ਵੋਲਵੋ ਨੇ ਵਧਾਈ ਵੀ.ਐਨ.ਆਰ. ਇਲੈਕਟ੍ਰਿਕ ਦੀ ਰੇਂਜ, ਬੈਟਰੀ ਜੀਵਨਕਾਲ ਲਈ ਵਿਕਲਪਾਂ ਦੀ ਭਾਲ ਜਾਰੀ

ਵੋਲਵੋ ਟਰੱਕਸ ਨਾਰਥ ਅਮਰੀਕਾ ਇਲੈਕਟ੍ਰੀਫ਼ਿਕੇਸ਼ਨ ਦੇ ਰਾਹ ’ਤੇ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ, ਅਤੇ ਨਵੀਨਤਮ ਅਪਡੇਟ ਇਹ ਹੈ ਕਿ ਇਸ ਦਾ ਵੀ.ਐਨ.ਆਰ. ਇਲੈਕਟ੍ਰਿਕ ਇੱਕ ਅਜਿਹੀ ਰੇਂਜ ਦਾ ਵਾਅਦਾ ਕਰਦਾ ਹੈ ਜੋ ਇਸ ਨੂੰ ਹੋਰ ਜ਼ਿਆਦਾ ਦੂਰ ਤੱਕ ਲੈ ਕੇ ਜਾਵੇਗੀ।

ਸ਼੍ਰੇਣੀ 8 ਬੈਟਰੀ- ਇਲੈਕਟ੍ਰਿਕ ਟਰੱਕ ਹੁਣ 275-ਮੀਲ (443-ਕਿੱਲੋਮੀਟਰ) ਦੀ ਰੇਂਜ ’ਚ ਆਵੇਗਾ, ਜਿਸ ਤੋਂ ਬਾਅਦ ਹੀ ਇਸ ਨੂੰ ਚਾਰਜ ਕਰਨ ਦੀ ਜ਼ਰੂਰਤ ਪਵੇਗੀ। ਜੋ ਕਿ ਇਸ ਦੀ ਪਹਿਲੇ ਸ਼੍ਰੇਣੀ ਦੇ ਮਾਡਲਾਂ ਦੇ 150 ਮੀਲ ਤੋਂ ਕਾਫ਼ੀ ਜ਼ਿਆਦਾ ਹੈ। ਭਾਵੇਂ ਇਸ ਦੇ ਛੇ ਬੈਟਰੀ ਪੈਕ ’ਚੋਂ ਹਰੇਕ ਦਾ ਭਾਰ 3,000 ਪੌਂਡ ਹੈ, ਪਰ ਇਸ ਦਾ ਕੁੱਲ ਭਾਰ ਡੀਜ਼ਲ ਵਾਲੇ ਟਰੱਕ ਤੋਂ ਸਿਰਫ਼ 4,000 ਪੌਂਡ ਵੱਧ ਹੈ।

ਅਜਿਹੇ ਟਰੱਕਾਂ ਨੂੰ ਲੰਮੀ ਦੂਰੀ ਤੱਕ ਚੱਲਣ ਵਾਲਾ ਬਣਾਉਣ ਦੀ ਮੰਗ ਬਾਰੇ ਦੱਸਦਿਆਂ ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ‘‘ਇਸ ਨੂੰ ਮੁੱਖ ਤੌਰ ’ਤੇ ਗ੍ਰਾਹਕਾਂ ਦੀ ਮੰਗ ਅਨੁਸਾਰ ਬਣਾਇਆ ਗਿਆ ਹੈ।’’

Volvo Trucks North America president Peter Voorhoeve
ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ। (ਤਸਵੀਰ: ਜੌਨ ਜੀ. ਸਮਿੱਥ)

ਨਤੀਜੇ ਵੱਖੋ-ਵੱਖ ਹੋ ਸਕਦੇ ਹਨ। ਪਰ ਵੂਰਹੋਵ ਨੇ ਜ਼ੋਰ ਦੇ ਕੇ ਕਿਹਾ ਕਿ ਵੋਲਵੋ ਅਜਿਹੇ ਅੰਦਾਜ਼ੇ ਆਮ ਤੌਰ ’ਤੇ ਕਾਫ਼ੀ ਸੋਚ-ਸਮਝ ਕੇ ਲਾਉਂਦਾ ਹੈ। ਉਦਾਹਰਣ ਵਜੋਂ, ਐਨ.ਐਫ਼.ਆਈ. ਨੇ ਵੇਖਿਆ ਹੈ ਕਿ ਉਹ ਪਹਿਲੀ-ਪੀੜ੍ਹੀ ਦੇ ਟਰੱਕਾਂ ਨਾਲ 180 ਮੀਲ ਤੱਕ ਦਾ ਸਫ਼ਰ ਕਰ ਸਕਦੇ ਹਨ।

