ਬਾਰਡਰ ਦੀ ਘੇਰਾਬੰਦੀ ਕਰਕੇ ਟਰੱਕ ਡਰਾਈਵਰ ਫਸੇ, ਖੱਜਲ-ਖੁਆਰੀ ਵਧੀ
ਬਾਰਡਰ ਲਾਂਘਿਆਂ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਘੇਰਾਬੰਦੀ ਕਰਕੇ ਕੈਨੇਡਾ ’ਚ ਵਸਤਾਂ ਲਿਆ ਰਹੇ ਟਰੱਕ ਡਰਾਈਵਰਾਂ ਨੂੰ ਅਲਬਰਟਾ ਅਤੇ ਓਂਟਾਰੀਓ ’ਚ ਜਨਵਰੀ ਅਤੇ ਫ਼ਰਵਰੀ ਦੌਰਾਨ ਭਾਰੀ ਦੇਰੀ ਦਾ ਸਾਹਮਣਾ ਕਰਨਾ ਪਿਆ ਅਤੇ ਕੁੱਝ ਤਾਂ ਕਈ ਦਿਨਾਂ ਤੱਕ ਫਸੇ ਰਹੇ।

ਸੈਮੀ-ਟਰੱਕ, ਫ਼ੋਰ-ਵ੍ਹੀਲਰਸ ਅਤੇ ਖੇਤੀਬਾੜੀ ਦੇ ਉਪਕਰਨਾਂ ਦਾ ਇੱਕ ਕਾਫ਼ਲਾ ਜਨਵਰੀ ਦੇ ਅੰਤ ਤੋਂ ਲੈ ਕੇ ਲੇਥਬ੍ਰਿਜ, ਅਲਬਰਟਾ ਦੇ ਦੱਖਣ ’ਚ ਹਾਈਵੇ 4 ’ਤੇ ਖੜ੍ਹਿਆ ਹੋਇਆ ਹੈ।
9 ਫ਼ਰਵਰੀ ਨੂੰ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਵਿੰਡਸਰ, ਓਂਟਾਰੀਓ ’ਚ ਮੁੱਖ ਅੰਬੈਸਡਰ ਬਿ੍ਰਜ ਨੂੰ ਰੋਕੇ ਜਾਣ ਕਰਕੇ ਟਰੱਕ ਡਰਾਈਵਰਾਂ ਨੂੰ ਸਾਰਨੀਆ, ਓਂਟਾਰੀਓ ਦੇ ਬਲੂ ਵਾਟਰ ਬਿ੍ਰਜ ਰਾਹੀਂ ਕੈਨੇਡਾ ’ਚ ਦਾਖ਼ਲ ਹੋਣ ਲਈ ਕਈ ਘੰਟਿਆਂ ਤੱਕ ਕਤਾਰ ’ਚ ਲੱਗਣਾ ਪਿਆ।
ਬਾਰਡਰ ਕਰਾਸਿੰਗ ਵਿਖੇ ਆਵਾਜਾਈ ਰੋਕ ਰਹੇ ਪ੍ਰਦਰਸ਼ਨਕਾਰੀ ਓਟਾਵਾ ’ਚ ਚਲ ਰਹੇ ਪ੍ਰਦਰਸ਼ਨ ਦੇ ਹਮਾਇਤੀ ਹਨ ਜੋ ਕਿ ਕਰਾਸ-ਬਾਰਡਰ ਟਰੱਕ ਡਰਾਈਵਰਾਂ ’ਤੇ ਲਾਗੂ ਹੋਣ ਵਾਲੇ ਵੈਕਸੀਨ ਫ਼ੁਰਮਾਨ ਦੇ ਖ਼ਾਤਮੇ ਸਮੇਤ ਜਨਤਕ ਸਿਹਤ ਪਾਬੰਦੀਆਂ ਨਾਲ ਸੰਬੰਧਤ ਹੋਰ ਮੰਗਾਂ ਦੀ ਪੂਰਤੀ ਚਾਹੁੰਦੇ ਹਨ।
