ਵੋਲਵੋ ਨੇ ਕੈਨੇਡਾ ’ਚ ਸਿਫ਼ਰ ਉਤਸਰਜਨ ਗੱਡੀਆਂ ਨੂੰ ਅਪਣਾਉਣ ’ਚ ਤੇਜ਼ੀ ਲਿਆਉਣ ਦਾ ਕੀਤਾ ਅਹਿਦ

ਟਰੱਕ ਵਰਲਡ ਵਿਖੇ ਵੋਲਵੋ ਟਰੱਕਸ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਅੰਦਰ ਸਿਫ਼ਰ ਉਤਸਰਜਨ ਗੱਡੀਆਂ ਨੂੰ ਅਪਨਾਉਣ ਦੀ ਗਤੀ ਤੇਜ਼ ਕਰਨ ਵਾਲਾ ਹੈ।

ਇਲੈਕਟ੍ਰੋਮੋਬਿਲਟੀ ਦੇ ਪ੍ਰੋਡਕਟ ਮਾਰਕੀਟਿੰਗ ਮੈਨੇਜਰ ਐਂਡੀ ਬਰਾਊਨ ਨੇ ਸੰਕੇਤ ਦਿੱਤਾ ਕਿ ਕੰਪਨੀ ਨੂੰ ਆਪਣੇ ਕੈਨੇਡੀਅਨ ਡੀਲਰਾਂ ’ਤੇ ਮਾਣ ਹੈ ਕਿ ਉਨ੍ਹਾਂ ਨੇ ਤਕਨਾਲੋਜੀ ਨੂੰ ਤੇਜ਼ੀ ਨਾਲ ਅਪਣਾ ਲਿਆ ਅਤੇ ਇਲੈਕਟ੍ਰਿਕ ਸਰਟੀਫ਼ਾਈਡ ਬਣੇ। ਵੋਲਵੋ ਦੇ ਇਲੈਕਟ੍ਰਿਕ ਟਰੱਕਾਂ ਨੂੰ ਵੇਚਣ ਲਈ ਇਹ ਲਾਜ਼ਮੀ ਗੱਲ ਹੈ, ਅਤੇ ਇਸ ਦੀ ਪ੍ਰਕਿਰਿਆ ਵੀ ਬਹੁਤ ਮੁਸ਼ਕਲ ਹੈ ਜਿਸ ’ਚ ਇਲੈਕਟ੍ਰਿਕ ਗੱਡੀਆਂ ਲਈ ਸਮਰਪਿਤ ਬੇਅ ਬਣਾਉਣਾ ਅਤੇ ਸਾਰੇ ਤਕਨੀਸ਼ੀਅਨਾਂ ਅਤੇ ਸਟਾਫ਼ ਨੂੰ ਸਿਖਲਾਈ ਦੇਣਾ ਸ਼ਾਮਲ ਹੈ।

ਵੋਲਵੋ ਦੀਆਂ ਇਲੈਕਟ੍ਰਿਕ ਗੱਡੀਆਂ ਬਾਰੇ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਐਂਡੀ ਬਰਾਊਨ। (ਤਸਵੀਰ: ਜੌਨ ਜੀ. ਸਮਿੱਥ)

ਈ.ਵੀ. ਸਰਟੀਫ਼ਾਈਡ ਬਣਨ ਵਾਲੇ ਪਹਿਲੇ ਦੋ ਕੈਨੇਡੀਅਨ ਡੀਲਰਾਂ ’ਚ – ਕੈਮੀੳਨਜ਼ ਵੋਲਵੋ ਮਾਂਟ੍ਰਿਆਲ ਅਤੇ ਪੈਰੇ ਸੈਂਟਰ ਡੂ ਕੈਮਿੳਨ – ਕਿਊਬੈੱਕ ਅਧਾਰਤ ਹਨ। ਬਰਾਊਨ ਨੇ ਕਿਹਾ ਕਿ ਈ.ਡੀ. ਪ੍ਰੋਤਸਾਹਨ ਦੇਣ ਵਾਲੇ ਪ੍ਰੋਵਿੰਸ – ਜਿਵੇਂ ਬੀ.ਸੀ. ਅਤੇ ਕਿਊਬੈੱਕ – ਦੇ ਡੀਲਰਾਂ ਲਈ ਇਹ ਕੁਦਰਤੀ ਹੈ ਕਿ ਉਹ ਮੋਢੀ ਰਹਿਣਗੇ। ਅਤੇ ਉਨ੍ਹਾਂ ਵਾਅਦਾ ਕਰਦਿਆਂ ਕਿਹਾ, ‘‘ਸਾਡਾ ਟੀਚਾ, ਸਾਲ ਦੇ ਅਖ਼ੀਰ ਤੱਕ, ਆਪਣੇ ਅੱਧੇ ਡੀਲਰਾਂ ਨੂੰ ਸਰਟੀਫ਼ਾਈਡ ਬਣਾਉਣਾ ਜਾਂ ਸਰਟੀਫ਼ਿਕੇਸ਼ਨ ਦੀ ਪ੍ਰਕਿਰਿਆ ਵੱਲ ਵਧਾਉਣਾ ਹੈ।’’

