ਬੀ.ਐਫ਼. ਗੁੱਡਰਿਚ ਨੇ ਪੇਸ਼ ਕੀਤੇ ਰੂਟ ਕੰਟਰੋਲ ਰੀਜਨਲ ਟਾਇਰ

Avatar photo
ਮਿਸ਼ੈਲਿਨ ਦਾ ਦਾਅਵਾ ਹੈ ਕਿ ਰੀਜਨਲ ਹੌਲ ਟਾਇਰ ਹੁਣ ਲੋਂਗ ਹੌਲ ਟਾਇਰਾਂ ਤੋਂ ਵੀ ਜ਼ਿਆਦਾ ਮੰਗ ‘ਚ ਹਨ। (ਤਸਵੀਰ : ਬੀ.ਐਫ਼. ਗੁੱਡਰਿਚ)

ਰੀਜਨਲ ਹੌਲ ਅਤੇ ਅਰਬਨ ਡਿਲੀਵਰੀ ਟਾਇਰਾਂ ਦੀ ਵਧੀ ਹੋਈ ਮੰਗ ਨੂੰ ਧਿਆਨ ‘ਚ ਰੱਖਦਿਆਂ ਬੀ.ਐਫ. ਗੁੱਡਰਿਚ ਨੇ ਆਪਣੇ ਦੋ ਨਵੇਂ ਰੀਜਨਲ ਟਾਇਰ ਬਾਜ਼ਾਰ ‘ਚ ਲਿਆਂਦੇ ਹਨ।

ਹੁਣ ਡਰਾਈਵਰ ਪੁਜੀਸ਼ਨ ਲਈ ਰੂਟ ਕੰਟਰੋਲ ਐਸ ਸਟੀਅਰ ਟਾਇਰ ਅਤੇ ਰੂਟ ਕੰਟਰੋਲ ਡੀ ਖ਼ਰੀਦੇ ਜਾ ਸਕਦੇ ਹਨ, ਜੋ ਕਿ ਬਿਹਤਰ ਟਰੈਕਸ਼ਨ ਅਤੇ ਲੰਮੇ ਟ੍ਰੈੱਡ ਜੀਵਨਕਾਲ ਦਾ ਵਾਅਦਾ ਕਰਦੇ ਹਨ।

ਪ੍ਰੈੱਸ ਸਾਹਮਣੇ ਟਾਇਰਾਂ ਦੀ ਜਾਣ-ਪਛਾਣ ਕਰਵਾਉਂਦਿਆਂ ਪੇਰੈਂਟ ਕੰਪਨੀ ਮਿਸ਼ੈਲਿਨ ਨਾਰਥ ਅਮਰੀਕਾ ਦੇ ਬੀ2ਬੀ ਮਾਰਕੀਟਿੰਗ ਵਾਇਸ-ਪ੍ਰੈਜ਼ੀਡੈਂਟ ਐਡਮ ਮਰਫ਼ੀ ਨੇ ਕਿਹਾ ਕਿ ਰੀਜਨਲ ਹੌਲ ਮਾਰਕੀਟ ਨੇ ਲੋਂਗ-ਹੌਲ ਮਾਰਕੀਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਨੇ ਇਸ ਦਾ ਕਾਰਨ ਈ-ਕਾਮਰਸ ‘ਚ ਵਾਧੇ ਅਤੇ ਗਾਹਕਾਂ ਦੀਆਂ ਖ਼ਰੀਦਦਾਰੀ ਕਰਨ ਦੀਆਂ ਬਦਲੀਆਂ ਹੋਈਆਂ ਆਦਤਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਇੱਕ ਹੌਲ ਦੀ ਔਸਤਨ ਦੂਰੀ 800 ਮੀਲ ਤੋਂ ਘੱਟ ਕੇ 400 ਮੀਲ ਹੋ ਗਈ ਹੈ। ਇਸ ਦੌਰਾਨ, 50 ਮੀਲ ਤੋਂ ਘੱਟ ਦੂਰੀ ਤਕ ਦੀਆਂ ਡਿਲੀਵਰੀਆਂ ਸਾਲਾਨਾ 25% ਦੀ ਦਰ ਨਾਲ ਵੱਧ ਰਹੀਆਂ ਹਨ।

ਮਿਸ਼ੈਲਿਨ ਆਪਣੀ ਬੀ.ਐਫ਼. ਗੁੱਡਰਿਚ ਕਮਰਸ਼ੀਅਲ ਟਾਇਰਾਂ ਦੀ ਲੜੀ ‘ਚ ਲਗਾਤਾਰ ਵਾਧਾ ਕਰ ਰਹੀ ਹੈ ਅਤੇ ਇਹ ਸਾਲ ਇਸ ਬਰਾਂਡ ਦਾ ਕਾਰੋਬਾਰ ‘ਚ 150ਵਾਂ ਸਾਲ ਰਿਹਾ ਹੈ।

