ਮਰਸੀਡੀਜ਼-ਬੈਂਜ਼ ਵੈਨਜ਼ ਨੇ ਸਪਰਿੰਟਰ ਨੂੰ ਕੀਤਾ ਅਪਡੇਟ

ਮਰਸੀਡੀਜ਼-ਬੈਂਜ਼ ਵੈਨਜ਼ ਕੈਨੇਡਾ ਨੇ ਆਪਣੇ 2023 ਮਾਡਲ ਵਰ੍ਹੇ ਦੇ ਸਪਰਿੰਟਰ ਬਾਰੇ ਵੇਰਵਾ ਨਸ਼ਰ ਕਰ ਦਿੱਤਾ ਹੈ, ਜਿਸ ’ਚ ਆਲ-ਵ੍ਹੀਲ ਡਰਾਈਵ, ਟਰਾਂਸਮਿਸ਼ਨ, ਇੰਜਣ, ਅਤੇ ਕੁਨੈਕਟੀਵਿਟੀ ਨੂੰ ਬਿਹਤਰ ਕੀਤਾ ਗਿਆ ਹੈ।

ਆਲ-ਵ੍ਹੀਲ ਡਰਾਈਵ ਸਿਸਟਮ ਬਿਲਕੁਲ ਨਵਾਂ ਹੈ, ਕਿਉਂਕਿ 9ਜੀ-ਟਰੋਨਿਕ ਟਰਾਂਸਮਿਸ਼ਨ ਅਤੇ ਚਾਰ-ਸਿਲੰਡਰ ਵਾਲਾ ਡੀਜ਼ਲ ਇੰਜਣ ਹੈ। ਗੈਸੋਲੀਨ ਵਿਕਲਪ ਵੀ ਮਿਲਦੇ ਰਹਿਣਗੇ।

2.0-ਲਿਟਰ ਓ.ਐਮ. 654 ਡੀਜ਼ਲ ਇੰਜਣ ਮਰਸੀਡੀਜ਼-ਬੈਂਜ ਪੈਸੇਂਜਰ ਕਾਰਾਂ ਨਾਲ ਮਿਲੇਗਾ, ਅਤੇ ਸਪਰਿੰਟਰ ਚਾਰ-ਸਿਲੰਡਰ ਲਾਈਨ ਆਫ਼ ਗੈਸ ਅਤੇ ਡੀਜ਼ਲ ਇੰਜਣ ’ਚ ਤਬਦੀਲ ਹੋ ਰਿਹਾ ਹੈ ਤਾਂ ਕਿ ਕਾਰਗੁਜ਼ਾਰੀ ਬਿਹਤਰ ਹੋ ਸਕੇ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਲਾਭਾਂ ’ਚ ਬਿਹਤਰ ਰਫ਼ਤਾਰ, ਉੱਚ ਟੌਰਕ, ਘੱਟ ਉਤਸਰਜਨ, ਅਤੇ ਘੱਟ ਸ਼ੋਰ ਤੇ ਕੰਪਨ ਪੱਧਰ ਸ਼ਾਮਲ ਹਨ। ਪਾਵਰ ਬਦਲਾਂ ’ਚ 168 ਅਤੇ 208 ਹਾਰਸਪਾਵਰ ਪੇਸ਼ਕਸ਼ਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਇੰਜਣ ਨੂੰ ਬਿਹਤਰ ਕਰਨ ਲਈ ਐਲੂਮੀਨੀਅਮ ਬਲਾਕ ਅਤੇ ਸਟੀਲ ਪਿਸਟਨ, ਇੱਕ ਸਟੈਪਡ ਰੀਸੈੱਸ ਦਹਿਨ ਪ੍ਰਕਿਰਿਆ ਅਤੇ ਨੈਨੋਸਲਾਈਡ ਸਿਲੰਡਰ ਪਰਤ ਦਾ ਪ੍ਰਯੋਗ ਕੀਤਾ ਗਿਆ ਹੈ ਤਾਂ ਕਿ ਇੰਜਣ ’ਚ ਰਗੜ ਨੂੰ ਘੱਟ ਕੀਤਾ ਜਾ ਸਕੇ।

2023 ਸਪਰਿੰਟਰ ਬਿਲਕੁਲ ਨਵੇਂ ਆਲ-ਵ੍ਹੀਲ ਡਰਾਈਵ ਸਿਸਟਮ ਨਾਲ ਮਿਲੇਗਾ, ਜੋ ਕਿ ਪੁਰਾਣੇ 4×4 ਦੀ ਥਾਂ ਲਵੇਗਾ। (ਤਸਵੀਰ: ਮਰਸੀਡੀਜ਼ ਬੈਂਜ਼)