ਉੱਤਰੀ ਅਮਰੀਕੀ ਬਾਜ਼ਾਰ ’ਚ ਦਾਖ਼ਲ ਹੋਣ ਵਾਲਾ ਵੋਲਵੋ ਦਾ ਪਹਿਲਾ ਇਲੈਕਟ੍ਰਿਕ ਟਰੱਕ ਰੀਜਨਲ ਹੌਲ ਵੀ.ਐਨ.ਆਰ. ਇਲੈਕਟ੍ਰਿਕ ਹੈ, ਜਿਸ ’ਚੋਂ ਦੋ ਕੈਨੇਡੀਅਨ ਫ਼ਲੀਟ ਇਸ ਦੇ ਸ਼ੁਰੂਆਤੀ ਗ੍ਰਾਹਕ ਹਨ। ਗਰੁੱਪ ਮੋਰਨੌ ਨੂੰ ਪਹਿਲੀ ਡਿਲੀਵਰੀ ਪ੍ਰਾਪਤ ਹੋਈ, ਜਿਸ ਤੋਂ ਬਾਅਦ ਮਾਰਟਿਨ ਬੌਅਰ ਦਾ ਨੰਬਰ ਆਇਆ। ਦੋਵੇਂ ਫ਼ਲੀਟ ਕਿਊਬੈੱਕ ’ਚ ਕੰਮ ਕਰਦੇ ਹਨ, ਜਿੱਥੇ ਬਰਾਊਨ ਨੇ ਕਿਹਾ ਕਿ ਤਕਨਾਲੋਜੀ ਨੂੰ ਜਾਂਚਿਆ-ਪਰਖਿਆ ਜਾਵੇਗਾ।

ਬਰਾਊਨ ਨੇ ਸ਼ੋਅ ’ਚ ਕੈਨੇਡੀਅਨ ਟਰੱਕਿੰਗ ਪ੍ਰੈੱਸ ਨੂੰ ਕਿਹਾ, ‘‘ਆਉਣ ਵਾਲੇ ਸਮੇਂ ’ਚ ਸਾਡੇ ਕੋਲ ਵਿਸ਼ਾਲ ਕੰਪਨੀਆਂ ਨਾਲ ਕਰਨ ਲਈ ਵੱਡੇ ਐਲਾਨ ਹਨ। ਕੈਨੇਡੀਅਨ ਧਰਤੀ ’ਤੇ ਇਨ੍ਹਾਂ ਟਰੱਕਾਂ ਦੇ ਆਰਡਰ ਅਤੇ ਆਕਾਰ ਵਧਦੇ ਜਾ ਰਹੇ ਹਨ।’’

ਪਰ ਵੋਲਵੋ ਸਿਰਫ਼ ਬੈਟਰੀ- ਇਲੈਕਟ੍ਰਿਕ ਗੱਡੀਆਂ ਨੂੰ ਹੀ ਵਿਕਸਤ ਨਹੀਂ ਕਰ ਰਹੀ ਹੈ, ਇਹ ਲੰਮੇ, ਭਾਰੇ ਹੌਲ ਲਈ ਇਸ ਦਹਾਕੇ ਦੇ ਅੰਤ ਤੱਕ ਹਾਈਡ੍ਰੋਜਨ ਫ਼ਿਊਲ ਸੈੱਲ ਗੱਡੀਆਂ ਵੀ ਤਿਆਰ ਕਰ ਰਹੀ ਹੈ। ਅਤੇ ਕੰਪਨੀ ਨੂੰ ਲਗਦਾ ਹੈ ਕਿ ਸਵੱਛ-ਬਲਣ ਫ਼ਿਊਲ ਵਾਲੇ ਦਹਿਨ ਇੰਜਣਾਂ ਦੀ ਵੀ ਆਪਣੀ ਥਾਂ ਰਹੇਗੀ।

ਟਰੱਕ ਵਰਲਡ ’ਚ ਇੱਕ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਟਰੱਕ। (ਤਸਵੀਰ: ਜੌਨ ਜੀ. ਸਮਿੱਥ)