ਰੂਟ ਕੰਟਰੋਲ ਲਾਈਨ ਦੀਆਂ ਵਿਸ਼ੇਸ਼ਤਾਵਾਂ ਵਿੱਚ ਉੱਚ-ਰਗੜ ਵਾਲੇ ਇਲਾਕਿਆਂ ‘ਚ ਬਿਹਤਰ ਕਾਰਗੁਜ਼ਾਰੀ ਲਈ ਉੱਨਤ ਕੰਪਾਊਂਡਿੰਗ, ਮਜ਼ਬੂਤ ਸਾਈਡਵਾਲ ਜੋ ਕਿ ਝਟਕਿਆਂ ਦੇ ਅਸਰ ਨੂੰ ਆਸਾਨੀ ਨਾਲ ਸਹਿ ਸਕਦੀ ਹੈ ਅਤੇ ਬਿਹਤਰੀਨ ਰੀਟ੍ਰੈੱਡ ਸਮਰਥਾ ਸ਼ਾਮਲ ਹੈ।

ਰੂਟ ਕੰਟਰੋਲ ਐਸ ਸਟੀਅਰ ਟਾਇਰ ਸਮਾਰਟਵੇ ਤੋਂ ਤਸਦੀਕਸ਼ੁਦਾ ਹੈ ਅਤੇ ਇਹ ਬੀ.ਐਫ਼. ਗੁੱਡਰਿਚ ਐਸ.ਟੀ. 230 ਦੀ ਥਾਂ ਲਵੇਗਾ। ਅਣਸਾਵੀਂ ਰਗੜ ਤੋਂ ਬਚਣ ਲਈ ਇਸ ‘ਚ ਅਨੁਕੂਲਿਤ ਮਾਈਕ੍ਰੋਸਾਈਪਿੰਗ ਅਤੇ ਪਾਣੀ ਦੀ ਬਿਹਤਰ ਨਿਕਾਸੀ ਅਤੇ ਗਰਿੱਪ ਲਈ ਝਰੀਆਂ ਨੂੰ ਪੇਸ਼ ਕੀਤਾ ਗਿਆ ਹੈ।

ਰੂਟ ਕੰਟਰੋਲ ਡੀ (ਤਸਵੀਰ : ਬੀ.ਐਫ਼. ਗੁੱਡਰਿਚ)

ਰੂਟ ਕੰਟਰੋਲ ਡੀ ਡਰਾਈਵ ਟਾਇਰ ਦੀਆਂ ਵਿਸ਼ੇਸ਼ਤਾਵਾਂ ‘ਚ ਖੁੱਲ੍ਹੇ ਫੈਲਾਅ ਵਾਲਾ, ਦਿਸ਼ਾਈ ਟ੍ਰੈੱਡ ਪੈਟਰਨ ਸ਼ਾਮਲ ਹੈ ਜੋ ਕਿ ਹਰ ਮੌਸਮ ‘ਚ ਸੜਕ ‘ਤੇ ਬਿਹਤਰ ਪਕੜ ਪ੍ਰਦਾਨ ਕਰਦਾ ਹੈ। ਮਰਫ਼ੀ ਨੇ ਕਿਹਾ ਕਿ ਰੂਟ ਕੰਟਰੋਲ ਡੀ ਗਿੱਲੇਪਣ ‘ਚ ਵੀ ਆਪਣੇ ਮੁਕਾਬਲੇਜ਼ਾਂ ਤੋਂ ਬਿਹਤਰ ਪਕੜ ਦਿੰਦਾ ਹੈ ਅਤੇ ਸਟਾਰਟਿੰਗ ਗਰਿੱਪ ‘ਚ ਵੀ 10% ਵਾਧਾ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਬਰਫ਼ ‘ਚ ਇਹ ਟਾਇਰ ਆਪਣੇ ਹੋਰਨਾਂ ਮੁਕਾਬਲੇਬਾਜ਼ ਟਾਇਰਾਂ ਤੋਂ 13% ਬਿਹਤਰ ਪਕੜ ਦਿੰਦੇ ਹਨ ਅਤੇ ਇਨ੍ਹਾਂ ਦਾਅਵਿਆਂ ਦਾ ਸਮਰਥਨ ਛੇ ਮਹੀਨੇ ਤਕ ਸੜਕਾਂ ‘ਤੇ ਕੀਤੀ ਇਨ੍ਹਾਂ ਦੀ ਸਖ਼ਤ ਪਰਖ ਵੀ ਕਰਦੀ ਹੈ। ਜੋ ਗਾਹਕ ਇਸ ਟਾਇਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੋਣਗੇ ਉਨ੍ਹਾਂ ਨੂੰ ਟਾਇਰ ਦੀ ਕੀਮਤ ਦਾ 50% ਹਿੱਸਾ ਵਾਪਸ ਮੋੜ ਦਿੱਤਾ ਜਾਵੇਗਾ।