11 ਫ਼ਰਵਰੀ ਨੂੰ ਓਂਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ 100,000 ਡਾਲਰ ਦਾ ਜੁਰਮਾਨਾ ਅਤੇ ਇੱਕ ਸਾਲ ਦੀ ਜੇਲ੍ਹ ਦਾ ਸਾਹਮਣਾ ਕਰਨਾ ਪਵੇਗਾ।
ਫ਼ੋਰਡ ਨੇ ਓਟਾਵਾ ਦੇ ਫ਼ਰੀਡਮ ਕਾਫ਼ਲੇ ਨੂੰ ਨਾਕਾਬੰਦੀ ਕਰਾਰ ਦਿੰਦਿਆਂ ਕਿਹਾ ਕਿ ਬਾਰਡਰਾਂ, 400-ਲੜੀ ਦੇ ਹਾਈਵੇ, ਅਤੇ ਹਵਾਈ ਅੱਡਿਆਂ ਸਮੇਤ ਨਾਜ਼ੁਕ ਮੁਢਲੇ ਢਾਂਚੇ ’ਤੇ ਵਸਤਾਂ, ਲੋਕਾਂ ਅਤੇ ਸੇਵਾਵਾਂ ਦਾ ਰਾਹ ਬੰਦ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪ੍ਰੀਮੀਅਰ ਨੇ ਕਿਹਾ ਕਿ ਹੋਰ ਦੰਡਾਂ ’ਚ ਵਿਅਕਤੀਗਤ ਅਤੇ ਕਮਰਸ਼ੀਅਲ ਲਾਇਸੰਸਾਂ ਨੂੰ ਜ਼ਬਤ ਕਰਨਾ ਸ਼ਾਮਲ ਹੋਵੇਗਾ।
ਫ਼ੋਰਡ ਨੇ ਕਿਹਾ, ‘‘ਇਸ ਵੇਲੇ 99 ਫ਼ੀਸਦੀ ਟਰੱਕਰਸ ਸਾਡੇ ਟੇਬਲ ਤੱਕ ਭੋਜਨ ਪਹੁੰਚਾਉਣ ਲਈ ਕੰਮ ਕਰ ਰਹੇ ਹਨ, ਅਤੇ ਇਹ ਯਕੀਨੀ ਕਰਨ ਲਈ ਕੰਮ ਕਰ ਰਹੇ ਹਨ ਕਿ ਕਲਪੁਰਜ਼ੇ ਫ਼ੈਕਟਰੀਆਂ ਤੱਕ ਪਹੁੰਚ ਜਾਣ। ’’ ਉਨ੍ਹਾਂ ਕਿਹਾ ਕਿ ਅੰਬੈਸਡਰ ਬਿ੍ਰਜ ਨੂੰ ਜਾਮ ਕਰਨ ਵਾਲੀਆਂ ਵਿਅਕਤੀਗਤ ਗੱਡੀਆਂ ’ਚ ਸਿਰਫ਼ ਪੰਜ ਟਰੱਕ ਸ਼ਾਮਲ ਹਨ। ‘‘ਇਹ ਲੋਕ ਟਰੱਕਰਸ ਦੇ ਪ੍ਰਤੀਨਿਧੀ ਨਹੀਂ ਹਨ।’’
ਓਨਰ-ਆਪਰੇਟਰ ਲਵਪ੍ਰੀਤ ਸਿੰਘ ਮੇਨੀਟੋਬਾ ਦੇ ਸਵੀਟ ਗ੍ਰਾਸ ਪੋਰਟ ਆਫ਼ ਐਂਟਰੀ ’ਤੇ ਅਲਬਰਟਾ ਘੇਰਾਬੰਦੀ ਕਰਕੇ ਦੋ ਦਿਨਾਂ ਤੋਂ ਫਸਿਆ ਹੋਇਆ ਸੀ।