ਲੰਮੀ ਦੂਰੀ ’ਚ ਮਹੱਤਵਪੂਰਨ ਰੋਲ ਅਦਾ ਕਰਨ ਵਾਲੇ ਕਾਰਕ ਬਾਰੇ ਉਨ੍ਹਾਂ ਕਿਹਾ, ‘‘ਟਰੱਕ ਹਮੇਸ਼ਾ 100% ਲੱਦੇ ਨਹੀਂ ਹੁੰਦੇ। ਟਰੱਕ ਔਸਤਨ 25% ਭਰੇ ਹੋਏ ਰਹਿੰਦੇ ਹਨ।’’ ਡਰਾਈਵਰ ਇਸ ਦੌਰਾਨ ਰੀਜੈਨਰੇਟਿਵ ਬ੍ਰੇਕਿੰਗ ਰਾਹੀਂ ਚਾਰਜ ਨੂੰ ਵਧਾ ਸਕਦੇ ਹਨ।

ਪਰ ਓ.ਈ.ਐਮ. ਦੇ ਟਿਕਾਊਪਨ ਬਾਰੇ ਵਚਨਬੱਧਤਾ ਸਿਰਫ਼ ਟਰੱਕ ਦੀ ਰੇਂਜ ਤੱਕ ਸੀਮਤ ਨਹੀਂ ਹੈ। ਇਹ ਬੈਟਰੀਆਂ ਨੂੰ ਦੂਜੇ ਜੀਵਨਕਾਲ ਲਈ ਮੁੜਉਸਾਰਨ ਜਾਂ ਮੁੜਵਰਤੋਂ ਕਰਨ ’ਤੇ ਵੀ ਵਿਚਾਰ ਕਰ ਰਿਹਾ ਹੈ।

ਸਟੋਰੇਜ ਸਮਰੱਥਾ ਦੇ ਬਣੇ ਰਹਿਣ ਬਾਰੇ ਪੇਸ਼ਨਗੋਈ ਕਰਦਿਆਂ ਵੂਰਹੋਵ ਨੇ ਕਿਹਾ, ‘‘ਅਸਲ ’ਚ ਅੱਠ ਸਾਲਾਂ ਬਾਅਦ ਵੀ ਬੈਟਰੀ ਦੀ ਹਾਲਤ ਬਹੁਤ, ਬਹੁਤ ਚੰਗੀ ਹੁੰਦੀ ਹੈ। ਮੇਰਾ ਮਤਲਬ ਹੈ ਕਿ 80% ਸਮਰੱਥਾ ਕਾਇਮ ਰਹਿੰਦੀ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਮੁੜਨਿਰਮਾਣ ਦਾ ਤੱਤ ਵੀ ਰਹੇਗਾ ਜਿੱਥੇ ਤੁਸੀਂ ਮੁਢਲੇ ਤੌਰ ’ਤੇ ਬੈਟਰੀ ਨੂੰ ਵਾਪਸ ਪ੍ਰਾਪਤ ਕਰ ਲਵੋਗੇ ਅਤੇ ਸੈੱਲਾਂ ਨੂੰ ਮੁੜ ਤਿਆਰ ਕਰੋਗੇ।’’ ਇਸ ਤੋਂ ਇਲਾਵਾ ਬੈਟਰੀਆਂ ਨੂੰ ਸੋਲਰ ਪੈਨਲਾਂ ਜਾਂ ਪੌਣ ਚੱਕੀਆਂ ਰਾਹੀਂ ਪੈਦਾ ਊਰਜਾ ਨੂੰ ਸਟੋਰ ਕਰਨ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਨੂੰ ਦੱਖਣੀ ਕੈਲੇਫ਼ੋਰਨੀਆ ’ਚ ਵੋਲਵੋ ਲਾਈਟਸ ਇਲੈਕਟ੍ਰਿਕ ਵਹੀਕਲ ਪ੍ਰਦਰਸ਼ਨੀ ਪ੍ਰਾਜੈਕਟ ਦੌਰਾਨ ਵਿਚਾਰਿਆ ਗਿਆ ਸੀ।

