ਬੀ.ਸੀ. ਨੇ ਐਮ.ਈ.ਐਲ.ਟੀ. ਪ੍ਰੋਗਰਾਮ ਲਾਗੂ ਕੀਤਾ

Avatar photo

ਬੀ.ਸੀ. ਨੇ 18 ਅਕਤੂਬਰ ਨੂੰ ਆਪਣਾ ਆਈ.ਸੀ.ਬੀ.ਸੀ.-ਮਨਜ਼ੂਰਸ਼ੁਦਾ ਸ਼੍ਰੇਣੀ 1 ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਕੋਰਸ ਲਾਗੂ ਕਰ ਦਿੱਤਾ ਹੈ, ਬੀ.ਸੀ. ਟਰੱਕਿੰਗ ਐਸੋਸੀਏਸ਼ਨ (ਬੀ.ਸੀ.ਟੀ.ਏ.) ਨੇ ਆਪਣੇ ਵੱਲੋਂ ਜਾਰੀ ਇੱਕ ਬਿਆਨ ’ਚ ਇਸ ਬਾਰੇ ਐਲਾਨ ਕੀਤਾ। ਬੀ.ਸੀ. ਸ਼੍ਰੇਣੀ 1 ਡਰਾਈਵਰ ਦੇ ਲਾਇਸੰਸ ਲਈ ਅਪਲਾਈ ਕਰਨ ਵਾਲੇ ਵਿਅਕਤੀਆਂ ਲਈ ਇਹ ਕੋਰਸ ਮੁਕੰਮਲ ਕਰਨਾ ਲਾਜ਼ਮੀ ਹੋਵੇਗਾ।

ਇਹ ਕੋਰਸ ਸ਼੍ਰੇਣੀ 1 ਡਰਾਈਵਰਾਂ ਲਈ ਰਾਸ਼ਟਰੀ ਸੁਰੱਖਿਆ ਕੋਡ ਦੇ ਮਾਨਕਾਂ ਦੀਆਂ ਘੱਟ ਤੋਂ ਘੱਟ ਜ਼ਰੂਰਤਾਂ ਤੋਂ ਵੱਧ ਕੇ ਸਿਖਲਾਈ ਦੇਣ ਲਈ ਤਿਆਰ ਕੀਤਾ ਗਿਆ ਹੈ। ਐਮ.ਈ.ਐਲ.ਟੀ. ਦੇ ਇਸ ਪ੍ਰੋਗਰਾਮ ਹੇਠ ਕੁੱਲ 140 ਘੰਟਿਆਂ ਦੀ ਸਿਖਲਾਈ ਅਤੇ ਗੱਡੀ ਚਲਾਉਣ ਦਾ ਵੱਧ ਤਜ਼ਰਬਾ, ਯਾਰਡ ਦਾ ਜ਼ਿਆਦਾ ਤਜ਼ਰਬਾ, ਅਤੇ ਲਿਖਤੀ ਹਦਾਇਤੀ ਘੰਟੇ ਸ਼ਾਮਲ ਹੋਣਗੇ।

ਇਹ ਯਕੀਨੀ ਕਰਨ ਲਈ ਕਿ ਕਮਰਸ਼ੀਅਲ ਡਰਾਈਵਰ ਬੀ.ਸੀ. ਹਾਈਵੇ ਨੈੱਟਵਰਕ ਅਤੇ ਚੁਨੌਤੀਪੂਰਨ ਮੌਸਮ ਦੇ ਹਾਲਾਤ ਲਈ ਤਿਆਰ ਹਨ, ਕੋਰਸ ਦੇ ਪਾਠਕ੍ਰਮ ’ਚ ਪ੍ਰੋਵਿੰਸ ਦੇ ਪਹਾੜੀ ਇਲਾਕਿਆਂ ਅਤੇ ਵੰਨ-ਸੁਵੰਨੇ ਹਾਲਾਤ ਲਈ ਢੁਕਵੇਂ ਸੰਚਾਲਨ ਅਭਿਆਸ ਸ਼ਾਮਲ ਕੀਤੇ ਗਏ ਹਨ।