ਉਸ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ’ਚ ਵੇਖਿਆ ਗਿਆ ਜਦੋਂ ਉਹ ਕੈਨੇਡੀਅਨ ਅਥਾਰਟੀਆਂ ਅਤੇ ਕਾਨੂੰਨ ਨਿਰਮਾਤਾਵਾਂ ਨੂੰ ਅਪੀਲ ਕਰ ਰਿਹਾ ਸੀ ਕਿ ਬਾਰਡਰ ’ਤੇ ਫਸੇ ਡਰਾਈਵਰਾਂ ਨੂੰ ਉਨ੍ਹਾਂ ਦੇ ਲੋਡ ਲੈ ਕੇ ਜਾਣ ’ਚ ਮੱਦਦ ਕੀਤੀ ਜਾਵੇ।
ਜਦੋਂ ਲਵਪ੍ਰੀਤ 29 ਜਨਵਰੀ ਨੂੰ ਸ਼ਾਮ 6 ਵਜੇ ਬਾਰਡਰ ’ਤੇ ਪਹੁੰਚਿਆ ਤਾਂ 50 ਤੋਂ 70 ਟਰੱਕ ਉਡੀਕ ’ਚ ਖੜ੍ਹੇ ਸਨ। ਸਮੇਂ ਦੇ ਨਾਲ ਇਹ ਗਿਣਤੀ ਵੱਧ ਕੇ 150 ਕਮਰਸ਼ੀਅਲ ਗੱਡੀਆਂ ਹੋ ਗਈ, ਜਿਨ੍ਹਾਂ ’ਚੋਂ ਜ਼ਿਆਦਾਤਰ ਖਾਣ-ਪੀਣ ਦੇ ਰੈਫ਼ਰਿਜਰੇਟਰਾਂ ਨਾਲ ਭਰੇ ਟਰੇਲਰ ਸਨ।
ਲਵਪ੍ਰੀਤ ਕੈਲੇਫ਼ੋਰਨੀਆ ਤੋਂ ਖਾਣ-ਪੀਣ ਦੀਆਂ ਚੀਜ਼ਾਂ ਲੈ ਕੇ ਐਡਮਿੰਟਨ ਵੱਲ ਜਾ ਰਿਹਾ ਸੀ। ਉਸ ਨੇ ਕਿਹਾ ਕਿ ਟਰੱਕਰ ਪਹਿਲੀ ਰਾਤ ਤਾਂ ਠੀਕ-ਠਾਕ ਰਹੇ ਪਰ ਦੂਜੇ ਦਿਨ ਸਥਿਤੀ ਬਦਤਰ ਹੁੰਦੀ ਗਈ। ਉਸ ਨੇ ਕਿਹਾ, ‘‘150 ਟਰੱਕਰਸ ਲਈ ਸਿਰਫ਼ ਦੋ ਜਾਂ ਤਿੰਨ ਪਖਾਨੇ ਹੋਣਾ ਨਾਕਾਫ਼ੀ ਗੱਲ ਹੈ।’’

ਕਿਉਂਕਿ ਟਰੱਕਰਸ ਆਪਣੀਆਂ ਟਰਿੱਪਾਂ ਤੋਂ ਪਰਤ ਰਹੇ ਸਨ, ਉਨ੍ਹਾਂ ਕੋਲ ਭੋਜਨ, ਰਸਦ ਅਤੇ ਦਵਾਈਆਂ ਦੀ ਵੀ ਕਮੀ ਸੀ। ਜਿੱਥੇ ਉਨ੍ਹਾਂ ਨੂੰ ਰੁਕਣ ਲਈ ਮਜਬੂਰ ਹੋਣਾ ਪਿਆ ਉੱਥੋਂ 30 ਕਿੱਲੋਮੀਟਰ ਦੇ ਘੇਰੇ ’ਚ ਕੋਈ ਰੇਸਤਰਾਂ ਨਹੀਂ ਸੀ।
