ਵੋਲਵੋ ਨੇ ਤੈਨਾਤ ਕੀਤਾ ਆਪਣਾ ਪਹਿਲਾ ਇਲੈਕਟ੍ਰਿਕ ਵੀ.ਐਨ.ਆਰ.

Avatar photo
(ਤਸਵੀਰ : ਵੋਲਵੋ ਟਰੱਕਸ ਨਾਰਥ ਅਮਰੀਕਾ)

ਵੋਲਵੋ ਟਰੱਕਸ ਨਾਰਥ ਅਮਰੀਕਾ ਨੇ ਆਪਣੇ ਲੋਅ ਇੰਪੈਕਟ ਗ੍ਰੀਨ ਹੈਵੀ ਟਰਾਂਸਪੋਰਟ ਸਲਿਊਸ਼ਨ (ਲਾਈਟਸ) ਪ੍ਰਾਜੈਕਟ ਦੇ ਹਿੱਸੇ ਵੱਜੋਂ ਆਪਣਾ ਪਹਿਲਾਂ ਵੀ.ਐਨ.ਆਰ. ਇਲੈਕਟ੍ਰਿਕ ਟਰੱਕ ਕੰਮ ‘ਚ ਤੈਨਾਤ ਕਰ ਦਿੱਤਾ ਹੈ।

ਟੀ.ਈ.ਸੀ. ਇਕੁਇਪਮੈਂਟ ਦੀ ਫ਼ੋਨਟਾਨਾ, ਕੈਲੇਫ਼ੋਰਨੀਆ ਡੀਲਰਸ਼ਿਪ ਇਸ ਟਰੱਕ ਨੂੰ ਚਲਾ ਰਹੀ ਹੈ, ਜੋ ਕਿ ਇਸ ਨੂੰ ਆਪਣੀਆਂ ਡੀਲਰਸ਼ਿਪਾਂ ਦਰਮਿਆਨ ਕੁਲਪੁਰਜ਼ਿਆਂ ਦੀ ਆਵਾਜਾਈ ਲਈ ਵਰਤੇਗੀ।

ਵੋਲਵੋ ਟਰੱਕਸ ਨਾਰਥ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ”ਵੋਲਵੋ ਟਰੱਕਸ ਨੂੰ ਮਾਣ ਹੈ ਕਿ ਉਹ ਮਾਲ ਦੀ ਆਵਾਜਾਈ ਨੂੰ ਬਿਜਲੀ ਅਧਾਰਤ ਬਣਾਉਣ ਦੇ ਮਾਮਲੇ ‘ਚ ਮੋਢੀ ਹਨ। ਆਪਣੀ ਡੀਲਰਸ਼ਿਪ, ਟੀ.ਈ.ਸੀ. ਇਕੁਇਪਮੈਂਟਸ, ਨਾਲ ਕੰਮ ਕਰਦਿਆਂ ਵੋਲਵੋ ਦੇ ਪਹਿਲੇ ਵੀ.ਐਨ.ਆਰ. ਇਲੈਕਟ੍ਰਿਕ ਨੂੰ ਸੜਕ ‘ਤੇ ਉਤਾਰਨਾ ਅਤੇ ਅਸਲ ਕੰਮ ‘ਚ ਲਾਉਣਾ ਉੱਤਰੀ ਅਮਰੀਕਾ ‘ਚ ਇਸ ਪਤਝੜ ਦੇ ਮੌਸਮ ਤਕ ਉਤਸਰਜਨ-ਮੁਕਤ ਟਰੱਕਾਂ ਦਾ ਬਾਜ਼ਾਰੀਕਰਨ ਕਰਨ ਦੇ ਰਾਹ ‘ਚ ਮਹੱਤਵਪੂਰਨ ਨਵਾਂ ਕਦਮ ਹੈ। ਸ਼ਹਿਰਾਂ ‘ਚ ਸਮਾਨ ਦੀ ਵੰਡ ਕਰਨ ਅਤੇ ਢੋਆ-ਢੁਆਈ ਵਰਗੇ ਸ਼ੋਰਟ ਅਤੇ ਰੀਜਨਲ-ਹੌਲ ਅਮਲਾਂ ਲਈ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲਾ ਵੋਲਵੋ ਵੀ.ਐਨ.ਆਰ. ਆਦਰਸ਼ ਟਰੱਕ ਬਣੇਗਾ।”

ਟੀ.ਈ.ਸੀ. ਕੋਲ ਇਨ੍ਹਾਂ ਟਰੱਕਾਂ ‘ਚ ਚਾਰਜ ਕਰਨ ਲਈ ਆਪਣੀ ਸ਼ਾਪ ‘ਚ 50 ਕਿਲੋਵਾਟ ਦੇ ਦੋ ਚਾਰਜਰ ਹਨ, ਨਾਲ ਹੀ ਇਸ ਦੀ ਫ਼ੈਕਟਰੀ ਦੇ ਬਾਹਰ ਵੀ ਇੱਕ 150 ਕਿਲੋਵਾਟ ਦਾ ਚਾਰਜਰ ਲੱਗਾ ਹੋਇਆ ਹੈ।

ਟੀ.ਈ.ਸੀ. ਇਕੁਇਪਮੈਂਟ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੇਵ ਥੋਂਪਸਨ ਨੇ ਕਿਹਾ, ”ਸਾਨੂੰ ਮਾਣ ਹੈ ਕਿ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਮਾਡਲ ਨੂੰ ਚਲਾਉਣ ਵਾਲੀ ਪਹਿਲੀ ਗਾਹਕ ਸਾਡੀ ਫ਼ੋਨਟਾਨਾ ਡੀਲਰਸ਼ਿਪ ਹੋਵੇਗੀ। ਵੋਲਵੋ ਦੇ ਲਾਈਟਸ ਪ੍ਰਾਜੈਕਟ ਰਾਹੀਂ, ਸਾਨੂੰ ਆਪਣੇ ਡਰਾਈਵਰਾਂ ਅਤੇ ਮੈਂਟੇਨੈਂਸ ਸਟਾਫ਼ ਲਈ ਬਹੁਮੁੱਲਾ ਤਜਰਬਾ ਮਿਲ ਰਿਹਾ ਹੈ ਤਾਂ ਕਿ ਅਸੀਂ ਇਨ੍ਹਾਂ ਉੱਨਤ, ਉਤਸਰਜਨ-ਮੁਕਤ ਟਰੱਕਾਂ ਦੇ ਪੂਰੇ ਦੱਖਣੀ ਕੈਲੇਫ਼ੋਰਨੀਆ ਫ਼ਰੇਟ ਕੋਰੀਡੋਰ ‘ਚ ਵੱਡੇ ਪੱਧਰ ‘ਤੇ ਲਾਗੂ ਹੋਣ ‘ਤੇ ਤਿਆਰ-ਬਰ-ਤਿਆਰ ਰਹੀਏ।”