ਬੀ.ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੇਵ ਅਰਲ ਨੇ ਕਿਹਾ, ‘‘ਇਹ ਬੀ.ਸੀ.ਟੀ.ਏ. ਲਈ ਬਹੁਤ ਮਹੱਤਵਪੂਰਨ ਦਿਨ ਹੈ। ਅਸੀਂ ਕਈ ਸਾਲਾਂ ਤੋਂ ਕਮਰਸ਼ੀਅਲ ਆਵਾਜਾਈ ਉਦਯੋਗ ਲਈ ਉੱਚ ਅਤੇ ਟਿਕਾਊ ਮਾਨਕਾਂ ਦੀ ਵਕਾਲਤ ਕੀਤੀ ਹੈ। ਅਸੀਂ ਪ੍ਰੋਵਿੰਸ਼ੀਅਲ ਸਰਕਾਰ ਅਤੇ ਹੋਰ ਹਿੱਤਧਾਰਕਾਂ ਨਾਲ ਕੰਮ ਕਰ ਕੇ ਅਜਿਹਾ ਸਿਸਟਮ ਬਣਾ ਕੇ ਬਹੁਤ ਖ਼ੁਸ਼ ਹਾਂ, ਜੋ ਕਿ ਸੁਰੱਖਿਆ ’ਚ ਵਾਧਾ ਕਰਦਾ ਹੈ ਅਤੇ ਰੁਜ਼ਗਾਰਦਾਤਾਵਾਂ ਤੇ ਡਰਾਈਵਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਮੱਦਦ ਕਰਦਾ ਹੈ।’’

ਸਮਰੱਥ ਅਤੇ ਹੁਨਰਮੰਦ ਕਮਰਸ਼ੀਅਲ ਡਰਾਈਵਰਾਂ ਨੂੰ ਬਣਾਉਣ ਵਾਲੇ ਉੱਚ ਸਿਖਲਾਈ ਮਾਨਕਾਂ ਨੂੰ ਲਾਗੂ ਕਰਨਾ ਉਦਯੋਗ ਲਈ ਮਾਰੂ ਸਾਬਤ ਹੋ ਰਹੀ ਡਰਾਈਵਰਾਂ ਦੀ ਵਧਦੀ ਕਮੀ ਨੂੰ ਪੂਰਾ ਕਰਨ ’ਚ ਜ਼ਰੂਰੀ ਕਦਮ ਸਾਬਤ ਹੋਵੇਗਾ।

ਅਰਲ ਨੇ ਅੱਗੇ ਕਿਹਾ, ‘‘ਐਮ.ਈ.ਐਲ.ਟੀ. ਹਰ ਕਿਸੇ ਲਈ ਬਰਾਬਰ ਦੇ ਮੌਕੇ ਪੈਦਾ ਕਰੇਗਾ। ਬੀ.ਸੀ. ’ਚ ਸ਼੍ਰੇਣੀ 1 ਦੇ ਸਾਰੇ ਨਵੇਂ ਡਰਾਈਵਰਾਂ ਨੂੰ ਇਸੇ ਪੱਧਰ ਦੀ ਸਿਖਲਾਈ ਪੂਰੀ ਕਰਨੀ ਹੋਵੇਗੀ, ਜਿਸ ਨਾਲ ਉਨ੍ਹਾਂ ’ਚ ਸਮਰੱਥਾ ਅਤੇ ਮੁਕਾਬਲੇਬਾਜ਼ੀ ਦੇ ਹੁਨਰ ਪੈਦਾ ਹੋ ਸਕਣ। ਇਹ ਮਾਨਕੀਕਿ੍ਰਤ ਸਿਖਲਾਈ ਸਾਡੇ ਪ੍ਰੋਵਿੰਸ ’ਚ ਯੋਗ ਡਰਾਈਵਰਾਂ ਨੂੰ ਇਸ ਕਿੱਤੇ ਨਾਲ ਆਕਰਸ਼ਿਤ ਅਤੇ ਜੁੜੇ ਰਹਿਣ ’ਚ ਮੱਦਦ ਕਰੇਗੀ, ਅਤੇ ਅਸੀਂ ਸਿਖਲਾਈ ਅਤੇ ਸਾਡੇ ਉਦਯੋਗ ਦੀਆਂ ਵਧਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫ਼ੰਡਿੰਗ ਬਾਰੇ ਬੀ.ਸੀ. ਸਰਕਾਰ ਨਾਲ ਹੋਰ ਚਰਚਾ ਲਈ ਵੀ ਆਸਵੰਦ ਹਾਂ।