ਕੰਪਨੀ ਇਸ ਟਾਇਰ ਲਈ ਪੰਜ ਸਾਲ ਅਤੇ ਦੋ ਟ੍ਰੈੱਡ ਲਈ ਗਾਰੰਟੀ ਵੀ ਦਿੰਦੀ ਹੈ।

ਰੂਟ ਕੰਟਰੋਲ ਸਟੀਅਰ ਟਾਇਰ ਹੁਣ 11R22.5, 11R24.5,  275/80R22.5 ਅਤੇ 285/75R24.5 ਦੇ ਆਕਾਰਾਂ ‘ਚ ਮੌਜੂਦ ਹੋਣਗੇ ਅਤੇ 255/70R22.5 (ਲੋਂਗ ਰੇਂਜ ਐਚ) ਤੀਜੀ ਤਿਮਾਹੀ ‘ਚ ਬਾਜ਼ਾਰ ‘ਚ ਆਵੇਗਾ। ਕੰਪਨੀ ਨੇ ਐਲਾਨ ਕੀਤਾ ਹੈ ਕਿ 245/70R19.5 ਆਕਾਰ ਜੋ ਕਿ ਪਹਿਲਾਂ 225/70R19.5 ਆਕਾਰ ਨਾਲ ਜਾਰੀ ਕੀਤਾ ਗਿਆ ਸੀ ਹੁਣ ਤੀਜੀ ਤਿਮਾਹੀ ‘ਚ ਆਵੇਗਾ।

ਰੂਟ ਕੰਟਰੋਲ ਡੀ ਹੁਣ 11R22.5 ਅਤੇ 11R24.5 (ਲੋਡ ਰੇਂਜ ਐਚ) ਅਤੇ 275/80R22.5 (ਲੋਡ ਰੇਂਜ ਜੀ) ਦੇ ਆਕਾਰਾਂ ‘ਚ ਮਿਲੇਗਾ। ਇਹ ਅਰਬਨ ਆਕਾਰ 275/70R19.5 ਦੇ ਆਕਾਰ ‘ਚ ਵੀ ਮੌਜੂਦ ਹੈ, ਜਦਕਿ 225/70R19.5 ਆਕਾਰ (ਲੋਡ ਰੇਂਜ ਐਚ) ਤੀਜੀ ਤਿਮਾਹੀ ‘ਚ ਆਵੇਗਾ।

ਇਹ ਟਾਇਰ ਕੈਨੇਡਾ ‘ਚ ਖ਼ਰੀਦਣ ਲਈ ਵੀ ਮੌਜੂਦ ਰਹਿਣਗੇ ਅਤੇ ਅਸਲ ‘ਚ, ਮਰਫ਼ੀ ਨੇ ਕਿਹਾ ਕਿ ਟਾਇਰ ਬਣਾਉਣ ਲਈ ਕੈਨੇਡਾ ‘ਚ ਚੱਲਣ ਵਾਲੇ ਫ਼ਲੀਟਸ ਵੱਲੋਂ ਮਿਲੀ ਜਾਣਕਾਰੀ ਮਹੱਤਵਪੂਰਨ ਰਹੀ ਹੈ।

ਉਨ੍ਹਾਂ ਕਿਹਾ, ”ਸਾਡੇ ਕੁੱਝ ਸੱਭ ਤੋਂ ਵੱਡੇ ਬੀ.ਐਫ਼. ਗੁੱਡਰਿਚ ਬਰਾਂਡ ਗਾਹਕ ਕੈਨੇਡਾ ‘ਚ ਕਾਫ਼ੀ ਵੱਡੇ ਪੱਧਰ ‘ਤੇ ਕੰਮ ਕਰਦੇ ਹਨ। ਕੈਨੇਡਾ ‘ਚ ਚੱਲਣ ਵਾਲੇ ਫ਼ਲੀਟਸ ਨੂੰ ਵਿਸ਼ੇਸ਼ ਕਰ ਕੇ ਸਖ਼ਤ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਾਨੂੰ ਕੈਨੇਡਾ ‘ਚ ਕੰਮ ਕਰਨ ਵਾਲੇ ਅਪਣੇ ਗਾਹਕਾਂ ਤੋਂ ਵੱਡਮੁੱਲੀ ਜਾਣਕਾਰੀ ਮਿਲੀ ਹੈ।”

ਕੰਪਨੀ ਨੇ ਕਿਹਾ ਕਿ ਰੂਟ ਕੰਟਰੋਲ ਲਾਈਨ ‘ਚ ਇਸ ਵੇਲੇ ਨਵਾਂ ਟਰੇਲਰ ਟਾਇਰ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ, ਹਾਲਾਂਕਿ ਸਟੀਅਰ ਟਾਇਰ ‘ਚ ਇਹ ਕੰਮ ਕਰਨ ਦੀ ਸਮਰਥਾ ਹੈ।