੜ੍ਹੇ ਸਮੇਂ ਦੀ ਇੱਕ ਰਣਨੀਤਕ ਯੋਜਨਾ ਵੀ ਬਣਾਈ ਹੈ ਅਤੇ ਇਹ ਵਸਤਾਂ ਦੀ ਆਵਾਜਾਈ ਲਈ ਲੰਮੇ ਸਮੇਂ ਦੀ ਯੋਜਨਾ ਨੂੰ ਵੀ ਅੰਤਮ ਰੂਪ ਦੇ ਰਿਹਾ ਹੈ, ਜੋ ਕਿ ਖੇਤਰ ਅਨੁਸਾਰ 2041 ਤਕ ਪੀਲ ਖੇਤਰ ‘ਚ ਵਸਤਾਂ ਦੀ ਆਵਾਜਾਈ ਨੂੰ ਦਿਸ਼ਾ ਦੇਵੇਗਾ।