ਰਾਈਡਰ ਨੇ ਕੈਨੇਡਾ ‘ਚ ਆਪਣੇ ਛੇ ਟਿਕਾਣਿਆਂ ਨੂੰ ਬੰਦ ਕੀਤਾ

Avatar photo
ਰਾਈਡਰ ਦਾ ਮੁਰੰਮਤ ਅਤੇ ਸੇਵਾ ਟਿਕਾਣਾ।

ਰਾਈਡਰ ਸਿਸਟਮ ਕੈਨੇਡਾ ‘ਚ ਸਥਿਤ ਆਪਣੇ 44 ਮੁਰੰਮਤ ਅਤੇ ਸੇਵਾ ਟਿਕਾਣਿਆਂ ‘ਚੋਂ ਛੇ ਨੂੰ 2020 ‘ਚ ਬੰਦ ਕਰ ਰਿਹਾ ਹੈ।

ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਪੁਸ਼ਟੀ ਕਰਦਿਆਂ ਕਿਹਾ, ”ਰਾਈਡਰ ਆਪਣੀ ਸਰਵਿਸ ਪ੍ਰਕਿਰਿਆ ਨੂੰ ਰਾਈਡਰ ਫ਼ਲੀਟਕੇਅਰ ਨਾਮਕ 1,000 ਤੋਂ ਵੱਧ ਕੁਆਲੀਫ਼ਾਈਡ ਮੁਰੰਮਤ ਪ੍ਰਦਾਤਾਵਾਂ ਦੇ ਨੈੱਟਵਰਕ ਰਾਹੀਂ ਜਾਰੀ ਰੱਖੇਗਾ, ਤਾਂ ਕਿ ਇਸ ਦੇ ਗ੍ਰਾਹਕਾਂ ਦੀਆਂ ਗੱਡੀਆਂ ਦੀ ਸੁਚਾਰੂ ਮੁਰੰਮਤ ਯਕੀਨੀ ਹੋ ਸਕੇ, ਭਾਵੇਂ ਉਹ ਕਿਤੇ ਵੀ ਕਿਉਂ ਨਾ ਹੋਣ।”

ਫ਼ਰਵਰੀ ਦੇ ਅੰਤ ਤਕ ਬੰਦ ਕੀਤੇ ਜਾਣ ਵਾਲੇ ਟਿਕਾਣਿਆਂ ‘ਚ ਪੋਰਟ ਕੈਲਸ, ਬੀ.ਸੀ.; ਐਡਮਿੰਟਨ, ਅਲਬਰਟਾ; ਕੈਲਗਰੀ ਨਾਰਥ, ਅਲਬਰਟਾ; ਸਸਕੈਟੂਨ, ਸਸਕੈਚਵਨ; ਸਡਬਰੀ, ਓਂਟਾਰੀਓ; ਅਤੇ ਸਰੀ, ਬੀ.ਸੀ. ਸ਼ਾਮਲ ਹਨ।

67 ਨੌਕਰੀਆਂ ਖ਼ਤਮ ਹੋਣਗੀਆਂ, ਪਰ ਰਾਈਡਰ ਦਾ ਕਹਿਣਾ ਹੈ ਕਿ ਨੌਕਰੀ ਗੁਆਉਣ ਵਾਲੇ ਆਪਣੇ ਇਨ੍ਹਾਂ ਪ੍ਰਭਾਵਤ ਮੁਲਾਜ਼ਮਾਂ ਨੂੰ ਕਿਤੇ ਹੋਰ ਨੌਕਰੀ ਦਿਵਾਉਣ ਲਈ ਉਹ ਕੰਮ ਕਰ ਰਿਹਾ ਹੈ। ਰਾਈਡਰ ਦੇ ਕੈਨੇਡਾ ‘ਚ 2,000 ਮੁਲਾਜ਼ਮ ਹਨ। ਜਿਹੜੀਆਂ ਨੌਕਰੀਆਂ ਖ਼ਤਮ ਹੋ ਰਹੀਆਂ ਹਨ ਉਨ੍ਹਾਂ ‘ਚ ਤਕਨੀਸ਼ੀਅਨ, ਕਲਰਕ, ਸੇਲਜ਼ ਪ੍ਰਤੀਨਿਧੀ, ਸੁਪਰਵਾਈਜ਼ਰ ਅਤੇ ਮੈਨੇਜਰ ਸ਼ਾਮਲ ਹਨ।