ਵੋਲਵੋ, ਡਾਇਮਲਰ, ਟਰੈਟਨ ਵਹੀਕਲ ਚਾਰਜਿੰਗ ਉੱਦਮ ਆਕਾਰ ਲੈ ਰਿਹੈ

ਵੋਲਵੋ ਗਰੁੱਪ, ਡਾਇਮਲਰ ਟਰੱਕ, ਅਤੇ ਟਰੈਟਨ ਗਰੁੱਪ ਅਧਿਕਾਰਤ ਤੌਰ ’ਤੇ ਯੂਰੋਪ ’ਚ ਇਲੈਕਟ੍ਰੀਕਲ ਵਹੀਕਲ ਚਾਰਜਿੰਗ ਮੁਢਲਾ ਢਾਂਚਾ ਸਥਾਪਤ ਕਰਨ ਲਈ ਇੱਕ ਸਾਂਝੇ ਉੱਦਮ ’ਚ ਹੱਥ ਮਿਲਾ ਰਹੇ ਹਨ।

ਸੀ.ਈ.ਓ. ਐਨਜਾ ਵੈਨ ਨੀਅਰਸੇਨ ਦੀ ਅਗਵਾਈ ’ਚ, ਇਹ ਕਾਰੋਬਾਰੀ ਉੱਦਮ ਹਾਈਵੇ ਲਾਂਘਿਆਂ ’ਤੇ ਅਤੇ ਲੋਜਿਸਟਿਕਸ ਕੇਂਦਰਾਂ ’ਚ ਘੱਟ ਤੋਂ ਘੱਟ 1,700 ਉੱਚ ਪ੍ਰਦਰਸ਼ਨ ਵਾਲੇ ਹਰਿਤ ਊਰਜਾ ਚਾਰਜਿੰਗ ਪੁਆਇੰਟ ਇੰਸਟਾਲ ਅਤੇ ਸੰਚਾਲਨ ਕਰਨ ਦਾ ਕੰਮ ਕਰੇਗਾ। ਇਸ ਉੱਦਮ ਦਾ ਐਲਾਨ ਦਸੰਬਰ 2021 ’ਚ ਕੀਤਾ ਗਿਆ ਸੀ, ਜਿਸ ਦਾ ਅਜੇ ਤੱਕ ਨਾਂ ਨਹੀਂ ਰੱਖਿਆ ਗਿਆ ਹੈ।

ਤਿੰਨੇ ਓ.ਈ.ਐਮ. ਇਸ ਪ੍ਰਾਜੈਕਟ ’ਚ 500 ਮਿਲੀਅਨ ਯੂਰੋ (ਲਗਭਗ 660 ਮਿਲੀਅਨ ਡਾਲਰ) ਲਾਉਣਗੇ, ਜਿਸ ਨੂੰ ਉਦਯੋਗ ਦੇ ਹੋਰਨਾਂ ਖਿਡਾਰੀਆਂ ਤੇ ਨੀਤੀਘਾੜਿਆਂ ਨੂੰ ਮੌਜੂਦਾ ਚਾਰਜਿੰਗ ਮੁਢਲੇ ਢਾਂਚੇ ਦਾ ਅਤੇ ਪੂਰੇ ਯੂਰੋਪ ’ਚ ਨਵਿਆਉਣਯੋਗ ਊਰਜਾ ਵਿਸਤਾਰ ਕਰਨ ਦੇ ਸੱਦੇ ਵਜੋਂ ਵੇਖਿਆ ਜਾ ਰਿਹਾ ਹੈ।

Volvo electric truck
(ਫ਼ਾਇਲ ਫ਼ੋਟੋ : ਵੋਲਵੋ ਟਰੱਕਸ)

