ਸਹਿਦੇਵ ਦੀ ਨਜ਼ਰ ਹੈ ਮਿਡਲ ਮਾਈਲ ’ਤੇ

Avatar photo

ਜੇ ਤੁਸੀਂ ਵੱਡੀਆਂ ਕੰਪਨੀਆਂ ਦੀ ਕਤਾਰ ’ਚ ਆਉਣਾ ਚਾਹੁੰਦੇ ਹੋ ਤਾਂ ਤੁਹਾਡੇ ਸੁਪਨੇ ਵੀ ਵੱਡੇ ਹੋਣੇ ਚਾਹੀਦੇ ਹਨ ਅਤੇ ਤੁਹਾਡੇ ’ਚ ਇਸ ਪੱਧਰ ਦਾ ਕੰਮ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਰਾਘਵਿੰਦਰ ਸਹਿਦੇਵ ‘‘ਦੁਨੀਆਂ ’ਚ ਵੱਡਾ ਅਸਰ’’ ਛੱਡਣਾ ਚਾਹੁੰਦੇ ਹਨ ਅਤੇ ਉਨ੍ਹਾਂ ’ਚ ਆਪਣੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰਾ ਜੋਸ਼ ਹੈ।

ਨਿਊਪੋਰਟ ਰੋਬੋਟਿਕਸ ਦੇ ਰਾਘਵਿੰਦਰ ਸਹਿਦੇਵ, ਸਹਿ-ਸੰਸਥਾਪਕ ਅਤੇ ਸੀ.ਈ.ਓ.। ਤਸਵੀਰ: ਲੀਓ ਬਾਰੋਸ

ਉਹ ਨਿਊਪੋਰਟ ਰੋਬੋਟਿਕਸ ਨਾਮਕ ਕੰਪਨੀ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਹਨ, ਜੋ ਕਿ ਸ਼੍ਰੇਣੀ 8 ਟਰੱਕਾਂ ਨੂੰ ਥੋੜ੍ਹੀ ਦੂਰੀ ’ਤੇ ਖ਼ੁਦਮੁਖਤਿਆਰ ਸਫ਼ਰ ਕਰਨ ਦੇ ਯੋਗ ਬਣਾਉਂਦੀ ਹੈ। ਗੱਡੀਆਂ ’ਚ ਕੰਟਰੋਲਸ, ਗਤੀਸ਼ੀਲਤਾ ਸਿਸਟਮ, ਸੈਂਸਰ ਅਤੇ ਕੰਪਿਊਟਰ ਫ਼ਿੱਟ ਕੀਤੇ ਜਾਂਦੇ ਹਨ ਜੋ ਕਿ ਖ਼ੁਦਮੁਖਤਿਆਰ ਤਰੀਕੇ ਨਾਲ ਸਮਰਪਿਤ ਰਸਤਿਆਂ ’ਤੇ ਚਲਦੇ ਹਨ।

ਇਸ ਮਿੱਠਬੋਲੜੇ ਆਈ.ਟੀ. ਪੇਸ਼ੇਵਰ ਦੀਆਂ ਅੱਖਾਂ ਰੌਸ਼ਨ ਹੋ ਉਠਦੀਆਂ ਹਨ ਜਦੋਂ ਉਹ ਆਪਣੇ ਪਸੰਦੀਦਾ – ਰੋਬੋਟਿਕਸ ਅਤੇ ਖ਼ੁਦਮੁਖਤਿਆਰ ਡਰਾਈਵਿੰਗ ਦੇ ਵਿਸ਼ੇ ’ਤੇ ਗੱਲ ਕਰਦਾ ਹੈ। ਬਨਾਉਟੀ ਬੁੱਧੀ, ਕੰਪਿਊਟਰੀ ਅੱਖ ਅਤੇ ਮਸ਼ੀਨ ਲਰਨਿੰਗ ’ਚ ਉਹ ਮਾਹਰ ਹੈ।