ਇਸੇ ਕਰਕੇ ਲਵਪ੍ਰੀਤ ਨੇ ਬਿ੍ਰਟਿਸ਼ ਕੋਲੰਬੀਆ ਦੇ ਰਸਤੇ ਨਿਕਲਣ ਦਾ ਫ਼ੈਸਲਾ ਕੀਤਾ, ਜਿਸ ਕਰਕੇ ਉਸ ਦੇ ਸਫ਼ਰ ’ਚ 300 ਮੀਲ ਅਤੇ ਪੰਜ ਤੋਂ ਛੇ ਘੰਟਿਆਂ ਦਾ ਵਾਧਾ ਹੋਇਆ। ਉਸ ਨੂੰ ਬਾਰਡਰ ਕਲੀਅਰੈਂਸ ਲਈ ਨਵੇਂ ਪੇਪਰ ਵੀ ਬਣਵਾਉਣੇ ਪਏ।
ਲਵਪ੍ਰੀਤ ਨੇ ਕਿਹਾ, ‘‘300 ਮੀਲ ਵਾਧੂ ਗੱਡੀ ਚਲਾਉਣ ਕਰਕੇ ਫ਼ਿਊਲ ਲਈ ਮੈਨੂੰ ਆਪਣੀ ਜੇਬ੍ਹ ’ਚੋਂ ਖ਼ਰਚ ਕਰਨਾ ਪਿਆ। ਇਸ ਕਰਕੇ ਮੈਨੂੰ ਹੋਰ 300 ਤੋਂ 400 ਡਾਲਰ ਦਾ ਨੁਕਸਾਨ ਹੋਇਆ।’’
ਪੂਰੀ ਤਰ੍ਹਾਂ ਵੈਕਸੀਨ ਪ੍ਰਾਪਤ ਲਵਪ੍ਰੀਤ ਨੇ ਕਿਹਾ ਕਿ ਬਾਰਡਰ ਦੀ ਘੇਰਾਬੰਦੀ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਟਰੱਕਰਸ ਨੂੰ ਹੀ ਹੋ ਰਿਹਾ ਹੈ, ‘‘ਮੈਨੂੰ ਨਹੀਂ ਪਤਾ ਕਿ ਉਹ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੁੰਦੇ ਹਨ। ਮੈਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦੀ ਆਜ਼ਾਦੀ ਚਾਹੁੰਦੇ ਹਨ, ਜਦੋਂ ਉਹ ਟਰੱਕਰਸ ਨੂੰ ਬਾਰਡਰ ’ਤੇ ਢਾਈ ਦਿਨਾਂ ਤੱਕ ਫਸਾਈ ਰੱਖ ਰਹੇ ਹਨ।’’
ਟਰੱਕਰ ਬਾਜ਼ ਗਿੱਲ ਵੀ ਦੋ-ਢਾਈ ਦਿਨਾਂ ਤੱਕ ਫਸਿਆ ਰਿਹਾ। ਉਹ ਕੇਲਿਆਂ ਨਾਲ ਭਰਿਆ ਇਕ ਰੀਫ਼ਰ ਚਲਾ ਰਿਹਾ ਸੀ। ਉਹ 31 ਜਨਵਰੀ ਨੂੰ ਘਰ ਪਰਤਿਆ। ਉਸ ਨੇ ਕਿਹਾ, ‘‘ਸਾਨੂੰ ਭੋਜਨ ਅਤੇ ਪਖਾਨੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।’’