ਏਨੀ ਛੇਤੀ ਵੀ.ਐਲ.ਆਰ. ਇਲੈਕਟ੍ਰਿਕ ਬਾਜ਼ਾਰ ’ਚ ਲਿਆਉਣ ਦੀ ਇਸ ਦੀ ਸਮਰੱਥਾ ਇਸ ਕਰਕੇ ਸੀ ਕਿਉਂਕਿ ਕੰਪਨੀ ਕੋਲ ਕੌਮਾਂਤਰੀ ਪੱਧਰ ’ਤੇ ਪਹਿਲਾਂ ਹੀ 5,000 ਇਲੈਕਟ੍ਰਿਕ ਟਰੱਕ ਅਤੇ ਬੱਸਾਂ ਕੰਮ ਕਰ ਰਹੀਆਂ ਸਨ, ਜਿਨ੍ਹਾਂ ਨੇ ਹੁਣ ਤੱਕ 6 ਮਿਲੀਅਨ ਮੀਲਾਂ ਦਾ ਸਫ਼ਰ ਤੈਅ ਕੀਤਾ ਹੈ।

ਬਰਾਊਨ ਨੇ ਕਿਹਾ, ‘‘ਇਸ ਲਈ ਇਸ ਟਰੱਕ ਨੂੰ ਉੱਤਰੀ ਅਮਰੀਕਾ ’ਚ ਲਿਆਉਣ ਦੀ ਨੀਂਹ ਬਹੁਤ ਮਜ਼ਬੂਤ ਸੀ।’’ ਉਨ੍ਹਾਂ ਕਿਹਾ ਕਿ ਵਿਕਰੀ 2020 ’ਚ ਸ਼ੁਰੂ ਹੋਈ ਸੀ ਜਿਸ ਦਾ ਲੜੀਵਾਰ ਉਤਪਾਦਨ ਅਗਲੇ ਸਾਲ ਸ਼ੁਰੂ ਹੋਇਆ। ਅਤੇ, ਟਰੱਕ ਦੇ ਦੂਜੇ ਸੰਸਕਰਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਉਤਪਾਦਨ ਸਾਲ ਦੀ ਦੂਜੀ ਤਿਮਾਹੀ ’ਚ ਹੋਵੇਗਾ।

ਇਸ ਦੀ ਰੇਂਜ ’ਚ 85% – 440 ਕਿੱਲੋਮੀਟਰ ਤੱਕ – ਦਾ ਵਾਧਾ ਹੋਵੇਗਾ, ਜੋ ਕਿ ਬਰਾਊਨ ਅਨੁਸਾਰ ‘ਉਦਯੋਗ ’ਚ ਸਾਨੂੰ ਰੇਂਜ ਦੇ ਮਾਮਲੇ ’ਚ ਮੋਢੀ ਬਣਾ ਦਿੰਦਾ ਹੈ।’’

ਇਸ ਨੇ ਵੀ.ਐਨ.ਆਰ. ਇਲੈਕਟ੍ਰਿਕ ਲਈ ਮੌਜੂਦਾ ਕੰਫ਼ਿਗਰੇਸ਼ਨ ’ਚ ਵੀ ਵਾਧਾ ਕੀਤਾ ਹੈ ਜਿਸ ’ਚ ਸ਼ਾਮਲ ਹਨ: 4×2, 6×2, ਅਤੇ 6×4 ਟਰੈਕਟਰ, ਨਾਲ ਹੀ 4×2 ਅਤੇ 6×4 ਸਟਰੇਟ ਟਰੱਕ।

ਕੰਪਨੀ ਗ੍ਰਾਹਕਾਂ ਲਈ ਇਲੈਕਟ੍ਰਿਕ ਗੱਡੀਆਂ ਅਪਨਾਉਣਾ ਆਸਾਨ ਬਣਾਉਣ ਬਾਰੇ ਵੀ ਸੋਚ ਰਹੀ ਹੈ। ਉਦਾਹਰਣ ਵਜੋਂ, ਵੋਲਵੋ ਵਿੱਤੀ ਸੇਵਾਵਾਂ ਅਧੀਨ ਸਾਰੇ ਵੀ.ਐਨ.ਆਰ. ਇਲੈਕਟ੍ਰਿਕ ’ਤੇ ਮਾਨਕ ਗੋਲਡ ਕਰਾਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਿਸ ’ਚ ਸ਼ੀਸ਼ੇ ਅਤੇ ਟਾਇਰਾਂ ਤੋਂ ਇਲਾਵਾ ਰੱਖ-ਰਖਾਅ ਦੀ ਸਾਰੀ ਕੀਮਤ ਸ਼ਾਮਲ ਹੁੰਦੀ ਹੈ।