ਪੂਰੇ ਸੂਬੇ ‘ਚ ਸਮਾਰਟਵੇ ਪ੍ਰੋਗਰਾਮ ਦਾ ਪ੍ਰਚਾਰ ਕਰੇਗੀ ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ

Avatar photo

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ (ਐਮ.ਟੀ.ਏ.) ਨੇ ਆਪਣੀ ਸਮਾਰਟਵੇ ਪਹਿਲ ਰਾਹੀਂ ਕੁਦਰਤੀ ਸਰੋਤ ਕੈਨੇਡਾ ਨਾਲ ਸਾਂਝੇਦਾਰੀ ਕੀਤੀ ਹੈ।

ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਕਿ ਟਰੱਕਿੰਗ ਉਦਯੋਗ ‘ਚ ਵਾਤਾਵਰਣ ਹਿਤੈਸ਼ੀ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦਿੰਦਾ ਹੈ, ਨਿਰਮਾਤਾਵਾਂ, ਰਿਟੇਲਰਾਂ, ਹੋਲਸੇਲਰਾਂ ਅਤੇ ਲੋਜਿਸਟਿਕਸ ਸੇਵਾਪ੍ਰਦਾਤਾਵਾਂ ਨੂੰ ਫ਼ਿਊਲ ਦੀ ਬਚਤ ਕਰਨ ਵਾਲੇ ਕੈਰੀਅਰਸ ਨਾਲ ਜੋੜਦਾ ਹੈ। ਇਹ ਪਹਿਲ ਐਮ.ਟੀ.ਏ. ਦੀ ਵਾਤਾਵਰਣ ਹਿਤੈਸ਼ੀ ਅਤੇ ਗ੍ਰੀਨਹਾਊਸ ਗੈਸਾਂ ਘੱਟ ਕਰਨ ਦੀ ਲੰਮੇ ਸਮੇਂ ਤੋਂ ਚਲ ਰਹੀ ਮੁਹਿੰਮ ਨੂੰ ਵੀ ਅੱਗੇ ਵਧਾਉਂਦੀ ਹੈ।

ਐਮ.ਟੀ.ਏ. ਦੇ ਸੀਨੀਅਰ ਬਿਜ਼ਨੈਸ ਡਿਵੈਲਪਮੈਂਟ ਮੈਨੇਜਰ ਡੋਨ ਸਟੀਵਾਰਟ ਨੇ ਕਿਹਾ, ”ਸਮਾਰਟਵੇ ਪ੍ਰੋਗਰਾਮ ਸਾਡੇ ਉਦਯੋਗ ਮੈਂਬਰਾਂ ਦੇ ਹੱਥ ‘ਚ ਇੱਕ ਹੋਰ ਅਜਿਹਾ ਔਜ਼ਾਰ ਹੈ ਜਿਸ ਦਾ ਪ੍ਰਯੋਗ ਉਹ ਆਪਣੀ ਫ਼ਿਊਲ ਬੱਚਤ ‘ਤੇ ਨਜ਼ਰ ਰੱਖਣ ਦੇ ਨਾਲ-ਨਾਲ ਉਤਸਰਜਨ ਅਤੇ ਕੰਮਕਾਜ ਦੀਆਂ ਲਾਗਤਾਂ ਘੱਟ ਕਰਨ ਲਈ ਮੁਫ਼ਤ ‘ਚ ਪ੍ਰਯੋਗ ਕਰ ਸਕਦੇ ਹਨ। ਇਹ ਸਾਰੇ ਕੈਨੇਡੀਅਨਾਂ ਲਈ ਫ਼ਾਇਦੇ ਦਾ ਸੌਦਾ ਸਾਬਤ ਹੋਵੇਗਾ।”
ਇਹ ਮੌਕਾ ਸਿਰਫ਼ ਐਮ.ਟੀ.ਏ. ਦੇ ਮੈਂਬਰਾਂ ਲਈ ਹੀ ਨਹੀਂ ਹੋਵੇਗਾ ਬਲਕਿ ਇਸ ਪ੍ਰੋਗਰਾਮ ਨੂੰ ਉਦਯੋਗ ਦੇ ਸਾਰੇ ਹਿੱਤਧਾਰਕਾਂ ਤਕ ਮੁਹੱਈਆ ਕਰਵਾਇਆ ਜਾਵੇਗਾ। ਸਟੀਵਾਰਟ ਨੇ ਕਿਹਾ ਕਿ ਐਮ.ਟੀ.ਏ. ਇਸ ਪ੍ਰੋਗਰਾਮ ਦੇ ਵੀਡੀਉ ਅਤੇ ਲਿੰਕ ਆਪਣੀ ਵੈੱਬਸਾਈਟ ‘ਤੇ ਮੁਹੱਈਆ ਕਰਵਾਏਗਾ। ਇੱਕ ਸੋਸ਼ਲ ਮੀਡੀਆ ਮੁਹਿੰਮ, ਮਹੀਨਾਵਾਰ ਨਿਊਜ਼ਲੈਟਰ ਅਤੇ ਇੱਕ ਵਿੱਦਿਅਕ ਵੈੱਬੀਨਾਰ ਵੀ ਆਉਣ ਵਾਲੇ ਫ਼ਰਵਰੀ ਮਹੀਨੇ ‘ਚ ਚਲਾਏਗਾ।

ਸਟੀਵਾਰਟ ਨੇ ਕਿਹਾ, ”ਸਮਾਰਟਵੇ ਵਰਗੇ ਪ੍ਰੋਗਰਾਮ ਦਾ ਪ੍ਰਚਾਰ ਕਰਨ ਨਾਲ ਅਸੀਂ ਆਪਣੇ ਉਦਯੋਗਿਕ ਸਾਥੀਆਂ ‘ਚ ਅਤੇ ਸਾਰੇ ਹਿੱਤਧਾਰਕਾਂ ‘ਚ ਫ਼ਿਊਲ ਬੱਚਤ ਬਾਰੇ ਜਾਗਰੂਕਤਾ ਪੈਦਾ ਕਰ ਸਕਦੇ ਹਾਂ, ਨਾਲ ਹੀ ਉਨ੍ਹਾਂ ਵੱਲੋਂ ਜੀ.ਐਚ.ਜੀ. ਦੇ ਉਤਸਰਜਨ ‘ਚ ਕਮੀ ਲਿਆ ਸਕਦੇ ਹਾਂ। ਵੱਧ ਤੋਂ ਵੱਧ ਸਮਰੱਥ ਉਦਯੋਗ ਜ਼ਿਆਦਾ ਰੁਜ਼ਗਾਰ ਪੈਦਾ ਕਰਦਾ ਹੈ ਅਤੇ ਸਾਡੇ ਸੂਬੇ ਤੇ ਦੇਸ਼ ਦੀ ਆਰਥਿਕਤਾ ‘ਚ ਵਾਧੇ ਲਈ ਜ਼ਿਆਦਾ ਯੋਗਦਾਨ ਪਾਉਂਦਾ ਹੈ।”