ਹਾਲਾਂਕਿ ਇਸ ਸਫ਼ਰ ’ਚ ਸਿਰਫ਼ ਟਰੱਕਾਂ ਨਾਲ ਕੰਮ ਨਹੀਂ ਚੱਲੇਗਾ। ਅਜਿਹੀਆਂ ਗੱਡੀਆਂ ਨੂੰ ਚਾਰਜਿੰਗ ਮੁਢਲਾ ਢਾਂਚੇ ਦੀ ਜ਼ਰੂਰਤ ਹੁੰਦੀ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਕੰਮ ਲਈ ਸਰਕਾਰ ਪੈਸਾ ਲਾ ਰਹੀ ਹੈ।

ਉਨ੍ਹਾਂ ਕਿਹਾ, ‘‘ਚਾਰਜਿੰਗ ਮੁਢਲਾ ਢਾਂਚਾ ਸਥਾਪਤ ਹੋਣ ਨਾਲ ਅਪਨਾਉਣ ਦਾ ਪੱਧਰ ਵੱਧ ਜਾਂਦਾ ਹੈ।’’ ਉਦਾਹਰਣ ਵਜੋਂ ਕਿਊਬੈੱਕ ਦੇ ਗਰੁੱਪ ਮੋਰਨੀਊ ਨੂੰ ਆਪਣੇ ਪਹਿਲੇ ਵੀ.ਐਨ.ਆਰ. ਇਲੈਕਟ੍ਰਿਕ ਦੀ ਪ੍ਰਾਪਤੀ ਤੋਂ ਬਾਅਦ ਨੇੜਲੇ ਪੈਟਰੋ-ਕੈਨੇਡਾ ਸਟੇਸ਼ਨ ਵਿਖੇ ਚਾਰਜਿੰਗ ਸਟੇਸ਼ਨ ਮਿਲ ਗਿਆ। ਫਿਰ ਇਸ ਨੇ ਦੂਜੀ ਗੱਡੀ ਦੀ ਵੀ ਮੰਗ ਕਰ ਦਿੱਤੀ, ਕਿਉਂਕਿ ਦੂਜਾ ਚਾਰਜਰ ਲੱਗਣ ਨਾਲ ਫ਼ਲੀਟ ਨੂੰ ਤੁਰੰਤ ਵਿਸਤਾਰ ਕਰਨ ਦੀ ਇਜਾਜ਼ਤ ਮਿਲ ਗਈ।

ਸਰਕਾਰੀ ਵਿੱਤੀ ਮੱਦਦ ਵੀ ਅਜਿਹੇ ਟਰੱਕਾਂ ਦੀ ਵਿਕਰੀ ਵਧਾਉਣ ’ਚ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਦੀ ਕੀਮਤ 350,000 ਅਮਰੀਕੀ ਡਾਲਰ ਤੱਕ ਹੋ ਸਕਦੀ ਹੈ। ‘‘ਤੁਹਾਨੂੰ ਆਪਣੇ ਕਾਰੋਬਾਰ ’ਚ ਲਾਭ ਕਮਾਉਣ ਦੀ ਜ਼ਰੂਰਤ ਪਵੇਗੀ, ਨਹੀਂ ਤਾਂ ਸਾਰਾ ਸਿਸਟਮ ਹੀ ਕੰਮ ਨਹੀਂ ਕਰੇਗਾ।’’

ਪਰ ਅਜਿਹੇ ਨਿਵੇਸ਼ ਦਾ ਫ਼ਾਇਦਾ ਵੀ ਹੋਵੇਗਾ।

ਉਨ੍ਹਾਂ ਕਿਹਾ, ‘‘ਸਾਨੂੰ ਟਿਕਾਊਪਨ ’ਤੇ ਕੁੱਝ ਰਕਮ ਤਾਂ ਅਦਾ ਕਰਨੀ ਹੋਵੇਗੀ, ਨਹੀਂ ਤਾਂ ਸਾਨੂੰ ਭਵਿੱਖ ’ਚ ਕਾਰੋਬਾਰ ਤੋਂ ਬਾਹਰ ਕਰ ਦਿੱਤਾ ਜਾਵੇਗਾ।’’

ਵੋਲਵੋ ਨੇ ਕਿਹਾ ਕਿ ਇਸ ਤਬਦੀਲੀ ਨਾਲ ਸਾਨੂੰ ‘‘ਅਜਿਹੀ ਦੁਨੀਆਂ ’ਚ ਰਹਿਣ ਦਾ ਮੌਕਾ ਮਿਲੇਗਾ ਜਿਸ ’ਚ ਅਸੀਂ ਰਹਿਣਾ ਚਾਹੁੰਦੇ ਹਾਂ।’’