ਮੰਜ਼ਿਲਾਂ ਨੂੰ ਉਹੀ ਨੇ ਸਰ ਕਰਦੇ ਯਾਰੋ, ਹੌਸਲੇ ਜਿਨ੍ਹਾਂ ਦੇ ਬੁਲੰਦ ਹੁੰਦੇ ਨੇ

Avatar photo
ਟਰੱਕ ਡਰਾਈਵਰ ਜਸਸਿਮਰਨ ਕੌਰ

‘ਹਿੰਮਤ-ਏ ਮਰਦਾ, ਮਦਦ-ਏ-ਖੁਦਾ’ ਕਹਾਵਤ ਨੂੰ ਝੁਠਲਾਉਂਦਿਆਂ ਜਸਸਿਮਰਨ ਕੌਰ ਕਹਿੰਦੀ ਹੈ ਕਿ ਹੁਣ ਇਸ ਨੂੰ ਬਦਲ ਕੇ ‘ਹਿੰਮਤ-ਏ ਇਨਸਾਨ, ਮਦਦ-ਏ-ਖੁਦਾ’ ਕਰ ਦੇਣਾ ਚਾਹੀਦਾ ਹੈ, ਕਿਉਂਕਿ ਪਹਿਲਾਂ ਇਹ ਕਹਾਵਤ ਸਿਰਫ ਮਰਦਾਂ ‘ਤੇ ਹੀ ਢੁੱਕਦੀ ਸੀ ਪਰ ਅੱਜ ਦੇ ਯੁੱਗ ਵਿੱਚ ਔਰਤਾਂ ਕਿਸੇ ਗੱਲੋਂ ਵੀ ਮਰਦਾਂ ਤੋਂ ਘੱਟ ਨਹੀਂ ਹਨ। ਕਿਸੇ ਵੀ ਖੇਤਰ ਵਿੱਚ ਵੇਖ ਲਵੋ, ਔਰਤਾਂ ਮਰਦਾਂ ਨਾਲੋਂ ਕਿਤੇ ਅੱਗੇ ਹਨ। ਦੂਜਾ ਜਿੱਥੇ ਸਿੱਖ ਧਰਮ ਵਿੱਚ ਸਾਡੇ ਗੁਰੂਆਂ ਨੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਹੈ ਉੱਥੇ ਔਰਤਾਂ ਨੇ ਇਸ ਕਵਾਇਤ ਨੂੰ ਕਾਇਮ ਰੱਖਦਿਆਂ ਸਮੇਂ-ਸਮੇਂ ‘ਤੇ ਮਰਦਾਂ ਨੂੰ ਹਮੇਸ਼ਾਂ ਟੱਕਰ ਦਿੱਤੀ ਹੈ। ਇਤਿਹਾਸ ਗਵਾਹ ਹੈ ਕਿ ਔਰਤਾਂ ਜਦੋਂ ਵੀ ਕਮਰਕੱਸੇ ਕਰ ਕੇ ਕਿਸੇ ਵੀ ਮੈਦਾਨ ਵਿੱਚ ਉੱਤਰੀਆਂ ਹਨ, ਗੁਰੂ ਸਾਹਿਬ ਨੇ ਉਨ੍ਹਾਂ ਨੂੰ ਫਤਿਹ ਬਖ਼ਸ਼ੀ ਹੈ।

ਸਟੂਡੈਂਟ ਵੀਜ਼ਾ ‘ਤੇ ਭਾਰਤੀ ਪੰਜਾਬ ਤੋਂ ਕੈਨੇਡਾ ਵਿੱਚ ਆਈ ਜਸਸਿਮਰਨ ਕੌਰ ਹੁਣ ਟੋਰਾਂਟੋਂ ਵਿਖੇ ਰਹਿ ਕੇ ਟਰੱਕ ਚਲਾ ਰਹੀ ਹੈ ਅਤੇ ਉਸਦੇ ਪਿਤਾ ਵੀ ਇੱਕ ਕੰਪਨੀ ਵਿੱਚ ਟਰੱਕ ਹੀ ਚਲਾਉਂਦੇ ਹਨ। ਇਸ ਬਾਰੇ ਜਸਸਿਮਰਨ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੀ ਸੀ ਅਤੇ ਸਕੂਲ ਵਿੱਚ ਪੜ੍ਹਦੀ ਸੀ ਤਾਂ ਉਸ ਵੇਲੇ ਜਦੋਂ ਉਨ੍ਹਾਂ ਦੇ ਕੈਨੇਡਾ ਜਾਂ ਅਮਰੀਕਾ ਰਹਿੰਦੇ ਰਿਸ਼ਤੇਦਾਰ ਪੰਜਾਬ ਆਉਂਦੇ ਤਾਂ ਉਨ੍ਹਾਂ ਦੀ ਸ਼ਾਨੋ-ਸ਼ੌਕਤ ਵੇਖ ਕੇ ਉਸਦੇ ਦਿਮਾਗ ਵਿੱਚ ਹਮੇਸ਼ਾ ਆਉਂਦਾ ਕਿ ਕਾਸ਼ ਕਦੇ ਉਹ ਵੀ ਕੈਨੇਡਾ ਜਾਵੇਗੀ?

