ਯੂਕਰੇਨ ਰਾਹਤ ਫ਼ੰਡ ਲਈ ਆਨਰੂਟ ਗ੍ਰਾਹਕਾਂ ਨੇ 57 ਹਜ਼ਾਰ ਡਾਲਰ ਜੁਟਾਏ

ਓਂਟਾਰੀਓ ਹਾਈਵੇਜ਼ 400 ਅਤੇ 401 ’ਤੇ 23 ਟਰੈਵਲ ਪਲਾਜ਼ਾ ਚਲਾਉਣ ਵਾਲੇ ਆਨਰੂਟ ਨੇ ਕੈਨੇਡੀਅਨ ਰੈੱਡ ਕਰਾਸ ਯੂਕਰੇਨ ਮਨੁੱਖਤਾਵਾਦੀ ਸੰਕਟ ਅਪੀਲ ਲਈ ਗ੍ਰਾਹਕਾਂ ਤੋਂ ਦਾਨ ਵਜੋਂ 57 ਹਜ਼ਾਰ ਡਾਲਰ ਇਕੱਠੇ ਕਰਨ ’ਚ ਮੱਦਦ ਕੀਤੀ ਹੈ।

Red Cross relief efforts
ਤਸਵੀਰ: ਆਈ.ਸੀ.ਆਰ.ਸੀ.

ਸੀ.ਈ.ਓ. ਮੇਲਾਨੀ ਟੀਡ-ਮਰਚ ਨੇ ਜੁਟਾਏ ਗਏ ਫ਼ੰਡਾਂ ਬਾਰੇ ਦੱਸਦਿਆਂ ਇੱਕ ਸੰਬੰਧਤ ਪ੍ਰੈੱਸ ਬਿਆਨ ’ਚ ਕਿਹਾ, ‘‘ਇੱਕ ਕੰਪਨੀ ਵਜੋਂ, ਆਨਰੂਟ ਚਾਹੁੰਦੀ ਹੈ ਕਿ ਇਸ ਮੰਦਭਾਗੇ ਟਕਰਾਅ ਤੋਂ ਪੀੜਤ ਲੋਕਾਂ ਦੀ ਉਹ ਕੁੱਝ ਮੱਦਦ ਕਰ ਸਕੇ। ਇਕੱਠਾ ਹੋ ਰਹੇ ਹਰ ਦਾਨ ਦਾ ਅਸਰ ਯੂਕਰੇਨ ਦੇ ਲੋਕਾਂ ਵੱਲੋਂ ਆਪਣੀ ਆਜ਼ਾਦੀ ਅਤੇ ਸ਼ਾਂਤੀ ਦੇ ਅਧਿਕਾਰ ਦੀ ਹਮਾਇਤ ’ਚ ਬਦਲਾਅ ਲਿਆਉਣ ਦਾ ਮੌਕਾ ਮੁਹੱਈਆ ਕਰਵਾਉਣ ’ਤੇ ਪਵੇਗਾ।’’

ਇਕੱਠੇ ਕੀਤੇ ਫ਼ੰਡਾਂ ਦਾ ਪ੍ਰਯੋਗ ਰੈੱਡ ਕਰਾਸ ਅਤੇ ਰੈੱਡ ਕਰੀਸੈਂਟ ਮੂਵਮੈਂਟ ਵੱਲੋਂ ਯੂਕਰੇਨ ’ਚ ਅਤੇ ਨੇੜਲੇ ਦੇਸ਼ਾਂ ’ਚ ਮੁਸਤੈਦੀ, ਤੁਰੰਤ ਅਤੇ ਚਲ ਰਹੇ ਰਾਹਤ ਕਾਰਜ, ਲੰਮੇ-ਸਮੇਂ ਦੀ ਰਿਕਵਰੀ, ਮੁੜ ਉਭਾਰ, ਅਤੇ ਹੋਰ ਮਨੁੱਖਤਾਵਾਦੀ ਗਤੀਵਿਧੀਆਂ ਲਈ ਮਦਦ ਪੇਸ਼ ਕਰਨ ਲਈ ਕੀਤਾ ਜਾਵੇਗਾ, ਜਦਕਿ ਵਿਸਥਾਪਿਤ ਵੱਸੋਂ ਦੀ ਮੱਦਦ ਵੀ ਕੀਤੀ ਜਾਵੇਗੀ।