ਪ੍ਰਸਾਦ ਪਾਂਡਾ ਅਲਬਰਟਾ ਦੇ ਟਰਾਂਸਪੋਰਟ ਮੰਤਰੀ ਨਿਯੁਕਤ

ਅਲਬਰਟਾ ਦੀ ਪ੍ਰੋਵਿੰਸ਼ੀਅਲ ਸਰਕਾਰ ਦੇ ਹੋਏ ਤਾਜ਼ਾ ਕੈਬਿਨੇਟ ਫ਼ੇਰਬਦਲ ’ਚ ਮੁਢਲਾ ਢਾਂਚਾ ਮੰਤਰੀ ਪ੍ਰਸਾਦ ਪਾਂਡਾ ਨੂੰ ਆਵਾਜਾਈ ਮੰਤਰੀ ਨਿਯੁਕਤ ਕੀਤਾ ਗਿਆ ਹੈ।

ਕੈਲਗਰੀ-ਐਜਮੋਂਟ ਦੀ ਪ੍ਰਤੀਨਿਧਗੀ ਕਰਨ ਵਾਲੇ ਖੇਤਰ ਤੋਂ ਲੈਜਿਸਲੇਚਰ ਮੈਂਬਰ ਪਹਿਲੀ ਵਾਰੀ 2015 ਦੀਆਂ ਜ਼ਿਮਨੀ ਚੋਣਾਂ ’ਚ ਚੁਣੇ ਗਏ ਸਨ ਅਤੇ ਪੇਸ਼ੇ ਤੋਂ ਉਹ ਇੱਕ ਇੰਜੀਨੀਅਰ ਹਨ ਜਿਨ੍ਹਾਂ ਨੇ ਤੇਲ ਅਤੇ ਗੈਸ ਖੇਤਰ ’ਚ ਕੰਮ ਕੀਤਾ ਹੈ। ਸਿਆਸਤ ’ਚ ਆਪਣੇ ਸਮੇਂ ਦੌਰਾਨ, ਉਨ੍ਹਾਂ ਨੇ ਯੂਨਾਈਟਡ ਕੰਜ਼ਰਵੇਟਿਵਜ਼ ਦੇ ਐਨਰਜੀ ਆਲੋਚਕ ਵਜੋਂ ਵੀ ਭੂਮਿਕਾ ਨਿਭਾਈ, ਅਤੇ ਉਹ ਆਰਥਕ ਵਿਕਾਸ ਅਤੇ ਟਰੇਡ ਦੇ ਸ਼ੈਡੋ ਮੰਤਰੀ ਵੀ ਰਹੇ।

Prasad Panda
(ਤਸਵੀਰ: ਯੂਨਾਈਟਡ ਕੰਜ਼ਰਵੇਟਿਵ ਕੌਕਸ)

ਪਾਂਡਾ ਵਾਈਲਡਰੋਜ਼ ਪਾਰਟੀ ਦੇ ਸ਼ੁਰੂਆਤੀ ਹਮਾਇਤੀ ਵੀ ਰਹੇ ਸਨ ਅਤੇ ਇਸ ਬੈਨਰ ਹੇਠ ਉਹ ਤਿੰਨ ਵਾਰੀ ਉਮੀਦਵਾਰ ਬਣੇ।

ਸਾਬਕਾ ਆਵਾਜਾਈ ਮੰਤਰੀ ਰਾਜਨ ਸਾਹਨੀ ਅਜਿਹੇ ਕੈਬਿਨੇਟ ਮੰਤਰੀਆਂ ’ਚੋਂ ਹਨ ਜਿਨ੍ਹਾਂ ਨੇ ਪ੍ਰੀਮੀਅਰ ਜੇਸਨ ਕੈਨੀ ਦੀ ਜਗ੍ਹਾ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦਾ ਆਗੂ ਬਣਨ ਲਈ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਲੀਡਰਸ਼ਿਪ ਸਮੀਖਿਆ ’ਚ ਜਿੱਤ ਦਰਜ ਕਰਨ ਮਗਰੋਂ ਮਈ ਦੌਰਾਨ ਕੈਨੀ ਨੇ ਐਲਾਨ ਕੀਤਾ ਸੀ ਕਿ ਉਹ ਅਸਤੀਫ਼ਾ ਦੇ ਦੇਣਗੇ।