ਸਾਰੇ ਰਿਸ਼ਤੇਦਾਰਾਂ ਵਿੱਚੋਂ ਟਰੱਕ ਚਲਾਉਣ ਵਾਲੇ ਰਿਸ਼ਤੇਦਾਰਾਂ ਦੀ ਸ਼ਾਨੋ-ਸ਼ੌਕਤ ਉਸਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਕਿਉਂਕਿ ਉਹ ਹਮੇਸ਼ਾ ਦਿਲ ਖੋਲ੍ਹ ਕੇ ਖਰਚ ਕਰਦੇ ਅਤੇ ਪੁੱਛਣ ‘ਤੇ ਦੱਸਦੇ ਸਨ ਕਿ ਉਹ ਮੀਆਂ-ਬੀਵੀ ਟਰੱਕ ਚਲਾਉਂਦੇ ਹਨ ਅਤੇ ਕੈਨੇਡਾ ਤੋਂ ਅਮਰੀਕਾ ਦੇ ਗੇੜੇ ਲਾਉਂਦੇ ਹਨ। ਇਹ ਸਭ ਗੱਲਾਂ ਸੁਣ ਕੇ ਉਸਦੇ ਦਿਲ ਵਿੱਚ ਆਉਂਦਾ ਸੀ ਕਿ ਰੱਬ ਕਰੇ ਕਿਸੇ ਤਰ੍ਹਾਂ ਉਹ ਵੀ ਕੈਨੇਡਾ ਜਾਵੇ, ਉੱਥੇ ਟਰੱਕ ਚਲਾਵੇ ਤੇ ਇਸੇ ਤਰ੍ਹਾਂ ਦੀ ਜ਼ਿੰਦਗੀ ਜੀਵੇ। ਫਿਰ ਅਜਿਹਾ ਸਮਾਂ ਆਇਆ ਕਿ ਉਸਨੇ ਆਈਲੈਟਸ ਕਲੀਅਰ ਕਰਕੇ ਚੰਗੇ ਬੈਂਡ ਲਏ ਅਤੇ ਸਟੂਡੈਂਟ ਵੀਜ਼ੇ ਤੇ ਉਹ 2015 ਵਿੱਚ ਕੈਨੇਡਾ ਪਹੁੰਚ ਗਈ।

