ਵੱਧ ਰਿਹੈ ਮੰਦਵਾੜੇ ਦਾ ਖ਼ਤਰਾ : ਐਕਟ ਰਿਸਰਚ

ਐਕਟ ਰਿਸਰਚ ਦਾ ਕਹਿਣਾ ਹੈ ਕਿ ਡਿੱਗ ਰਹੇ ਸਪੌਟ ਮਾਰਕੀਟ ਦੀਆਂ ਦਰਾਂ ਅਤੇ ਫ਼ਿਊਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਟਰੱਕਾਂ ਦੀ ਮੰਗ ਘੱਟ ਹੋਣ ਵਾਲੀ ਹੈ।

ਅਤੇ ਹਲਕੇ ਮੰਦਵਾੜੇ ਦਾ ਖ਼ਤਰਾ ਵਧਦਾ ਜਾ ਰਿਹਾ ਹੈ।

ਐਕਟ ਰਿਸਰਚ ਦੇ ਵਾਇਸ-ਪ੍ਰੈਜ਼ੀਡੈਂਟ ਅਤੇ ਸੀਨੀਅਰ ਐਨਾਲਿਸਟ ਐਰੀਕ ਕਰਾਫ਼ੋਰਡ ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ, ‘‘ਰੂਸੀ ਵਸਤਾਂ ਪੱਛਮੀ ਬਾਜ਼ਾਰਾਂ ’ਚੋਂ ਬਾਹਰ ਹਨ, ਯੂਕਰੇਨ ’ਤੇ ਹਮਲਾ ਜਾਰੀ ਹੈ, ਅਤੇ ਚੀਨ ਕੋਵਿਡ ਅਤੇ ਲਾਕਡਾਊਨ ਨਾਲ ਅਜੇ ਵੀ ਜੂਝ ਰਿਹਾ ਹੈ।’’

‘‘ਮਹਿੰਗਾਈ ਵਿਰੁੱਧ ਜੰਗ ਆਲਮੀ ਪੱਧਰ ’ਤੇ ਛਿੜੀ ਹੋਈ ਹੈ। ਅਮਰੀਕਾ ’ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਜਿਸ ਕਰਕੇ ਅਮਰੀਕੀ ਫ਼ੈਡਰਲ ਰਿਜ਼ਰਵ ਨੇ ਇਸ ਹਫ਼ਤੇ ਫ਼ੈਡਰਲ ਫ਼ੰਡਾਂ ’ਚ 75 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ, ਜੋ ਕਿ 1994 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ, ਅਤੇ ਬਾਜ਼ਾਰ ਤੇ ਅਰਥਸ਼ਾਸਤਰੀ 2023 ’ਚ ਅਮਰੀਕਾ ਅੰਦਰ ਮੰਦਵਾੜੇ ਦੀ ਪੇਸ਼ਨਗੋਈ ਕਰ ਰਹੇ ਹਨ।’’

(ਤਸਵੀਰ: ਆਈਸਟਾਕ)

ਕਰਾਫ਼ੋਰਡ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਸਭ ਦਾ ਕਮਰਸ਼ੀਅਲ ਵਹੀਕਲ ਬਾਜ਼ਾਰ ਲਈ ਕੀ ਮਤਲਬ ਹੈ, ਤਾਂ ਉਨ੍ਹਾਂ ਕਿਹਾ, ‘‘ਜਦਕਿ ਸ਼੍ਰੇਣੀ 5-8 ਦਾ ਉਤਪਾਦਨ ਮਈ ’ਚ ਨੀਵੀਂਆਂ ਉਮੀਦਾਂ ਤੋਂ ਟੱਪ ਗਿਆ ਹੈ ਅਤੇ ਉਸਾਰੀ ਦੀਆਂ ਯੋਜਨਾਵਾਂ ’ਚ ਜ਼ਿਆਦਾਤਰ ਕੋਈ ਤਬਦੀਲੀ ਨਹੀਂ ਹੋਈ, ਸਪਲਾਈ ਚੇਨ ਦੇ ਜ਼ੋਖ਼ਮ ਵੀ ’ਚ ਵਾਧਾ ਅਜੇ ਵੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ, ਸਾਨੂੰ ਲਗਦਾ ਹੈ ਕਿ ਅਮਰੀਕਾ ’ਚ ਆਰਥਕ ਮੰਦਵਾੜੇ ਦਾ ਖ਼ਤਰਾ ਵੱਧ ਰਿਹਾ ਹੈ ਅਤੇ ਹਲਕੇ ਮੰਦਵਾੜੇ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।’’

ਕਮਰਸ਼ੀਅਲ ਵਹੀਕਲ ਸੈਗਮੈਂਟ ਪ੍ਰੋਡਕਸ਼ਨ ਅਤੇ ਆਰਡਰਾਂ ਬਾਰੇ ਕਰਾਫ਼ੋਰਡ ਨੇ ਕਿਹਾ, ‘‘ਪਿਛਲੇ ਰਹਿੰਦੇ ਆਰਡਰਾਂ ਦੀ ਕਤਾਰ ਲੰਮੀ ਹੈ ਅਤੇ ਨਵੇਂ ਆਰਡਰਾਂ ਨੂੰ ਰੋਕਿਆ ਜਾ ਰਿਹਾ ਹੈ। ਜਦੋਂ ਤੱਕ ਉਸਾਰੀ ਦਰਾਂ ’ਚ ਵਾਧਾ ਨਹੀਂ ਹੁੰਦਾ, ਆਰਡਰ ਮੋਟੇ ਤੌਰ ’ਤੇ ਉਤਪਾਦਨ ਦੇ ਬਰਾਬਰ ਰਹਿਣਗੇ, ਪਰ ਪਿਛਲੇ ਮਹੀਨਿਆਂ ’ਚ ਟਰੱਕਲੋਡ ਸਪਾਟ ਦਰਾਂ ’ਚ ਤੇਜ਼ ਕਮੀ (ਫ਼ਿਊਲ ਸਰਚਾਰਜ ਤੋਂ ਇਲਾਵਾ) ਛੇਤੀ ਹੀ ਗੱਡੀਆਂ ਦੀ ਮੰਗ ’ਤੇ ਅਸਰ ਪਾਵੇਗੀ।’’