ਸਕੇਲ ਬਾਈਪਾਸ ਤਕਨਾਲੋਜੀ ਲਿਆਵੇਗਾ ਓਂਟਾਰੀਓ

Avatar photo

ਓਂਟਾਰੀਓ ਡਰਾਈਵਵਾਇਜ਼ ਵਲੋਂ ਪੇਸ਼ ਕੀਤੀ ਸਕੇਲ ਬਾਈਪਾਸ ਤਕਨਾਲੋਜੀ ਲਾਗੂ ਕਰਨ ਵਾਲਾ ਦੂਜਾ ਸੂਬਾ ਬਣ ਜਾਵੇਗਾ ਅਤੇ ਇਹ ਅਗਲੇ 10 ਸਾਲਾਂ ਦੌਰਾਨ ਭਾਰ ਤੋਲ ਸਟੇਸ਼ਨਾਂ ‘ਤੇ ਟਰੱਕਾਂ ਦੀ ਪ੍ਰੀ-ਸਕ੍ਰੀਨਿੰਗ ਲਈ 80 ਲੱਖ ਡਾਲਰ ਤੋਂ ਜ਼ਿਆਦਾ ਦੀ ਰਕਮ ਵੀ ਖ਼ਰਚ ਕਰੇਗਾ।

ਇਹ ਐਲਾਨ ਰੋਜ਼ਡੇਲ ਗਰੁੱਪ ਦੀ ਲੰਡਨ ਲੋਕੇਸ਼ਨ ‘ਤੇ ਓਂਟਾਰੀਓ ਦੇ ਆਵਾਜਾਈ ਮੰਤਰੀ ਜੈਫ਼ ਯੁਰੇਕ ਵੱਲੋਂ ਕੀਤਾ ਗਿਆ। ਉਨ੍ਹਾਂ ਨਾਲ ਡਰਾਈਵਵਾਇਜ਼, ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.), ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.), ਅਤੇ ਟਰੱਕਿੰਗ ਉਦਯੋਗ ਦੇ ਹੋਰ ਪ੍ਰਤੀਨਿਧੀ ਵੀ ਸਨ। ਯੁਰੇਕ ਨੇ ਕਿਹਾ ਕਿ ਜਾਂਚ ਨੂੰ ਸਰਲ ਅਤੇ ਕਾਰਗਰ ਬਣਾਉਣ ਲਈ ਤਕਨਾਲੋਜੀ ਦੇ ਪ੍ਰਯੋਗ ਨਾਲ ਕਾਨੂੰਨ ਲਾਗੂ ਕਰਨ ਵਾਲੇ ਅਫ਼ਸਰ ਉੱਚ-ਖ਼ਤਰੇ ਵਾਲੇ ਟਰੱਕਾਂ ਦੀ ਪਛਾਣ ਕਰਨ ‘ਚ ਸਮਰੱਥ ਹੋਣਗੇ, ਨਾਲ ਹੀ ਤਾਅਬੇਦਾਰ ਕੈਰੀਅਰ ਦੀ ਲਾਗਤ ਅਤੇ ਸਮੇਂ ਦੀ ਬਚਤ ਵੀ ਹੋਵੇਗੀ।

ਡਰਾਈਵਵਾਇਜ਼ ਪ੍ਰੀ-ਕਲੀਅਰੈਂਸ ਅਮਰੀਕਾ ਦੇ 42 ਸੂਬਿਆਂ ਦੀਆਂ 700 ਥਾਵਾਂ ‘ਤੇ ਪਹਿਲਾਂ ਹੀ ਪ੍ਰਯੋਗ ਕੀਤਾ ਜਾ ਰਿਹਾ ਹੈ ਅਤੇ ਹੁਣ ਇਹ ਓਂਟਾਰੀਓ ਅਤੇ ਅਲਬਰਟਾ ਵਿਚ ਵੀ ਆ ਗਿਆ ਹੈ। ਇਹ ਸੇਵਾ ਦਰਜਨ ਭਰ ਟੈਲੀਮੈਟਿਕਸ ਅਤੇ ਇਲੈਕਟ੍ਰਾਨਿਕ ਲਾਗਿੰਗ ਡਿਵਾਇਸ (ਈ.ਐਲ.ਡੀ.) ਪ੍ਰੋਵਾਈਡਰਸ ਨੂੰ ਏਕੀਕ੍ਰਿਤ ਕਰਦੀ ਹੈ, ਜੋ ਕਿ ਰੀਸੈਲਰ ਵਜੋਂ ਕੰਮ ਕਰਦੇ ਹਨ, ਹਾਲਾਂਕਿ ਇਸ ਨੂੰ ਐਪਲ ਜਾਂ ਐਂਡਰਾਇਡ ਮੋਬਾਈਲ ਫ਼ੋਨਾਂ ‘ਤੇ ਇਕ ਐਪਲੀਕੇਸ਼ਨ ‘ਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਲਈ ਆਪਰੇਟਰਾਂ ਨੂੰ ਹਰ ਟਰੱਕ ਲਈ ਮਹੀਨੇ ਦੇ 14 ਡਾਲਰ ਖ਼ਰਚ ਕਰਨੇ ਪੈਣਗੇ, ਜਿਸ ਦੀ ਕਿ ਡਰਾਈਵਵਾਇਜ਼ ਦੇ ਮਾਰਕੀਟਿੰਗ ਦੇ ਉਪ-ਪ੍ਰਧਾਨ ਡੱਗ ਜੌਨਸਨ ਅਨੁਸਾਰ, ਆਮ ਤੌਰ ‘ਤੇ ਇਕ ਸਕੇਲ ਬਾਈਪਾਸ ਨਾਲ ਹੀ ਭਰਪਾਈ ਹੋ ਜਾਂਦੀ ਹੈ। ਟਰੱਕ ਨੂੰ ਹੌਲੀ ਕਰਨ, ਸਕੇਲ ‘ਤੇ ਹੌਲੀ ਹੌਲੀ ਚੱਲਣ ਅਤੇ ਮੁੜ ਹਾਈਵੇ ਦੀ ਗਤੀ ‘ਤੇ ਆਉਣ ਦੌਰਾਨ ਖ਼ਰਚ ਹੋਣ ਵਾਲੇ ਵਾਧੂ ਫ਼ਿਊਲ ਦੀ ਬੱਚਤ ਹੁੰਦੀ ਹੈ।