ਮੋਹਾਕ ਕਾਲਜ ਵਿੱਚ ਉਸਨੇ ਦਾਖਲਾ ਲੈ ਲਿਆ, ਮਿਹਨਤ ਨਾਲ ਪੜ੍ਹਾਈ ਪੂਰੀ ਕੀਤੀ ਅਤੇ ਨਾਲੋ-ਨਾਲ ਆਫਿਸ ਐਡਮਿਨਸਟ੍ਰੇਸ਼ਨ ਐਗਜੈਗਟਿਵ ਦਾ ਡਿਪਲੋਮਾ ਵੀ ਕਰ ਲਿਆ। ਫਿਰ ਵਰਕ ਪਰਮਿਟ ਮਿਲਣ ‘ਤੇ ਕੰਮ ਕਰਨ ਲੱਗੀ, ਮਾਤਾ ਪਿਤਾ ਨੂੰ ਇੱਥੇ ਸੱਦਿਆ, ਪਰ ਕੰਮ ਦੇ ਨਾਲ ਪੜ੍ਹਾਈ ਫਿਰ ਵੀ ਜਾਰੀ ਰੱਖੀ। ਸ਼ੁਰੂਆਤੀ ਦੌਰ ਵਿੱਚ ਉਸਨੇ ਕੁੱਝ ਰੈਸਟੋਰੈਂਟਾਂ ‘ਤੇ ਕੰਮ ਕੀਤਾ ਪਰ ਬਾਅਦ ‘ਚ ਬਰੈਂਪਟਨ ਵਿਖੇ ਸ਼ੌਪਰ ਡਰੱਗ ਮਾਰਟ ਦੇ ਸਟੋਰ ‘ਤੇ ਸਿਕਿਉਰਿਟੀ ਕਰਦੇ ਇੱਕ ਪੰਜਾਬੀ ਮੁੰਡੇ ਤੋਂ ਸਲਾਹ ਲੈ ਕੇ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਲੈ ਲਿਆ। ਫਿਰ ਦਿਨੇ ਕਾਲਜ ਪੜ੍ਹਨ ਜਾਣਾ ਅਤੇ ਰਾਤ ਨੂੰ ਵੱਖ-ਵੱਖ ਥਾਵਾਂ ‘ਤੇ 10-12 ਘੰਟੇ ਸਿਕਿਉਰਿਟੀ ਦੀ ਜੌਬ ਕਰਨੀ ਅਤੇ ਵੀਕਐਂਡ ‘ਤੇ ਜ਼ਿਆਦਾ ਘੰਟੇ ਲਾਉਂਣੇ। ਉਸਨੇ ਕੁੱਝ ਸਮੇਂ ਬਾਅਦ ਥ੍ਹੋੜੇ ਪੈਸੇ ਇੱਕਠੇ ਕਰ ਕੇ ਟਰੱਕ ਡਰਾਈਵਿੰਗ ਦਾ ਲਾਇਸੈਂਸ ਲੈ ਲਿਆ ਅਤੇ ਹੁਣ ਟਰੱਕਿੰਗ ਇੰਡਸਟਰੀ ਵਿੱਚ ਵਧੀਆ ਜੌਬ ਕਰ ਰਹੀ ਹੈ। ਜਸਸਿਮਰਨ ਕੌਰ ਦਾ ਕਹਿਣਾ ਹੈ ਕਿ ਉਸਦਾ ਅਗਲਾ ਨਿਸ਼ਾਨਾ ਜਹਾਜ਼ ਉਡਾਉਣ ਦਾ ਹੈ ਅਤੇ ਪਾਇਲਟ ਬਣਨ ਦਾ ਲਾਇਸੈਂਸ ਲੈ ਕੇ ਇੱਕ ਦਿਨ ਉਹ ਜ਼ਰੂਰ ਜਹਾਜ਼ ਉਡਾਉਣਾ ਚਾਹੇਗੀ।

ਉਹ ਕਹਿੰਦੀ ਹੈ ਕਿ ਉਸਨੂੰ ਟਰੱਕ ਚਲਾਉਂਦਿਆਂ ਵੇਖ ਕੇ ਬਹੁਤੇ ਲੋਕ ਮਾਣ ਮਹਿਸੂਸ ਕਰਦੇ ਹਨ ਅਤੇ ਲੋੜ ਪੈਣ ‘ਤੇ ਮੱਦਦ ਵੀ ਕਰਦੇ ਹਨ। ਹੈਰਾਨ ਕਰ ਦੇਣ ਵਾਲੀ ਗੱਲ ਇਹ ਕਿ ਉਸਨੂੰ ਹਾਈਵੇਜ਼ ‘ਤੇ ਟਰੱਕ ਚਲਾਉਂਦਿਆਂ ਵੇਖ ਕੇ ਕਾਫੀ ਲੋਕ ਜਿਨ੍ਹਾਂ ਵਿੱਚ ਵਧੇਰੇ ਗੈਰ ਪੰਜਾਬੀ ਹੁੰਦੇ ਹਨ ਉਸਨੂੰ ਸੈਲਿਊਟ ਕਰ ਕੇ ਲੰਘਦੇ ਹਨ। ਕਈ ਵਾਰ ਜਦੋਂ ਉਹ ਕਿਸੇ ਟਰੱਕ ਪਾਰਕਿੰਗ ਵਿੱਚ ਟਰੱਕ ਬੈਕ ਲਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੁੰਦੀ ਹੈ ਤਾਂ ਬਹੁਤੇ ਪੰਜਾਬੀ ਗਲਤ ਅੰਦਾਜ਼ਾ ਲਗਾ ਰਹੇ ਹੁੰਦੇ ਹਨ ਕਿ ਇਸਨੂੰ ਟਰੱਕ ਟ੍ਰੇਲਰ ਬੈਕ ਲਾਉਣ ਦਾ ਕੀ ਪਤਾ ਹੈ ਪਰ ਜਦੋਂ ਉਹ ਬੜੀ ਅਸਾਨੀ ਨਾਲ ਬਿਨਾ ਕਿਸੇ ਦੀ ਮੱਦਦ ਤੋਂ ਬੈਕ ਲਾ ਦਿੰਦੀ ਹਾਂ ਤਾਂ ਉਹ ਹੈਰਾਨ ਰਹਿ ਜਾਂਦੇ ਹਨ। ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਨਵੇਂ ਡਰਾਈਵਰ ਮੁੰਡਿਆਂ ਤੋਂ ਟਰੱਕ ਟ੍ਰੇਲਰ ਬੈਕ ਨਹੀਂ ਲੱਗਦੇ ਤਾਂ ਉਹ ਉਨ੍ਹਾਂ ਦੀ ਮੱਦਦ ਕਰਕੇ ਬੈਕ ਲਾ ਦਿੰਦੀ ਹੈ ਜਿਸ ਨਾਲ ਉਹ ਮੁੰਡੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ।