ਮਾਂਟ੍ਰਿਆਲ, ਕਿਊਬੈੱਕ ਤੋਂ ਓਨਰ-ਆਪਰੇਟਰ ਇਸ਼ਨੇਤ ਸਿੰਘ, ਜੋ ਕਿ ਆਪਣੇ ਪੁੱਤਰ ਨਾਲ ਟੀਮ ’ਚ ਟਰੱਕ ਚਲਾਉਂਦਾ ਹੈ, ਵੀ ਅਮਰੀਕਾ ਵਾਲੇ ਪਾਸੇ ਸਾਰਨੀਆ ਲਾਂਘੇ ’ਤੇ 9 ਫ਼ਰਵਰੀ ਨੂੰ 8 ਘੰਟਿਆਂ ਤੱਕ ਫਸਿਆ ਰਿਹਾ।
ਉਹ ਬਾਰਡਰ ’ਤੇ ਸਵੇਰੇ 6 ਵਜੇ ਤੋਂ ਕਈ ਕਿਲੋਮੀਟਰ ਲੰਮੀ ਕਤਾਰ ’ਚ ਲੱਗੇ ਟਰੱਕਾਂ ਪਿੱਛੇ ਖੜ੍ਹਾ ਸੀ। ਬਾਰਡਰ ਤੱਕ ਪਹੁੰਚਣ ’ਚ ਕਈ ਘੰਟੇ ਲੱਗ ਪਏ ਅਤੇ ਉਸ ਨੇ ਦੁਪਹਿਰ 3 ਵਜੇ ਬਾਰਡਰ ਪਾਰ ਕੀਤਾ। ਰੁਕ-ਰੁਕ ਕੇ ਚੱਲ ਰਹੀ ਟ੍ਰੈਫ਼ਿਕ ’ਚ ਉਸ ਨੂੰ ਆਰਾਮ ਕਰਨ ਦਾ ਵੀ ਮੌਕਾ ਨਹੀਂ ਮਿਲਿਆ ਅਤੇ ਉਹ ਪਖਾਨੇ ਤੱਕ ਨਹੀਂ ਜਾ ਸਕਿਆ।
ਉਸ ਨੇ ਕਿਹਾ, ‘‘ਮੈਂ ਸਮਝਦਾ ਹਾਂ ਕਿ ਪ੍ਰਦਰਸ਼ਨਕਾਰੀ ਆਪਣੀ ਆਜ਼ਾਦੀ ਲਈ ਪ੍ਰਦਰਸ਼ਨ ਕਰ ਰਹੇ ਹਨ, ਪਰ ਸਾਨੂੰ ਪ੍ਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ। ਤੁਸੀਂ ਸਾਡਾ ਕੰਮ ਕਿਉਂ ਮੁਸ਼ਕਲ ਬਣਾ ਰਹੇ ਹੋ? ਅਸੀਂ ਪੂਰੀ ਤਰ੍ਹਾਂ ਵੈਕਸੀਨੇਟਡ ਹਾਂ; ਅਸੀਂ ਆਪਣੇ ਪਰਿਵਾਰਾਂ ਦੀ ਹਿਫ਼ਾਜ਼ਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਹੁਣ ਤੱਕ ਤਾਂ ਆਪਣੇ ਪਰਿਵਾਰ ਕੋਲ ਪਹੁੰਚ ਗਿਆ ਹੁੰਦਾ।’’
ਇਸ਼ਨੇਤ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਠੀਕ ਤਰ੍ਹਾਂ ਨਾ ਸੌਂ ਸਕਨ ਦੇ ਬਾਵਜੂਦ ਵੀ ਡਰਾਈਵਿੰਗ ਕਰਨੀ ਪਵੇਗੀ ਕਿਉਂਕਿ ਉਸ ਦੇ ਇੱਕ ਦਿਨ ਦੇ ਕੰਮ ਕਰਨ ਦੇ ਘੰਟੇ (ਕਾਨੂੰਨੀ ਤੌਰ ’ਤੇ) ਲੰਘ ਚੁਕੇ ਹਨ।