ਸਹਿਦੇਵ ਨੇ ਕਿਹਾ, ‘‘ਵੱਡੇ ਅਦਾਰਿਆਂ ਨਾਲ ਕੰਮ ਕਰਨ ਦਾ ਮਜਾ ਤਾਂ ਇੱਥੇ ਹੀ ਆਉਂਦੈ।’’ ਵੱਡੀ ਮਾਤਰਾ ’ਚ ਪੈਸਾ ਹੀ ਕੋਈ ਹੱਲ ਨਹੀਂ ਪ੍ਰਦਾਨ ਕਰ ਸਕਦਾ। ਖ਼ੁਦਮੁਖਤਿਆਰ ਡਰਾਈਵਿੰਗ ’ਤੇ ਅਰਬਾਂ ਡਾਲਰ ਖ਼ਰਚ ਕਰ ਦਿੱਤੇ ਗਏ ਹਨ, ਪਰ ਨਤੀਜੇ ਉਸ ਅਨੁਪਾਤ ’ਚ ਨਹੀਂ ਨਿਕਲੇ। ਉਨ੍ਹਾਂ ਕਿਹਾ, ਸਾਰਾ ਸਵਾਲ ਇਹ ਹੈ ਕਿ ਤੁਸੀਂ ਕਿੱਥੇ ਅਤੇ ਕਿਸ ਤਰ੍ਹਾਂ ਪੈਸਾ ਖ਼ਰਚ ਕਰਨਾ ਚਾਹੁੰਦੇ ਹੋ।

ਸਹਿਦੇਵ ਨੇ ਕਿਹਾ, ‘‘ਤੁਸੀਂ ਕਿਸੇ ਵੀ ਕੰਪਨੀ ਨਾਲ ਮੁਕਾਬਲਾ ਕਰ ਸਕਦੇ ਹੋ, ਭਾਵੇਂ ਉਨ੍ਹਾਂ ਕੋਲ ਕਿੰਨੇ ਵੀ ਡਾਲਰ ਕਿਉ ਨਾ ਹੋਣ।’’ ਸਮੱਸਿਆ ਨੂੰ ਹੱਲ ਕਰਨ ਲਈ ਸਹੀ ਪਹੁੰਚ ਦੇ ਨਾਲ ਕਿਰਿਆਤਮਕ ਮੁਹਾਰਤ ਅਤੇ ਸਹੀ ਸੋਚ ਜ਼ਰੂਰੀ ਹੈ।

ਭਾਰਤ ’ਚ ਆਪਣੀ ਅੰਡਰਗਰੈਜੁਏਟ ਸਿੱਖਿਆ ਮੁਕੰਮਲ ਕਰਨ ਤੋਂ ਬਾਅਦ ਸਹਿਦੇਵ 2014 ’ਚ ਇੰਟਰਨਸ਼ਿਪ ’ਤੇ ਯੂਨੀਵਰਸਿਟੀ ਆਫ਼ ਟੋਰਾਂਟੋ ’ਚ ਖੋਜ ਕਾਰਜ ਲਈ ਕੈਨੇਡਾ ਆਏ ਸਨ। ਉਨ੍ਹਾਂ ਨੇ ਏਅਰੋਸਪੇਸ ਸਟੱਡੀਜ਼ ਲਈ ਯੂਨੀਵਰਸਿਟੀ ਆਫ਼ ਟੋਰਾਂਟੋ ਵਿਖੇ ਇੱਕ ਰੋਬੋਟ ਟੀਮ ਪ੍ਰਾਜੈਕਟ ’ਤੇ ਕੰਮ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਆਪਣੀ ਮਾਸਟਰ ਦੀ ਡਿਗਰੀ ਟੋਰਾਂਟੋ ਦੀ ਯੌਰਕ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਨਾਲ ਹੀ, ਉਹ

ਯੂ.ਐਫ਼.ਟੀ. ਵਿਖੇ ਵਿਜ਼ੀਟਿੰਗ ਗਰੈਜੁਏਸ਼ਨ ਵਿਦਿਆਰਥੀ ਦੇ ਤੌਰ ’ਤੇ ਖ਼ੁਦਮੁਖਤਿਆਰ ਡਰਾਈਵਿੰਗ ’ਤੇ ਕੰਮ ਕਰ ਰਿਹਾ ਸੀ।

