ਭਖੇ ਹੋਏ ਇਲੈਕਟ੍ਰਿਕ ਵਹੀਕਲ ਦੇ ਬਾਜ਼ਾਰ ’ਚ ਊਰਜਾ ਭਰਨ ਦੀ ਕੋਸ਼ਿਸ਼ ’ਚ ਵੈਬਾਸਟੋ

ਜ਼ਿਆਦਾਤਰ ਉੱਤਰੀ ਅਮਰੀਕੀ ਟਰੱਕਰਸ ਲਈ, ਵੈਬਾਸਟੋ ਬਰਾਂਡ ਫ਼ਿਊਲ ਨਾਲ ਚੱਲਣ ਵਾਲੇ ਬੰਕ ਹੀਟਰਾਂ ਅਤੇ ਕੂਲੈਂਟ ਹੀਟਰਾਂ ਦਾ ਹੀ ਦੂਜਾ ਨਾਂ ਹੈ। ਜੋ ਇਸ ਦੇ ਵਿਸਤਾਰਿਤ ਕਾਰੋਬਾਰ ਬਾਰੇ ਜਾਣਦੇ ਹਨ, ਉਹ ਆਟੋਮੋਟਿਵ ਸਨਰੂਫ਼ ਦਾ ਨਾਂ ਵੀ ਲੈ ਸਕਦੇ ਹਨ। ਪਰ ਹੁਣ ਇਹ ਕੰਪਨੀ ਆਪਣੀ ਮੁਹਾਰਤ ਇਲੈਕਟ੍ਰਿਕ ਗੱਡੀਆਂ ’ਚ ਵੀ ਦਰਸਾਉਣ ਦੀ ਇੱਛਾਵਾਨ ਹੈ।

ਤੁਸੀਂ ਫ਼ਰੇਮ ਰੇਲਸ ਅੰਦਰ 35-kWh ਬੈਟਰੀ ਪੈਕਸ ਦੇ ਰੂਪ ’ਚ ਇਸ ਦੇ ਕੰਮ ਕਰ ਰਹੇ ਪੁਰਜ਼ੇ ਜ਼ੂਸ ਵਰਕ ਟਰੱਕਾਂ ਦੇ ਪ੍ਰੀ-ਪ੍ਰੋਡਕਸ਼ਨ ਮਾਡਲਾਂ ’ਚ ਹੁਣੇ ਵੇਖ ਸਕਦੇ ਹੋ।

ਵੈਬਾਸਟੋ ਥਰਮੋ ਅਤੇ ਕੰਫ਼ਰਟ – ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਟੇਲਰ ਹੈਨਸਨ ਨੇ ਕਿਹਾ, ‘‘ਹਰ ਪੈਕ ਦਾ ਆਪਣਾ ਵੱਖਰਾ ਬੈਟਰੀ ਮੈਨੇਜਮੈਂਟ ਸਿਸਟਮ ਹੁੰਦਾ ਹੈ। ਇਸ ਲਈ ਇਹ ਵੋਲਟੇਜ ਦੀ ਨਿਗਰਾਨੀ ਕਰਦਾ ਰਹਿੰਦਾ ਹੈ। ਇਹ ਬੈਟਰੀ ਦੀ ਮੌਜੂਦਾ ਸਿਹਤ ਤੇ ਚਾਰਜ ਦੀ ਸਥਿਤੀ ਦੀ ਨਿਗਰਾਨੀ ਕਰਦਾ ਰਹਿੰਦਾ ਹੈ।’’