1 ਮਾਰਚ ਨੂੰ ਸੀ.ਵੀ.ਓ.ਆਰ. ਨਾਲ ਲੈਸ ਕੋਈ ਵੀ ਫ਼ਲੀਟ-ਓਂਟਾਰੀਓ ਅਤੇ ਯੂ.ਐਸ. ਤੋਂ ਇੱਥੇ ਕੰਮ ਕਰਨ ਦੀ ਇਜਾਜ਼ਤ ਪ੍ਰਾਪਤ- ਦਾਖ਼ਲ ਹੋਣ ਦੇ ਸਮਰੱਥ ਹੋਵੇਗੀ। ਉਨ੍ਹਾਂ ਦੀ ਬਾਈਪਾਸ ਦਰ ਉਨ੍ਹਾਂ ਦੇ ਸੀ.ਵੀ.ਓ.ਆਰ. ਰਿਕਾਰਡ ‘ਤੇ ਨਿਰਭਰ ਕਰੇਗੀ। ਹਰ ਆਪਰੇਟਰ, ਜੋ ਕਿ ਮੈਂਬਰ ਬਣਿਆ ਹੋਇਆ ਹੈ, ਦੀ ਅਨਿਯਮਤ ਜਾਂਚ ਹੋ ਸਕਦੀ ਹੈ, ਪਰ ਜੌਨਸਨ ਅਨੁਸਾਰ ਚੰਗੀ ਤਰ੍ਹਾਂ ਚਲਾਈ ਜਾ ਰਹੀ ਫ਼ਲੀਟ ਭਾਰ ਸਟੇਸ਼ਨਾਂ ਤੋਂ 90% ਬੱਚ ਸਕਦੀ ਹੈ।

ਪ੍ਰੀ-ਕਲੀਅਰੈਂਸ ਤੋਂ ਇਲਾਵਾ, ਓਂਟਾਰੀਓ ਨੇ ਚਾਰ ਭਾਰ ਸਟੇਸ਼ਨਾਂ ਵਿਖੇ ਪ੍ਰੀ-ਕਲੀਅਰੈਂਸ ਦੀ ਪਰਖ ਕਰਨ ਲਈ ਵੀ ਵੱਡਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸਟੇਸ਼ਨਾਂ ‘ਚ ਲੈਂਕੈਸਟਰ, ਵਿਟਬੀ/ਓਸ਼ਾਵਾ, ਪੁਟਨਮ ਦੱਖਣੀ ਅਤੇ ਵਾਈਨਲੈਂਡ ਸ਼ਾਮਲ ਹਨ। ਇਸ ‘ਚ ਇੰਟੈਲੀਜੈਂਟ ਇਮੇਜਿੰਗ ਸਿਸਟਮ (ਆਈ.ਆਈ.ਐਸ.) ਤਕਨਾਲੋਜੀ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ‘ਚ ਥਰਮਲ ਇਮੇਜਿੰਗ, ਖ਼ਤਰਨਾਕ ਵਸਤਾਂ ਪਲੇਕਾਰਡ ਰੀਡਿੰਗ, ਸੀ.ਵੀ.ਐਸ.ਏ. ਸਟੀਕਰ ਰੀਡਿੰਗ, ਅਤੇ ਯੂ.ਐਸ. ਡੀ.ਓ.ਟੀ. ਨੰਬਰ ਰੀਡਿੰਗ ਸ਼ਾਮਲ ਹਨ, ਜਿਸ ਨਾਲ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਸਕੇਲ ਵੱਲ ਆ ਰਹੇ ਟਰੱਕ ਨੂੰ ਜਾਂਚ ਲਈ ਰੋਕਿਆ ਜਾਵੇ ਜਾਂ ਨਾ।