ਸ਼ੈਵਰੋਨ ਨੇ ਪੇਸ਼ ਕੀਤਾ ਓਮਨੀਮੈਕਸ ਸਮੇਤ ਡੇਲੋ 600 ਏ.ਡੀ.ਐਫ਼.

Avatar photo

ਸ਼ੈਵਰੋਨ ਪ੍ਰੋਡਕਟਸ ਕੰਪਨੀ ਨੇ ਆਪਣੇ ਨਵੇਂ ਹੈਵੀ-ਡਿਊਟੀ ਇੰਜਣ ਆਇਲ (ਐਚ.ਡੀ.ਈ.ਓ.) ਉਤਪਾਦ ਓਮਨੀਮੈਕਸ ਸਮੇਤ ਡੇਲੋ 600 ਏ.ਡੀ.ਐਫ਼. ਦਾ ਐਲਾਨ ਕਰ ਦਿੱਤਾ ਹੈ, ਜੋ ਕਿ ਇੰਜਣ ਅਤੇ ਇਮੀਸ਼ਨ ਸਿਸਟਮ ਦੋਹਾਂ ਲਈ ਸਿਸਟਮ ਸੁਰੱਖਿਆ ਪ੍ਰਦਾਨ ਕਰਦਾ ਹੈ। ਮੌਜੂਦਾ ਹੈਵੀ-ਡਿਊਟੀ ਇੰਜਣ ਆਇਲ ਏ.ਪੀ.ਆਈ. ਸੀ.ਕੇ.-4, 1% ਹੱਦ ਤਕ ਸਲਫ਼ੇਟ ਰਾਖ ਪੈਦਾ ਕਰਦੇ ਹਨ। ਸ਼ੈਵਰੋਨ ਦਾ ਡੇਲੋ 600 ਏ.ਡੀ.ਐਫ਼. ਸਿਰਫ਼ 0.4% ਸਲਫ਼ੇਟ ਰਾਖ ਪੈਦਾ ਕਰਦਾ ਹੈ ਜਿਸ ਨਾਲ ਡੀਜ਼ਲ ਪਾਰਟੀਕੁਲੇਟ ਫ਼ਿਲਟਰ (ਡੀ.ਪੀ.ਐਫ਼.) ਜੰਮਣ ਦੀ ਦਰ ‘ਚ ਵੱਡੀ ਕਮੀ ਆਉਂਦੀ ਹੈ ਅਤੇ ਡੀ.ਪੀ.ਐਫ਼. ਦੇ ਜੀਵਨਕਾਲ ‘ਚ ਵਾਧਾ ਹੋਣ ਦੇ ਨਾਲ ਫ਼ਿਊਲ ਦੀ ਬਚਤ ਵੀ ਹੁੰਦੀ ਹੈ। ਇਹ ਸਾਰਾ ਕੁੱਝ ਮਿਲਾ ਕੇ ਓ.ਈ.ਐਮ. ਅਤੇ ਗ੍ਰਾਹਕਾਂ ਦੇ ਖ਼ਰਚਿਆਂ ‘ਚ ਕਮੀ ਲਿਆਉਣ ‘ਚ ਮੱਦਦ ਕਰਦਾ ਹੈ।

ਸ਼ੈਵਰੋਨ ਦੇ ਐਨ.ਏ. ਕਮਰਸ਼ੀਅਲ ਸੈਕਟਰ ਮੈਨੇਜਰ ਜੇਮਸ ਬੂਥ ਨੇ ਕਿਹਾ, ”ਸ਼ੈਵਰੋਨ ਨੇ ਨਵੀਨਤਮ ਉਤਸਰਜਨ ਕਾਨੂੰਨਾਂ ਅਤੇ ਮੌਜੂਦਾ ਐਚ.ਡੀ.ਈ.ਓ. ‘ਤੇ ਖਰਾ ਉਤਰਨ ਲਈ ਗ੍ਰਾਹਕ ਪੱਖੀ ਪਹੁੰਚ ਨੂੰ ਅਪਣਾਉਂਦਿਆਂ ਪਹਿਲਾਂ ਹੀ ਹਾਰਡਵੇਅਰ ਏਕੀਕਰਨ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਜਾਣ ਲਿਆ ਸੀ ਅਤੇ ਅੱਜ ਅਸੀਂ ਇਹ ਨਵਾਂ ਉਤਪਾਦ ਪੇਸ਼ ਕਰ ਰਹੇ ਹਾਂ।” ਡੇਲੋ 600 ਏ.ਡੀ.ਐਫ਼. ਡੀ.ਪੀ.ਐਫ਼. ਜੰਮਣ ਦੀ ਦਰ ਨੂੰ ਕਾਫ਼ੀ ਘੱਟ ਕਰ ਦਿੰਦਾ ਹੈ, ਡੀ.ਪੀ.ਐਫ਼. ਦੇ ਜੀਵਨਕਾਲ ਨੂੰ 2.5 ਗੁਣਾ ਵਧਾ ਦਿੰਦਾ ਹੈ ਅਤੇ ਉਪਕਰਨ ਦੇ ਜੀਵਨਕਾਲ ਦੌਰਾਨ ਫ਼ਿਊਲ ਦੀ 3% ਬੱਚਤ ਕਰਦਾ ਹੈ, ਜਿਸ ਨਾਲ ਗ੍ਰਾਹਕਾਂ ਨੂੰ ਵੱਡੀ ਬੱਚਤ ਹੁੰਦੀ ਹੈ।