38x27x12 ਇੰਚ ਦੇ ਆਕਾਰ ਵਾਲਾ ਵਿਸਤਾਰਯੋਗ ਬੈਟਰੀ ਸਿਸਟਮ ਊਰਜਾ ਦੇ ਇਸ ਸਰੋਤ ਦੀ ਚੋਣ ਕਰਨ ਵਾਲੇ ਕਮਰਸ਼ੀਅਲ ਵਹੀਕਲ ਨਿਰਮਾਤਾਵਾਂ ਲਈ ਜ਼ਿਆਦਾ ਮਾਊਂਟਿੰਗ ਵਿਕਲਪ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਏਕੀਕ੍ਰਿਤ ਪੰਪ ਵੀ ਪਲੱਗ-ਐਂਡ-ਪਲੇ ਡਿਜ਼ਾਈਨ ਦਾ ਸਮਰਥਨ ਕਰਦੇ ਹਨ।

Webasto CB battery system
(Illustration: Webasto)

ਹੈਨਸਨ ਨੇ ਦੱਸਦਿਆਂ ਕਿਹਾ, ‘‘ਤੁਸੀਂ ਇਸ ਨੂੰ ਇੱਧਰ-ਉਧਰ ਲਿਜਾ ਸਕਦੇ ਹੋ। ਕਈ ਮੰਜ਼ਿਲਾਂ ਤੱਕ ਇੱਕ ਦੇ ਉੱਪਰ ਦੂਜਾ ਟਿਕਾ ਸਕਦੇ ਹੋ ਜਾਂ ਇਨ੍ਹਾਂ ਨੂੰ ਪੂਰੇ ਟਰੱਕ ’ਚ ਫੈਲਾ ਸਕਦੇ ਹੋ। ਜੇਕਰ ਉਹ ਇੱਕ ਤਿਆਰ-ਬਰ-ਤਿਆਰ ਚੀਜ਼ ਚਾਹੁੰਦੇ ਹਨ ਤਾਂ ਇਹ ਇੱਕ ਚੰਗਾ ਹੱਲ ਹੋਵੇਗਾ।’’

ਇਨ੍ਹਾਂ ਦਾ ਪ੍ਰਯੋਗ ਟਰੇਲਰਾਂ ’ਚ ਵੀ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਰਾਹੀਂ ਗੱਡੀਆਂ ਹੇਠਾਂ ਲਾ ਕੇ ਇਲੈਕਟ੍ਰਿਕ ਰੈਫ਼ਰੀਜਿਰੇਸ਼ਨ ਸਿਸਟਮ ਨੂੰ ਚਲਾਇਆ ਜਾਂਦਾ ਹੈ।

ਪਹਿਲਾਂ ਤੋਂ ਮੌਜੂਦ ਥਰਮਲ ਮੈਨੇਜਮੈਂਟ ਯੂਨਿਟ ਦੀ ਬਦੌਲਤ, ਹੀਟਿੰਗ ਅਤੇ ਕੂਲਿੰਗ ’ਚ ਕੰਪਨੀ ਦੀ ਮੁਹਾਰਤ ਦਾ ਵੀ ਅਸਰ ਪੈਂਦਾ ਹੈ। ਸਰਦ ਤਾਪਮਾਨ ਦੌਰਾਨ ਇਸ ਦੀ ਗਰਮੀ ਕੰਮ ਆਉਂਦੀ ਹੈ ਅਤੇ ਤਾਪਮਾਨ ਵਧਣ ’ਤੇ ਕੂਲਿੰਗ ਨਾਲ ਹਾਲਾਤ ਕਾਬੂ ਹੇਠ ਰਹਿੰਦੇ ਹਨ। ਪਰ ਇਹ ਇਕਾਈ ਚਾਰਜਿੰਗ ਦੌਰਾਨ ਵੀ ਬੈਟਰੀਆਂ ਨੂੰ ਪੂਰਵਅਨੁਕੂਲਿਤ ਰਖਦੀ ਹੈ, ਅਤੇ ਡਰਾਈਵਿੰਗ ਦੌਰਾਨ ਹਰ ਵੇਲੇ ਤਾਪਮਾਨ ਨੂੰ ਸਮਾਯੋਜਿਤ ਰਖਦੀ ਹੈ।