ਡਾਇਮਲਰ ਟਰੱਕ ਦੇ ਸੀ.ਈ.ਓ. ਮਾਰਟਿਨ ਡੌਮ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘‘ਅਸੀਂ ਪੂਰੇ ਉਦਯੋਗ ਨੂੰ ਸਾਡੀ ਇਸ ਕੋਸ਼ਿਸ਼ ’ਚ ਸ਼ਮੂਲੀਅਤ ਕਰਨ ਦਾ ਸੱਦਾ ਦਿੰਦੇ ਹਾਂ। ਸਾਡੇ ਗ੍ਰਾਹਕਾਂ ਲਈ ਲੋਂਗ ਹੌਲ ਟਰੱਕਿੰਗ ਨੂੰ ਮੁਮਕਿਨ ਬਣਾਉਣ ਲਈ ਚਾਰਜਿੰਗ ਪੁਆਇੰਟਸ ਨੂੰ ਛੇਤੀ ਤੋਂ ਛੇਤੀ ਵੱਡੀ ਗਿਣਤੀ ’ਚ ਵਧਾਉਣਾ ਪਵੇਗਾ।’’

ਵੋਲਵੋ ਗਰੁੱਪ ਦੇ ਸੀ.ਈ.ਓ. ਮਾਰਟਿਨ ਲੁੰਡਸਟੈੱਡ ਨੇ ਕਿਹਾ, ‘‘ਅਸੀਂ ਉਹ ਬਣਾਉਣ ਜਾ ਰਹੇ ਹਾਂ ਜੋ ਕਿ ਇੱਕ ਜਣੇ ਲਈ ਮੁਕੰਮਲ ਕਰਨਾ ਨਾਮੁਮਕਿਨ ਹੋਵੇਗਾ – ਇਹ ਮਜ਼ਬੂਤ ਪਾਰਟਨਰਸ਼ਿਪ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ 2050 ਤੱਕ ਯੂਰੋਪ ’ਚ ਆਵਾਜਾਈ ਨੂੰ ਕਾਰਬਨ ਮੁਕਤ ਬਣਾਉਣ ਲਈ ਗਤੀ ਦੇਣ ਦਾ ਕੰਮ ਕਰੇਗਾ।’’

ਏਕਲ ਆਧਾਰ ’ਤੇ ਚਲਾਈ ਜਾਣ ਵਾਲੀ ਸੰਸਥਾ ਵਜੋਂ, ਇਹ ਉੱਦਮ ਐਮਸਟਰਡਮ, ਨੀਦਰਲੈਂਡਸ ’ਚ ਅਧਾਰਤ ਹੋਵੇਗਾ।

ਟਰੈਟਨ ਗਰੁੱਪ ਦੇ ਸੀ.ਈ.ਓ. ਕਰਿਸਚਨ ਲੇਵਿਨ ਨੇ ਕਿਹਾ, ‘‘ਜਦੋਂ ਅਸੀਂ ਗ੍ਰਾਹਕਾਂ ਨਾਲ ਇਲੈਕਟਿ੍ਰਕ ਟਰੱਕਾਂ ਬਾਰੇ ਗੱਲਾਂ ਕਰਦੇ ਹਾਂ, ਉਹ ਹਮੇਸ਼ਾ ਇਹੀ ਪੁੱਛਦੇ ਹਨ ਕਿ ਉਹ ਗੱਡੀ ਨੂੰ ਕਿੱਥੇ ਚਾਰਜ ਕਰ ਸਕਣਗੇ?’’

‘‘ਉਦਯੋਗ ਵਜੋਂ ਅਤੇ ਟਰੈਟਨ ਗਰੁੱਪ ਵਜੋਂ ਜਲਵਾਯੂ ਤਬਦੀਲੀ ਦਾ ਬਿਹਤਰੀਨ ਹੱਲ ਲੱਭਣਾ ਸਾਡੀ ਸਭ ਤੋਂ ਜ਼ਰੂਰੀ ਪਹਿਲ ਹੈ।’’

ਵੈਨ ਨੀਅਰਸੇਨ ਪਹਿਲਾਂ ਗ੍ਰੀਨਚੌਇਸ ਚਾਰਜਿੰਗ ਨੈੱਟਵਰਕ ਦੇ ਚੇਅਰਮੈਨ ਰਹਿ ਚੁੱਕੇ ਹਨ।