ਪ੍ਰੋਵਿੰਸ਼ੀਅਲ ਚੋਣਾਂ ’ਚ ਜਿੱਤ ਲਈ ਓ.ਟੀ.ਏ. ਨੇ ਫ਼ੋਰਡ ਦੀ ਸ਼ਲਾਘਾ ਕੀਤੀ

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਨੇ ਪ੍ਰੀਮੀਅਰ ਡੱਗ ਫ਼ੋਰਡ ਨੂੰ ਲਗਾਤਾਰ ਦੂਜੀ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਬਹੁਮਤ ਹਾਸਲ ਕਰਨ ਲਈ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਵੱਲੋਂ ਪ੍ਰੋਵਿੰਸ ਦੇ ਟਰੱਕਿੰਗ ਉਦਯੋਗ ਨੂੰ ਕੀਤੇ ਕਈ ਵਾਅਦਿਆਂ ਦੀ ਯਾਦ ਦਿਵਾਈ ਹੈ।

2 ਜੂਨ ਨੂੰ ਓਂਟਾਰੀਓ ਚੋਣਾਂ ਦੇ ਆਏ ਨਤੀਜਿਆਂ ’ਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਪਈਆਂ ਵੋਟਾਂ ’ਚ 83 ਸੀਟਾਂ ਮਿਲੀਆਂ ਹਨ, ਜਿਸ ਤੋਂ ਬਾਅਦ ਨਿਊ ਡੈਮੋਕ੍ਰੇਟਿਕਸ ਨੂੰ 31 ਅਤੇ ਲਿਬਰਲਜ਼ ਨੂੰ ਅੱਠ ਸੀਟਾਂ ਮਿਲੀਆਂ ਹਨ।

ਓ.ਟੀ.ਏ. ਦੇ ਚੇਅਰਮੈਨ ਵੈਂਡਲ ਅਰਬ ਨੇ ਇੱਕ ਬਿਆਨ ’ਚ ਕਿਹਾ, ‘‘ਫ਼ੋਰਡ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਟਰੱਕਿੰਗ ਉਦਯੋਗ ਨਾਲ ਬਹੁਤ ਮਿਹਨਤ ਕੀਤੀ ਹੈ ਤਾਂ ਕਿ ਅਜਿਹੇ ਨਿਯਮ ਬਣਾਏ ਜਾ ਸਕਣ ਜੋ ਕਿ ਸਾਡੇ ਖੇਤਰ ਦੀ, ਮਹਾਂਮਾਰੀ ਦੌਰਾਨ ਅਤੇ ਕੋਵਿਡ ਨਾਲ ਅਸੰਬੰਧਤ ਮਾਮਲਿਆਂ ’ਚ ਵੀ ਭਰਪੂਰ ਮੱਦਦ ਕਰ ਸਕਦੇ ਹੋਣ।’’

‘‘ਅਸੀਂ ਟਰੱਕ ਡਰਾਈਵਰਾਂ ਲਈ ਪਖਾਨਿਆਂ ਤੱਕ ਪਹੁੰਚ, ਤੀਜੀ-ਧਿਰ ਪ੍ਰਮਾਣਿਤ ਈ.ਐਲ.ਡੀ. (ਇਲੈਕਟ੍ਰਾਨਿਕ ਲਾਗਿੰਗ ਡਿਵਾਇਸ), ਅਤੇ ਪੂਰੇ ਓਂਟਾਰੀਓ ’ਚ ਲੋੜੀਂਦੇ ਮੁਢਲੇ ਢਾਂਚਾ ਪ੍ਰਾਜੈਕਟਾਂ ਵਰਗੇ ਕਾਨੂੰਨ ਬਣਾਉਣ ਦੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ’ਚ ਹੋਰਨਾਂ ਤੋਂ ਇਲਾਵਾ ਬਰੈਡਫ਼ੋਰਡ ਬਾਈਪਾਸ ਅਤੇ ਹਾਈਵੇ 413 ਵੀ ਸ਼ਾਮਲ ਹਨ।’’