ਨਵਾਂ 9ਜੀ-ਟਰੋਨਿਕ 9-ਸਪੀਡ ਟਰਾਂਸਮਿਸ਼ਨ ਮਾਨਕ ਹੋਵੇਗਾ। ਮਰਸੀਡੀਜ਼ ਨੇ ਕਿਹਾ ਕਿ ਟਰਾਂਸਮਿਸ਼ਨ ਨਾਲ ਫ਼ਿਊਲ ਦੀ ਬੱਚਤ ਹੁੰਦੀ ਹੈ, ਉਤਸਰਜਨ ਘਟਦਾ ਹੈ ਅਤੇ ਸ਼ੋਰ ਘਟਣ ਨਾਲ ਡਰਾਈਵਰ ਵੀ ਆਰਾਮਦੇਹ ਰਹਿੰਦਾ ਹੈ। ਇਸ ਨਾਲ ਗੀਅਰ ਛੇਤੀ ਕੱਢੇ ਜਾ ਸਕਦੇ ਹਨ ਅਤੇ ਕੁਲ ਮਿਲਾ ਕੇ ਉੱਚ ਗੀਅਰ ਅਨੁਪਾਤ ਪ੍ਰਾਪਤ ਹੁੰਦਾ ਹੈ। ਕੰਪਨੀ ਅਨੁਸਾਰ ਇਹ 7ਜੀ-ਟਰੋਨਿਕ ਟਰਾਂਸਮਿਸ਼ਨ ਦੀ ਅਪਗ੍ਰੇਡ ਹੈ ਅਤੇ ਮੁਕਾਬਲਤਨ, ਤੇਜ਼ ਟੇਕ-ਆਫ਼, ਜ਼ਿਆਦਾ ਗੀਅਰ, ਅਤੇ ਬਿਹਤਰ ਕਾਰਗੁਜ਼ਾਰੀ ਲਈ ਵੱਧ ਗੀਅਰ ਅਨੁਪਾਤ ਫੈਲਾਅ ਪ੍ਰਦਾਨ ਕਰਦਾ ਹੈ।

ਨਵਾਂ ਆਲ-ਵ੍ਹੀਲ ਡਰਾਈਵ ਸਿਸਟਮ ਸਪਰਿੰਟਰ ਦੀ ਪਿਛਲੀ 4×4 ਸੰਚਰਨਾ ਦੀ ਥਾਂ ਲੈਂਦਾ ਹੈ, ਜਿਸ ਨਾਲ ਵੱਧ ਪਾਵਰ, ਸਹਿਣ ਸਮਰੱਥਾ ਅਤੇ ਟੈਰੇਨ ਸਮਰਥਾਵਾਂ ਮਿਲਣਗੀਆਂ। ਏ.ਡਬਲਿਊ.ਡੀ. ਸਿਸਟਮ ਐਕਸਲਾਂ ਵਿਚਕਾਰ ਟੌਰਕ ਦੀ ਸਮਾਨ ਵੰਡ ਕਰਦਾ ਹੈ, ਜਦਕਿ 4×4 ਟੌਰਕ ਨੂੰ ਫ਼ਰੰਟ ਐਕਸਲ ’ਤੇ 35% ਅਤੇ ਪਿਛਲੇ ਐਕਸਲ ’ਤੇ 65% ਵੰਡਿਆ ਗਿਆ ਸੀ।

ਕੰਪਨੀ ਨੇ ਕਿਹਾ ਕਿ ਗਰਾਊਂਡ ਕਲੀਅਰੈਂਸ, ਅਪਰੋਚ ਐਂਗਲ, ਡੀਪਾਰਚਰ ਐਂਗਲ, ਅਤੇ ਬ੍ਰੇਕਓਵਰ ਐਂਗਲ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਮਰਸੀਡੀਜ਼ ਬੈਂਜ਼ ’ਚ ਕੁਨੈਕਟੀਵਿਟੀ ਵੀ ਬਿਹਤਰ ਕੀਤੀ ਗਈ ਹੈ, ਜਿਸ ਨਾਲ ਮਰਸੀਡੀਜ਼ ਮੀ ਕੁਨੈਕਟ ਵੀ 2023 ਸਪਰਿੰਟਰ ’ਚ ਮਿਲੇਗਾ। ਇਸ ਨਾਲ ਫ਼ਲੀਟ ਮੈਨੇਜਰਾਂ ਨੂੰ ਮੀ ਕੁਨੈਕਟ ਐਪ ਦਾ ਪ੍ਰਯੋਗ ਕਰ ਕੇ ਪ੍ਰਮੁੱਖ ਸੂਚਨਾ ਕਿਤੋਂ ਵੀ ਪ੍ਰਾਪਤ ਹੋ ਸਕੇਗੀ। ਇਸ ਦੀਆਂ ਵਿਸ਼ੇਸ਼ਤਾਵਾਂ ’ਚ ਰਿਮੋਟ ਰਾਹੀਂ ਦਰਵਾਜ਼ਾ ਬੰਦ ਕਰਨਾ ਅਤੇ ਖੋਲ੍ਹਣਾ, ਫ਼ਲੁਇਡ ਪੱਧਰ ਅਤੇ ਟਾਇਰ ਦਾ ਦਬਾਅ ਜਾਂਚਣਾ, ਅਤੇ ਵਹੀਕਲ ਸਟੇਟਸ ਅਪਡੇਟ ਪ੍ਰਾਪਤ ਕਰਨਾ ਸ਼ਾਮਲ ਹੈ। ਡਾਇਗਨੋਸਟਿਕ ਟੈਸਟ ਨੂੰ ਰਿਮੋਟ ਰਾਹੀਂ ਕੀਤਾ ਜਾ ਸਕਦਾ ਹੈ ਤਾਂ ਕਿ ਸਮੱਸਿਆਵਾਂ ਦਾ ਪਤਾ ਕੀਤਾ ਜਾ ਸਕੇ।