ਇੱਕੋ ਸਮੇਂ ਚਾਰ ਨੌਕਰੀਆਂ ’ਤੇ ਕੰਮ ਕਰਨ ਤੋਂ ਬਾਅਦ, ਉਸ ਨੂੰ ਇੱਕ ਬਹੁ-ਕੌਮੀ ਟੈਲੀਕਾਮ ਕੰਪਨੀ ’ਚ ਨੌਕਰੀ ਮਿਲੀ। ਇਸ ਕੰਮ ਨੂੰ ‘ਹਲਕਾ-ਫ਼ੁਲਕਾ ਅਤੇ ਆਸਾਨ’ ਮੰਨਦਿਆਂ ਉਸ ਨੇ ਕੁੱਝ ਜ਼ਿਆਦਾ ‘ਚੁਨੌਤੀਪੂਰਨ’ ਕਰਨ ਦੀ ਸੋਚੀ।

ਸਹਿਦੇਵ ਨੇ 2019 ’ਚ ਬਾਓ ਸ਼ਿਨ ਚੈਨ ਨਾਲ ਮਿਲ ਕੇ ਨਿਊਪੋਰਟ ਰੋਬੋਟਿਕਸ ਦੀ ਸਥਾਪਨਾ ਕੀਤੀ। ਉਹ ਇੱਕੋ ਲੈਬਾਰਟਰੀ ’ਚ ਕੰਮ ਕਰਦਿਆਂ 2016 ’ਚ ਮਿਲੇ ਸਨ, ਅਤੇ ਉਨ੍ਹਾਂ ਨੇ ਇਕੱਠਿਆਂ ਪੇਪਰ ਪਬਲਿਸ਼ ਕੀਤੇ। ਕੰਪਨੀ ’ਚ 15 ਮੁਲਾਜ਼ਮ ਹਨ।

ਸਹਿਦੇਵ ਨੇ ਕਿਹਾ, ‘‘ਟਰੱਕਿੰਗ ਉਦਯੋਗ ਦਾ ਆਕਾਰ ਮੈਨੂੰ ਬਹੁਤ ਪ੍ਰਭਾਵਤ ਕਰਦਾ ਹੈ।’’ ਉਸ ਨੇ ਵੇਖਿਆ ਕਿ 2018-19 ’ਚ ਕਿਸ ਤਰ੍ਹਾਂ ਖ਼ੁਦਮੁਖਤਿਆਰ ਟਰੱਕਿੰਗ ਆਕਾਰ ਲੈ ਰਿਹਾ ਸੀ ਅਤੇ ਕਿਹਾ ਕਿ ਕੋਈ ਸ਼ੱਕ ਨਹੀਂ ਕਿ ਇਹੀ ਉਹ ਪਹਿਲਾ ਉਦਯੋਗ ਹੋਵੇਗਾ ਜੋ ਕਿ ਆਟੋਮੇਟਡ ਬਣੇਗਾ। 28 ਵਰ੍ਹਿਆਂ ਦਾ ਇਹ ਖੋਜੀ ਆਪਣੀ ਜ਼ਿੰਦਗੀ ਦੇ ਅਗਲੇ 10 ਸਾਲ ਖ਼ੁਦਮੁਖਤਿਆਰ ਡਰਾਈਵਿੰਗ ਨੂੰ ਬਿਹਤਰ ਕਰਨ ਲਈ ਸਮਰਪਿਤ ਕਰ ਰਿਹਾ ਹੈ।

ਤਸਵੀਰ: ਨਿਊਪੋਰਟ ਰੋਬੋਟਿਕਸ

ਉਨ੍ਹਾਂ ਦੀ ਕੰਪਨੀ ਮਿਡਲ ਮਾਈਲ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿੱਥੇ ਕਿ ਰੂਟ ਆਮ ਤੌਰ ’ਤੇ 50 ਕਿਲੋਮੀਟਰ ਤੋਂ ਘੱਟ ਹੁੰਦੇ ਹਨ। ਉਦਾਹਰਣ ਦੇ ਤੌਰ ’ਤੇ, ਇੱਕ ਟਰੱਕ ਡਿਸਟ੍ਰੀਬਿਊਸ਼ਨ ਕੇਂਦਰ ਤੋਂ ਰੇਲ ਟਰਮੀਨਲ ਤੱਕ ਅਤੇ ਵਾਪਸ ਸਫ਼ਰ ਕਰਦਾ ਹੈ, ਜਾਂ ਇੱਕ ਸ਼ਿੱਪਿੰਗ ਪੋਰਟ ਤੋਂ ਨਿਰਮਾਣ ਟਿਕਾਣਿਆਂ ਤੱਕ ਚਲਦਾ ਹੈ।