ਜਸਸਿਮਰਨ ਦਾ ਕਹਿਣਾ ਹੈ ਕਿ ਕੰਮ ਦੇ ਦੌਰਾਨ ਮਿਲਣ ਵਾਲੇ ਪੰਜਾਬੀ ਅਤੇ ਗੈਰ ਪੰਜਾਬੀ ਡਰਾਈਵਰ ਹੈਲੋ-ਹਾਏ ਕਰਨ ਦੇ ਨਾਲ-ਨਾਲ ਮੱਦਦ ਵੀ ਕਰਦੇ ਹਨ ਜਿਸ ਦੀ ਉਹ ਬਹੁਤ ਕਦਰ ਕਰਦੀ ਹੈ। ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਦੀ ਹੈ ਜਿਸ ਲਈ ਕੰਪਨੀ ਦੇ ਡਿਸਪੈਚਰ ਵੀ ਉਸ ਨੂੰ ਹੱਲਾ-ਸ਼ੇਰੀ ਦਿੰਦੇ ਹਨ। ਜਸਸਿਮਰਨ ਬੜੇ ਆਤਮ-ਵਿਸ਼ਵਾਸ਼ ਨਾਲ ਕਹਿੰਦੀ ਹੈ ਕਿ ਛੇਤੀ ਹੀ ਲੋਕ ਉਸਨੂੰ ਜਹਾਜ਼ ਉਡਾਉਂਦਿਆਂ ਵੀ ਵੇਖਣਗੇ।

ਲੇਖਕ ਬਾਰੇ:
ਹਰਜੀਤ ਬਾਜਵਾ 1993 ਤੋਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਲੰਬੇ ਸਮੇਂ ਤੋਂ ਟੋਰੰਟੋ ਦੇ ਆਸਪਾਸ ਦੇ ਇਲਾਕੇ ਦੀ ਨਿਰਪੱਖ ਰਿਪੋਰਟਿੰਗ ਕਰ ਰਹੇ ਹਨ। ਉਨ੍ਹਾਂ ਪਿਛਲੇ ਪੰਜ ਕੁ ਸਾਲਾਂ ਤੋਂ ਟਰੱਕ ਡਰਾਈਵਿੰਗ ਕਰਦੇ ਹੋਏ ਇੰਡਸਟਰੀ ਦੇ ਦਰਪੇਸ਼ ਮੁੱਦਿਆਂ ਨੂੰ ਕਾਫ਼ੀ ਕਰੀਬੀ ਨਾਲ ਦੇਖਿਆ ਹੈ। ਹਰਜੀਤ ਬਾਜਵਾ ਨਾਲ ਸੰਪਰਕ ਕਰਨ ਲਈ ਈ-ਮੇਲ ਐਡਰੈੱਸ ਹੈ harjitbajwa@gmail.com ਅਤੇ ਫੋਨ ਨੰਬਰ ਹੈ 416 970 4333