ਉਤਸਰਜਨ ਨਿਯਮ ਪਿਛਲੇ 30 ਸਾਲਾਂ ਤੋਂ ਲਗਾਤਾਰ ਸਖ਼ਤ ਹੁੰਦੇ ਚਲੇ ਆ ਰਹੇ ਹਨ। ਇਸ ਦੌਰਾਨ 2010 ‘ਚ ਹਾਈਵੇ ‘ਤੇ ਅਤੇ 2014 ‘ਚ ਔਫ਼-ਹਾਈਵੇ ‘ਤੇ ਚੱਲਣ ਵਾਲੀਆਂ ਗੱਡੀਆਂ ਲਈ ਐਗਜ਼ਾਸਟ ਗੈਸ ਰੀਸਰਕੁਲੇਸ਼ਨ, ਡੀਜ਼ਲ ਪਾਰਟੀਕੁਲੇਟ ਫ਼ਿਲਟਰ, ਅਤੇ ਸਿਲੈਕਟਿਵ ਕੈਟਾਲਿਸਟ ਰੀਡੱਕਸ਼ਨ ਦਾ ਸਾਂਝਾ ਪ੍ਰਯੋਗ ਮੀਲ ਦਾ ਪੱਥਰ ਸਾਬਤ ਹੋਇਆ ਸੀ।

ਡੀ.ਪੀ.ਐਫ਼. 98% ਪਾਰਟੀਕੁਲੇਟ ਤੱਤ ਉਤਸਰਜਨ ਨੂੰ ਰਾਖ ਅਤੇ ਕਾਲਖ ਦੇ ਰੂਪ ‘ਚ ਇਕੱਠਾ ਕਰ ਲੈਂਦਾ ਹੈ। ਰੀਜੈਨਰੇਸ਼ਨ ਚੱਕਰ ਡੀ.ਪੀ.ਐਫ਼.’ਚੋਂ ਜ਼ਿਆਦਾਤਰ ਕਾਲਖ ਸਾੜ ਦਿੰਦਾ ਹੈ। ਰਾਖ ਇੱਕ ਨਾਬਲਣਯੋਗ ਸਮੱਗਰੀ ਹੈ ਜੋ ਕਿ ਮੈਟਾਲਿਕ ਲੁਬਰੀਕੈਂਟ ਐਡੀਟਿਵਸ ਤੋਂ ਬਣਦੀ ਹੈ, ਜਿਸ ਦਾ ਮਤਲਬ ਹੈ ਕਿ ਇਹ ਸਮਾਂ ਬੀਤਣ ਨਾਲ ਡੀ.ਪੀ.ਐਫ਼. ‘ਤੇ ਜੰਮ ਜਾਂਦੀ ਹੈ ਅਤੇ ਫ਼ਲੀਟ ਮਾਲਕਾਂ ਨੂੰ ਡੀ.ਪੀ.ਐਫ਼. ਮੁੜ ਚਾਲੂ ਕਰਨ ਲਈ ਗੱਡੀ ਨੂੰ ਖੜ੍ਹਾਉਣਾ ਪੈਂਦਾ ਹੈ ਅਤੇ ਇਸ ਦੀ ਮੁਰੰਮਤ ‘ਤੇ ਖ਼ਰਚਾ ਕਰਨਾ ਪੈਂਦਾ ਹੈ ਜਿਸ ਨਾਲ ਉਤਪਾਦਕਤਾ ‘ਤੇ ਅਸਰ ਪੈਂਦਾ ਹੈ। ਜੇਕਰ ਬਹੁਤ ਜ਼ਿਆਦਾ ਰਾਖ ਅਤੇ ਕਾਲਖ ਪੈਦਾ ਹੋ ਜਾਵੇ ਤਾਂ ਰੀਜੈਨਰੇਸ਼ਨ ਦੌਰਾਨ ਬਹੁਤ ਜ਼ਿਆਦਾ ਗਰਮੀ ਪੈਦਾ ਹੋਣ ਨਾਲ ਡੀ.ਪੀ.ਐਫ਼. ਖ਼ਰਾਬ ਹੋ ਸਕਦਾ ਹੈ, ਜਿਸ ਨੂੰ ਬਦਲਣ ਦੀ ਕੀਮਤ 7,000 ਡਾਲਰ ਤਕ ਹੋ ਸਕਦੀ ਹੈ। ਡੀ.ਪੀ.ਐਫ਼. ਜੰਮਣ ਨਾਲ ਇੰਜਣ ‘ਤੇ ਦਬਾਅ ਅਤੇ ਰੀਜੈਨਰੇਸ਼ਨ ਚੱਕਰ ਵਧਦਾ ਹੈ ਜਿਸ ਦਾ ਨਤੀਜਾ ਵੱਧ ਫ਼ਿਊਲ ਖਪਤ ‘ਚ ਨਿਕਲਦਾ ਹੈ।