ਮੈਕ ਟਰੱਕਸ ਨੇ ਆਪਣੇ ਵੱਲੋਂ ਬਣਾਈਆਂ ਪੀ.ਪੀ.ਈ. ਕਿੱਟਾਂ ਮੁਫ਼ਤ ਵੰਡੀਆਂ

Avatar photo
ਐਲ.ਵੀ.ਓ. ਮੁਲਾਜ਼ਮ ਵਿਲੀਅਮ ਕਲਨਿਸ (ਖੱਬੇ ਪਾਸੇ) ਅਤੇ ਕਰਨ ਅਰੋੜਾ (ਸੱਜੇ ਪਾਸੇ) ਲੇਹ  ਵੈਲੀ ਹੈਲਥ ਨੈੱਟਵਰਕ ਦੇ ਪ੍ਰਤੀਨਿਧੀ ਐਡਮ ਸੇਲਮਾਸਕਾ ਨੂੰ ਫ਼ੇਸ ਸ਼ੀਲਡ ਦਿੰਦੇ ਹੋਏ। (ਤਸਵੀਰ : ਮੈਕ ਟਰੱਕਸ)

ਮੈਕ ਟਰੱਕਸ ਨੇ ਸਥਾਨਕ ਸੰਗਠਨਾਂ ਨੂੰ 500 ਦੇ ਲਗਭਗ ਵਿਅਕਤੀਗਤ ਸੁਰੱਖਿਆ (ਪੀ.ਪੀ.ਈ.) ਕਿੱਟਾਂ ਦਾ ਨਿਰਮਾਣ ਕਰ ਕੇ ਮੁਫ਼ਤ ਵੰਡੀਆਂ ਹਨ।

ਇਨ੍ਹਾਂ ਕਿੱਟਾਂ ਦਾ ਉਤਪਾਦਨ ਕੰਪਨੀ ਦੇ ਲੇਹ ਵੈਲੀ ਓਪਰੇਸ਼ਨਜ਼ (ਐਲ.ਵੀ.ਓ.) ‘ਚ ਕੀਤਾ ਗਿਆ ਸੀ।

ਐਲ.ਵੀ.ਓ. ‘ਚ ਵਾਇਸ-ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਰਿਕਰਡ ਲੁੰਡਬਰਗ ਨੇ ਕਿਹਾ, ”ਮੈਕ ਟੀਮ ਆਪਣੀ ਸਮਰੱਥਾ ‘ਚ ਉਹ ਸਭ ਕੁੱਝ ਕਰ ਰਹੀ ਹੈ ਜਿਸ ਨਾਲ ਸਾਡੇ ਆਸਪਾਸ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ ਦੀ ਮੱਦਦ ਹੋ ਸਕੇ ਅਤੇ ਮੈਨੂੰ ਆਪਣੇ ਐਲ.ਵੀ.ਓ. ਮੁਲਾਜ਼ਮਾਂ ‘ਤੇ ਬਹੁਤ ਮਾਣ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ‘ਚ ਪੀ.ਪੀ.ਈ. ਕਿੱਟਾਂ ਦਾ ਉਤਪਾਦਨ ਕਰਨ ਲਈ ਕਮਰ ਕੱਸੀ ਹੈ। 120 ਸਾਲਾਂ ਤੋਂ ਮੈਕ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਚੁਨੌਤੀ ਸਰ ਕਰਦਾ ਆ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਣ ਪੀ.ਪੀ.ਈ. ਕਿੱਟਾਂ ਹਨ।”

ਫ਼ੇਸ ਸ਼ੀਲਡ ਹੈੱਡਬੈਂਡ ਨੂੰ ਮੈਕ ਦੇ 3ਡੀ ਪ੍ਰਿੰਟਰ ਦੀ ਮੱਦਦ ਨਾਲ ਉਸੇ ਪਲਾਂਟ ‘ਚ ਬਣਾਇਆ ਅਤੇ ਜੋੜਿਆ ਗਿਆ ਹੈ ਜਿੱਥੇ ਮੈਕ ਆਪਣੇ ਸ਼੍ਰੇਣੀ 8 ਦੇ ਟਰੱਕ ਬਣਾਉਂਦਾ ਹੈ। ਇਹ ਕਿੱਟਾਂ ਮੈਕ ਦੇ ਮੁਲਾਜ਼ਮਾਂ ਦੇ ਨਾਲ ਹੀ ਲੇਹ ਵੈਲੀ ਸਿਹਤ ਨੈੱਟਵਰਕ, ਲੇਹ ਸੈਂਟਰ, ਕਰਕਲੈਂਡ ਵਿਲੇਜ, ਵੈਸਟਮਨਿਸਟਰ ਵਿਲੇਜ ਅਤੇ ਈਸਟਨ ਹੋਮ ਨੂੰ ਵੰਡੇ ਗਏ ਹਨ। ਮੈਕ ਦਾ ਕਹਿਣਾ ਹੈ ਕਿ ਜਿਵੇਂ – ਜਿਵੇਂ ਨਵੀਆਂ ਪੀ.ਪੀ.ਈ. ਕਿੱਟਾਂ ਬਣਦੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਲੋਕਾਂ ਦੀ ਮੰਗ ਦੇ ਅਨੁਸਾਰ ਵੰਡ ਦਿੱਤਾ ਜਾਵੇਗਾ।

ਮਾਸਕ ਪਹਿਨਣ ਵਾਲੇ ਮੁਲਾਜ਼ਮਾਂ ਲਈ ਕੰਪਨੀ 3ਡੀ-ਪ੍ਰਿੰਟਡ ਈਅਰ ਗਾਰਡ ਵੀ ਬਣਾ ਰਹੀ ਹੈ।