ਇੱਕ ਹੋਰ ਨਵੀਂ ਚੀਜ਼ ਵੈਨ ਦੇ ਪਿੱਛੇ ਲੱਗਾ ਕੈਮਰਾ ਹੈ ਜੋ ਕਿ ਪਿਛਲੇ ਦ੍ਰਿਸ਼ ਨੂੰ ਅੰਦਰੂਨੀ ਸ਼ੀਸ਼ੇ ’ਤੇ ਵਿਖਾ ਸਕਦਾ ਹੈ। ਇਸ ਨਾਲ ਡਰਾਈਵਰਾਂ ਨੂੰ ਗੱਡੀ ਦੇ ਪਿਛਲੇ ਹਿੱਸੇ ਦੀ ਸਾਫ਼ ਝਲਕ ਮਿਲ ਜਾਂਦੀ ਹੈ – ਜੋ ਕਿ ਕਾਰਗੋ ਵੈਨ ਗ੍ਰਾਹਕਾਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੈ ਜਿਨ੍ਹਾਂ ਕੋਲ ਪਿਛਲੇ ਪਾਸੇ ਦਾ ਸੀਮਤ ਜਾਂ ਕੋਈ ਦ੍ਰਿਸ਼ ਨਹੀਂ ਹੁੰਦਾ।

ਕੰਪਨੀ ਨੇ ਕਿਹਾ, ‘‘ਰੋਜ਼ਾਨਾ ਦੇ ਡਰਾਈਵਰਾਂ ਤੋਂ ਪਾਰਸਲ ਡਿਲੀਵਰੀ, ਉਸਾਰੀ ਕਾਮਿਆਂ, ਵੱਖੋ-ਵੱਖ ਅਪਲਿਫ਼ਟ ਗ੍ਰਾਹਕਾਂ ਅਤੇ ਇਨ੍ਹਾਂ ’ਚ ਆਉਣ ਵਾਲੇ ਕਈ ਤਰ੍ਹਾਂ ਦੇ ਗ੍ਰਾਹਕਾਂ ਦੀ ਪਸੰਦ ਅਨੁਸਾਰ ਇੱਕ ਸੁਵਿਵਸਥਿਤ ਪੈਕੇਜਿੰਗ ਢਾਂਚਾ ਅਤੇ ਬਿਹਤਰ ਵਿਸ਼ੇਸ਼ਤਾਵਾਂ ਪੇਸ਼ ਕਰ ਕੇ ਮਰਸੀਡੀਜ਼-ਬੈਂਜ਼ ਸਪਰਿੰਟਰ ਕਮਰਸ਼ੀਅਲ ਵਹੀਕਲ ਸੈਗਮੈਂਟ ’ਚ ਮਿਆਰ ਨੂੰ ਲਗਾਤਾਰ ਉੱਚਾ ਚੁੱਕ ਰਿਹਾ ਹੈ। ਨਵਾਂ 2023 ਸਪਰਿੰਟਰ ਸਹੂਲਤ, ਪਾਵਰ ਅਤੇ ਆਫ਼-ਰੋਡ ਸਮਰਥਾਵਾਂ ਪ੍ਰਦਾਨ ਕਰੇਗਾ ਜੋ ਕਿ ਕਿਸੇ ਵੀ ਪ੍ਰਾਜੈਕਟ ਨੂੰ ਅੱਗੇ ਲੈ ਕੇ ਜਾਣ ਲਈ ਲੋੜੀਂਦੀਆਂ ਹਨ।’’