ਟਰੱਕ ਨੂੰ ਰੈਟਰੋਫ਼ਿੱਟ ਕਰਨ ਨਾਲ ਇਸ ਦੇ ਜੀਵਨਕਾਲ ’ਚ ਵਾਧਾ ਹੁੰਦਾ ਹੈ। ਜੋ ਗੱਡੀ ਪੰਜ ਜਾਂ ਛੇ ਸਾਲਾਂ ਲਈ ਪ੍ਰਯੋਗ ਕੀਤੀ ਜਾਂਦੀ ਹੈ ਉਸ ਨੂੰ ਸੱਤ ਜਾਂ ਅੱਠ ਸਾਲਾਂ ਤੱਕ ਕੰਮ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਸਹਿਦੇਵ ਨੇ ਕਿਹਾ, ‘‘ਡਰਾਈਵਰ ਦੀ ਕਾਰਗੁਜ਼ਾਰੀ ਵਧਣ ਲਗ ਜਾਂਦੀ ਹੈ।’’ ਜਿਸ ਕੰਮ ਲਈ ਅੱਠ ਘੰਟੇ ਲੱਗਦੇ ਸਨ ਉਸ ਨੂੰ ਛੇ ਘੰਟਿਆਂ ’ਚ ਮੁਕੰਮਲ ਕੀਤਾ ਜਾ ਸਕਦਾ ਹੈ ਅਤੇ ਜਿਉਂ-ਜਿਉਂ ਕੰਮ ’ਚ ਸੁਧਾਰ ਹੁੰਦਾ ਜਾਂਦਾ ਹੈ, ਸਮੇਂ ਨੂੰ ਹੋਰ ਘੱਟ ਕੀਤਾ ਜਾ ਸਕਦਾ ਹੈ। ਨਾਲ ਹੀ ਡਰਾਈਵਰਾਂ ਦੀ ਕਮੀ ਦੀ ਸਮੱਸਿਆ ਦਾ ਵੀ ਹੱਲ ਹੋ ਰਿਹਾ ਹੈ।

ਤਸਵੀਰ: ਨਿਊਪੋਰਟ ਰੋਬੋਟਿਕਸ

ਰੈਟਰੋਫ਼ਿੱਟ ਦੀ ਪ੍ਰਕਿਰਿਆ ’ਚ ਕੁੱਝ ਹਫ਼ਤੇ ਲੱਗ ਜਾਂਦੇ ਹਨ ਅਤੇ ਇਸ ਦੇ ਦੋ ਹਿੱਸੇ ਹੁੰਦੇ ਹਨ। ਪਹਿਲਾ ਹਿੱਸਾ ਸੈਂਸਰ ਮਾਊਂਟ, ਸੈਂਸਰ, ਅਤੇ ਆਨਬੋਰਡ ਕੰਪਿਊਟਰ ਲਾਉਣਾ ਹੁੰਦਾ ਹੈ। ਦੂਜਾ ਕੰਟਰੋਲ ਅਤੇ ਗਤੀਸ਼ੀਲਤਾ ਸਥਾਪਤ ਕਰਨਾ ਹੁੰਦਾ ਹੈ। ਸਹਿਦੇਵ ਨੇ ਕਿਹਾ ਕਿ ਆਰਥਿਕਤਾ ’ਤੇ ਵੀ ਜ਼ਿਆਦਾ ਅਸਰ ਨਹੀਂ ਪੈਂਦਾ ਕਿਉਂਕਿ ਇਹ ਇੱਕ ਸਮੇਂ ਹੋਣ ਵਾਲਾ ਨਿਵੇਸ਼ ਹੈ ਅਤੇ ਇਸ ਦੀ ਲਾਗਤ ਪਹਿਲੇ ਦੋ ਸਾਲਾਂ ’ਚ ਹੀ ਨਿਕਲ ਜਾਂਦੀ ਹੈ।