ਦੇਰੀ ਕਰਕੇ ਟੀਮ ਨੂੰ ਆਪਣੀ ਬਾਹਰੀ ਟਰਿੱਪ ਨੂੰ ਮੁੜ ਸੂਚੀਬੱਧ ਕਰਨਾ ਪਿਆ। ਇਸ਼ਨੀਤ ਸਿੰਘ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਸਾਡੀ ਅਗਲੀ ਟਿ੍ਰਪ ’ਤੇ ਸਾਨੂੰ ਅਮਰੀਕਾ ਪਰਤਣ ਲਈ ਹੋਰ ਕਿੰਨਾ ਸਮਾਂ ਲੱਗੇਗਾ। ਸਾਨੂੰ ਇੱਕ ਸ਼ਿਫ਼ਟ ਦਾ ਨੁਕਸਾਨ ਹੋਇਆ ਹੈ, ਜਿਸ ਦੌਰਾਨ ਅਸੀਂ 600 ਮੀਲ ਦਾ ਸਫ਼ਰ ਪੂਰਾ ਕਰ ਲੈਂਦੇ ਸੀ।’’
ਵਿੰਡਸਰ ਦੀ ਘੇਰਾਬੰਦੀ ਬਾਰੇ ਕਈ ਟਰੱਕਰਸ ਨੂੰ ਕੁੱਝ ਪਤਾ ਨਹੀਂ ਸੀ।
ਇੱਕ ਓਨਰ-ਆਪਰੇਟਰ, ਜੋ ਕਿ ਆਪਣੀ ਪਛਾਣ ਜ਼ਾਹਰ ਨਹੀਂ ਕਰਨਾ ਚਾਹੁੰਦਾ ਸੀ, ਨੇ ਕਿਹਾ ਕਿ ਉਸ ਨੇ 7 ਫ਼ਰਵਰੀ ਨੂੰ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤੱਕ ਨੌਂ ਘੰਟੇ ਅੰਬੈਸਡਰ ਬਿ੍ਰਜ ’ਤੇ ਬਿਤਾਏ। ਉਸ ਨੇ ਕਿਹਾ ਕਿ ਕਈ ਘੰਟਿਆਂ ਤੱਕ ਪਾਰਕ ਰਹਿਣ ਤੋਂ ਬਾਅਦ ਬਹੁਤ ਸਾਰੀਆਂ ਵੱਡੀਆਂ ਕਮਰਸ਼ੀਅਲ ਗੱਡੀਆਂ ਕਰਕੇ ਹੁੰਦੇ ਕੰਪਨ ਨਾਲ ਸਿਰ ਚਕਰਾਉਣ ਲੱਗ ਪੈਂਦਾ ਸੀ।
ਜਦੋਂ ਉਹ ਕੈਨੇਡਾ ’ਚ ਦਾਖ਼ਲ ਹੋਇਆ ਤਾਂ ਉਸ ਨੂੰ ਬਹੁਤ ਦੇਰ ਹੋ ਚੁੱਕੀ ਸੀ। ‘‘ਖ਼ੁਸ਼ਕਿਸਮਤੀ ਨਾਲ ਵਿੰਡਸਰ ਨੇੜੇ ਮੇਰੀ ਕੰਪਨੀ ਦਾ ਇੱਕ ਯਾਰਡ ਸੀ, ਇਸ ਲਈ ਮੈਂ ਰਾਤ ਉੱਥੇ ਗੱਡੀ ਪਾਰਕ ਕਰ ਕੇ ਬਿਤਾਈ।’’
ਪੂਰੇ ਇੱਕ ਦਿਨ ਦੇ ਕੰਮ ਦੇ ਨੁਕਸਾਨ ਤੋਂ ਬਾਅਦ ਉਹ ਅਗਲੀ ਸਵੇਰ ਘਰ ਗਿਆ ਅਤੇ 9 ਫ਼ਰਵਰੀ ਨੂੰ ਮੁੜ ਕੰਮ ’ਤੇ ਆ ਗਿਆ।
ਲੀਓ ਬਾਰੋਸ ਵੱਲੋਂ