ਬਾਰਡਰ ਨੇੜੇ ਖੁੱਲ੍ਹੀ ਟਰੱਕਾਂ ਅਤੇ ਟਰੇਲਰਾਂ ਲਈ ਨਵੀਂ ਪਾਰਕਿੰਗ

Avatar photo
ਟਾਊਨਲਾਈਨ ਪਾਰਕਿੰਗ ਹੁਣ ਮੁਕੰਮਲ ਹੋ ਗਈ ਹੈ। ਤਸਵੀਰ : ਜੋਇਲ ਬੀਜ਼ੇਅਰ

ਐਮਰਸਟਬਰਗ, ਓਂਟਾਰੀਓ ‘ਚ ਅੰਬੈਸਡਰ ਬਰਿੱਜ ਨੇੜੇ ਟਰੱਕਾਂ ਅਤੇ ਟਰੇਲਰਾਂ ਲਈ ਇੱਕ ਨਵਾਂ ਪਾਰਕਿੰਗ ਲਾਟ ਖੁੱਲ੍ਹ ਗਿਆ ਹੈ।

ਕੰਪਨੀ ਦੇ ਮਾਲਕ ਜੋਇਲ ਬੀਜ਼ੇਅਰ ਨੇ ਕਿਹਾ ਕਿ ਟਾਊਨਲਾਈਨ ਪਾਰਕਿੰਗ ਦਾ ਫ਼ੇਜ਼ 1 ਮੁਕੰਮਲ ਹੋ ਗਿਆ ਹੈ ਜਿਸ ‘ਚ 40 ਗੱਡੀਆਂ ਖੜ੍ਹੀਆਂ ਕਰਨ ਲਈ ਥਾਂ ਹੈ।

ਉਨ੍ਹਾਂ ਕਿਹਾ ਕਿ ਇਹ ਪ੍ਰਾਪਰਟੀ ਐਮਰਸਟਬਰਗ ਸ਼ਹਿਰ ਅਤੇ ਕਾਊਂਟੀ ਆਫ਼ ਐਸੈਕਸ ਵੱਲੋਂ ਟਰੱਕ ਟਰਮੀਨਲ ਵੱਜੋਂ ਪ੍ਰਯੋਗ ਲਈ ਮਨਜ਼ੂਰੀ ਪ੍ਰਾਪਤ ਹੈ।

ਇਹ ਥਾਂ ਉਸ ਇਲਾਕੇ ‘ਚ ਹੈ ਜੋ ਕਿ ਭਾਰੀ ਉਦਯੋਗਿਕ ਖੇਤਰ ਵਜੋਂ ਮਾਨਤਾ ਪ੍ਰਾਪਤ ਹੈ।

ਉਨ੍ਹਾਂ ਕਿਹਾ, ”ਇਸ ਉੱਦਮ ਨੂੰ ਅੱਗੇ ਵਧਾਉਣ ਲਈ ਐਮਰਸਟਬਰਗ ਸ਼ਹਿਰ ਅਤੇ ਵਿੰਡਸਰ ਐਸੈਕਸ-ਕਾਊਂਟੀ ਆਰਥਕ ਵਿਕਾਸ ਨਿਗਮ (ਡਬਲਿਊ.ਈ.ਈ.ਡੀ.ਸੀ.) ਕੋਲੋਂ ਸਾਨੂੰ ਭਾਰੀ ਸਮਰਥਨ ਪ੍ਰਾਪਤ ਹੋਇਆ ਹੈ, ਕਿਉਂਕਿ ਇਹ ਉਨ੍ਹਾਂ ਦੀਆਂ ਭਵਿੱਖ ਪ੍ਰਤੀ ਉਮੀਦਾਂ ਅਨੁਸਾਰ ਹੈ।”

ਉਨ੍ਹਾਂ ਕਿਹਾ ਕਿ ਕਈ ਫ਼ਲੀਟ ਇਸ ਸਾਈਟ ‘ਤੇ ਆਪਣੇ ਡਰਾਈਵਰਾਂ ਲਈ ਥਾਂ ਰਾਖਵੀਂ ਰੱਖਣਾ ਚਾਹੁੰਦੇ ਹਨ ਤਾਂ ਕਿ ਉਹ ਆਪਣਾ ਸਲੀਪਰ ਬਰਥ ਸਮਾਂ ਦਰਜ ਕਰ ਸਕਣ।

ਬੀਜ਼ੇਅਰ ਨੇ ਕਿਹਾ, ”ਇਲੈਕਟ੍ਰਾਨਿਕ ਲਾਗਸ ਦੀ ਸ਼ੁਰੂਆਤ ਤੋਂ ਬਾਅਦ, ਕਈ ਡਰਾਈਵਰਾਂ ਨੂੰ ਰੁਕਣ ਦੀ ਜਗ੍ਹਾ ਲੱਭਣ ‘ਚ ਸਮੱਸਿਆ ਪੇਸ਼ ਆ ਰਹੀ ਹੈ। ਹੁਣ ਸਾਡੇ ਕੋਲ ਟਰੱਕ ਨੂੰ ਇੱਧਰ-ਉੱਧਰ ਘੁਮਾਉਣ ਦਾ ਸਮਾਂ ਨਹੀਂ ਹੈ ਕਿਉਂਕਿ ਹਰ ਗਤੀਵਿਧੀ ਲਾਗਬੁੱਕ ‘ਚ ਦਰਜ ਹੋ ਜਾਂਦੀ ਹੈ। ਸਮਾਂ ਹੀ ਪੈਸਾ ਹੈ।”

ਇੱਥੇ ਰੁਕਣ ਲਈ ਥਾਂ ਰਾਖਵੀਂ ਕਰਨ ਦੀ ਕੀਮਤ 125 ਡਾਲਰ ਪ੍ਰਤੀ ਮਹੀਨਾ ਹੈ।

ਬੀਜ਼ੇਅਰ ਨੇ ਕਿਹਾ ਕਿ ਟਾਊਨਲਾਈਨ ਪਾਰਕਿੰਗ ਕੋਲ 200 ਸਪਾਟ ਬਣਾਉਣ ਦੀ ਮਨਜ਼ੂਰੀ ਹੈ।

”ਇਹ ਇੱਕ ਵੱਡੀ ਪ੍ਰਾਪਰਟੀ ਦਾ ਛੋਟਾ ਜਿਹਾ ਹਿੱਸਾ ਹੈ। ਅਸਲ ਸੁਪਨਾ ਇਸ ਨੂੰ ਇੱਕ ਟਰੱਕ ਮੌਲ ਬਣਾਉਣ ਦਾ ਹੈ।”