Ontario Premier Doug Ford
(ਫ਼ਾਈਲ ਫ਼ੋਟੋ: ਜੌਨ ਜੀ. ਸਮਿੱਥ)

ਪ੍ਰੋਵਿੰਸ਼ੀਅਲ ਸਰਕਾਰ ਦੇ ਤਾਜ਼ੇ ਬਜਟ ’ਚ ਅਗਲੇ ਦਹਾਕੇ ਦੌਰਾਨ ਹਾਈਵੇਜ਼ ’ਤੇ 25.1 ਅਰਬ ਡਾਲਰ ਖ਼ਰਚ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।

ਓ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਇੱਕ ਬਜਟ ਦਸਤਾਵੇਜ਼ ’ਚ ਕਿਹਾ, ‘‘ਹਾਈਵੇ 413 ਨਾ ਸਿਰਫ਼ ਮੁਢਲੇ ਢਾਂਚੇ ਦਾ ਇੱਕ ਬੁਨਿਆਦੀ ਟੁਕੜਾ ਹੈ, ਬਲਕਿ ਇਹ ਭਵਿੱਖ ’ਚ ਓਂਟਾਰੀਓ ਦੀ ਸਫ਼ਲਤਾ ਦਾ ਪ੍ਰਮੁੱਖ ਹਿੱਸਾ ਵੀ ਹੈ।’’

ਲਿਬਰਲ ਲੀਡਰ ਸਟੀਵਨ ਡੇਲ ਡੂਕਾ, ਜੋ ਕਿ ਇੱਕ ਵਾਰੀ ਓਂਟਾਰੀਓ ਦੇ ਆਵਾਜਾਈ ਮੰਤਰੀ ਵੀ ਰਹੇ ਹਨ, ਨੇ ਚੁਣੇ ਜਾਣ ’ਤੇ ਹਾਈਵੇ ਪ੍ਰਾਜੈਕਟ ਨੂੰ ਰੋਕਣ ਦਾ ਅਹਿਦ ਪ੍ਰਗਟਾਇਆ ਸੀ। ਉਨ੍ਹਾਂ ਦੀ ਪਾਰਟੀ ਆਪਣਾ ਪਾਰਟੀ ਹੋਣ ਦਾ ਰੁਤਬਾ ਵੀ ਬਰਕਰਾਰ ਨਹੀਂ ਰੱਖ ਸਕੀ ਅਤੇ ਉਨ੍ਹਾਂ ਨੇ ਉੱਤਰੀ ਟੋਰਾਂਟੋ ਦੇ ਵੌਨ-ਵੁੱਡਬਿ੍ਰਜ ਦੀ ਸੀਟ ਤੋਂ ਹਾਰਨ ਮਗਰੋਂ ਅਸਤੀਫ਼ਾ ਦੇ ਦਿੱਤਾ।

ਓਂਟਾਰੀਓ ਦੀ ਨਿਊ ਡੈਮੋਕ੍ਰੇਟਿਵ ਪਾਰਟੀ (ਐਨ.ਡੀ.ਪੀ.) ਨੇ ਵਾਅਦਾ ਕੀਤਾ ਸੀ ਕਿ ਉਹ ਚੁਣੇ ਜਾਣ ’ਤੇ ਨਿਜੀ ਮਲਕੀਅਤ ਵਾਲੇ ਹਾਈਵੇ 407 ਤੋਂ ਟੋਲ ਹਟਾ ਦੇਵੇਗੀ। ਐਂਡਰੀਆ ਹੋਰਵਾਥ ਨੇ ਵੀ ਆਪਣੀ ਲੀਡਰਸ਼ਿਪ ਹੇਠ ਅਧਿਕਾਰਤ ਵਿਰੋਧੀ ਧਿਰ ਪਾਰਟੀ ਦੀ ਲਗਾਤਾਰ ਚੌਥੀ ਹਾਰ ਮਗਰੋਂ ਅਸਤੀਫ਼ਾ ਦੇ ਦਿੱਤਾ ਹੈ।