ਇਹੀ ਕਾਰਕ ਹਨ ਜੋ ਵਾਅਦੇ ਅਨੁਸਾਰ 3,000-ਚੱਕਰਾਂ ਦਾ ਜੀਵਨਕਾਲ ਪ੍ਰਦਾਨ ਕਰਦੇ ਹਨ।

ਇਲੈਕਟ੍ਰਿਕ ਗੱਡੀਆਂ ਦੇ ਮੈਦਾਨ ’ਚ ਵੈਬਾਸਟੋ ਨੇ 2010 ’ਚ ਕੁੱਝ ਹਾਈਬ੍ਰਿਡ ਅਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਗੱਡੀਆਂ ਨਾਲ ਉੱਚ-ਵੋਲਟੇਜ ਹੀਟਰ ਨਾਲ ਕਦਮ ਰਖਿਆ ਸੀ। ਇਹ ਅੱਜ ਕਰਾਈਸਲਰ ਪੈਸੇਫ਼ਿਕਾ ’ਚ ਹੈ। ਬੈਟਰੀਆਂ ਦੀ ਸ਼ੁਰੂਆਤ 2018 ’ਚ ਹੋਈ, ਜਦੋਂ ਵੈਬਾਸਟੋ ਨੇ ਏਅਰੋ ਵੀਰੋਂਮੈਂਟ ਤੋਂ ਚਾਰਜਿੰਗ ਕਾਰੋਬਾਰ ਖ਼ਰੀਦ ਲਿਆ – ਇਸ ਕਾਰੋਬਾਰ ਨੂੰ ਸਵਿੱਚਏਬਲ ਡਰੋਨਾਂ ਦੇ ਉਤਪਾਦਨ ਲਈ ਵੀ ਜਾਣਿਆ ਜਾਂਦਾ ਹੈ।

ਕੁੱਲ ਮਿਲਾ ਕੇ, ਟੇਲਰ ਨੇ ਕਿਹਾ ਕਿ ਉਨ੍ਹਾਂ ਦੀ ਪੇਸ਼ਕਸ਼ ਇਲੈਕਟ੍ਰਿਕ ਗੱਡੀਆਂ ਦੇ ਨਿਰਮਾਤਾ ਨੂੰ ਬਾਜ਼ਾਰ ਤੱਕ ਛੇਤੀ ਪੁੱਜਣ ’ਚ ਮੱਦਦ ਕਰ ਸਕਦੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਹਰ ਤਰ੍ਹਾਂ ਦੀ ਟੂਲਿੰਗ, ਏਕੀਕਰਨ, ਹਰ ਤਰ੍ਹਾਂ ਦਾ ਸਾਫ਼ਟਵੇਅਰ, ਹਰ ਸੁਰੱਖਿਆ ਜਾਂਚ, ਕੰਪਨ ਜਾਂਚ ਪੂਰੀ ਕਰ ਲਈ ਹੈ। ਜੇਕਰ ਤੁਸੀਂ ਕਿਸੇ ਪ੍ਰਾਜੈਕਟ ਨੂੰ ਛੇਤੀ ਨੇਪਰੇ ਚਾੜ੍ਹਨਾ ਚਾਹੁੰਦੇ ਹੋ, ਮੈਨੂੰ ਲਗਦਾ ਹੈ ਕਿ ਤੁਹਾਡੀ ਮੱਦਦ ਇਸੇ ਨਾਲ ਹੋ ਸਕਦੀ ਹੈ।’’

ਕਈ ਮਾਊਂਟਿੰਗ ਵਿਕਲਪਾਂ ਨਾਲ ਵੈਬਾਸਟੋ ਆਪਣੀਆਂ ਕਮਰਸ਼ੀਅਲ ਗੱਡੀਆਂ ਦੀਆਂ ਬੈਟਰੀਆਂ ਦੇ ਲਚੀਲੇਪਨ ਵੱਲ ਇਸ਼ਾਰਾ ਕਰ ਰਿਹਾ ਹੈ। (ਤਸਵੀਰ: ਵੈਬਾਸਟੋ)