ਇੱਕ ਡਰਾਈਵਰ ਹਮੇਸ਼ਾ ਟਰੱਕ ’ਚ ਬੈਠਾ ਰਹਿੰਦਾ ਹੈ ਅਤੇ ਟਰੇਲਰ ਨੂੰ ਹੁੱਕ ਅਤੇ ਅਨਹੁੱਕ ਕਰਦਾ ਹੈ। ਨਿਊਪੋਰਟ ਰੋਬੋਟਿਕਸ ਡਰਾਈਵਰਾਂ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਸਿਸਟਮ ਤਿਆਰ ਕਰ ਰਿਹਾ ਹੈ। ਇਹ ਕੰਮ ਚਲਦੇ ਸਮੇਂ ਤੁਰੰਤ ਰੂਟ ਸੁਧਾਰ ਅਤੇ ਸਲਾਹ ਨਾਲ ਹੁੰਦਾ ਹੈ, ਜਿਸ ਦਾ ਟੀਚਾ ਪੂਰੀ ਤਰ੍ਹਾਂ ਖ਼ੁਦਮੁਖਤਿਆਰ ਟਰੱਕ ਤਿਆਰ ਕਰਨਾ ਹੈ।

ਨਿਊਪੋਰਟ ਰੋਬੋਟਿਕਸ ਨੇ ਕੈਨੇਡੀਅਨ ਟਾਇਰ ਕੰਪਨੀ ਦੇ ਦੋ ਟਰੈਕਟਰਾਂ ਨੂੰ ਸੈਂਸਰਾਂ ਅਤੇ ਕੰਟਰੋਲਸ ਨਾਲ ਰੇਟਰੋਫਿੱਟ ਕੀਤਾ ਹੈ ਜੋ ਕਿ ਇਸ ਨੂੰ ਖ਼ੁਦਮੁਖਤਿਆਰ ਤਰੀਕੇ ਨਾਲ ਡਿਸਟ੍ਰੀਬਿਊਸ਼ਨ ਕੇਂਦਰ ਅਤੇ ਨੇੜਲੇ ਰੇਲ ਟਰਮੀਨਲਾਂ ਵਿਚਕਾਰ ਵਸਤਾਂ ਦੀ ਆਵਾਜਾਈ ਕਰਨ ਦੇ ਯੋਗ ਬਣਾਉਂਦੇ ਹਨ। ਤਸਵੀਰਾਂ: ਨਿਊਪੋਰਟ ਰੋਬੋਟਿਕਸ

ਨਿਊਪੋਰਟ ਰੋਬੋਟਿਕਸ ਨੇ ਕੈਨੇਡੀਅਨ ਟਾਇਰ ਕੰਪਨੀ ਦੇ ਦੋ ਟਰੈਕਟਰਾਂ ਨੂੰ ਸੈਂਸਰਾਂ ਅਤੇ ਕੰਟਰੋਲਸ ਨਾਲ ਰੇਟਰੋਫਿੱਟ ਕੀਤਾ ਹੈ ਜੋ ਕਿ ਇਸ ਨੂੰ ਖ਼ੁਦਮੁਖਤਿਆਰ ਤਰੀਕੇ ਨਾਲ ਡਿਸਟ੍ਰੀਬਿਊਸ਼ਨ ਕੇਂਦਰ ਅਤੇ ਨੇੜਲੇ ਰੇਲ ਟਰਮੀਨਲਾਂ ਵਿਚਕਾਰ ਵਸਤਾਂ ਦੀ ਆਵਾਜਾਈ ਕਰਨ ਦੇ ਯੋਗ ਬਣਾਉਂਦੇ ਹਨ। ਸਹਿਦੇਵ ਨੇ ਕਿਹਾ ਕਿ ਉਸ ਦੀ ਕੰਪਨੀ ਦੀ ਇਸ ਵਿਸ਼ਾਲ ਰਿਟੇਲ ਕੰਪਨੀ ਨਾਲ ਭਾਈਵਾਲੀ ਨੇ ਡਿਸਪੈਚ ਅਤੇ ਟਰੱਕਿੰਗ ਕਾਰਵਾਈਆਂ ’ਚ ਅੰਤਰਦਿ੍ਰਸ਼ਟੀ ਪੇਸ਼ ਕੀਤੀ ਹੈ। ਕੰਪਨੀਆਂ ਨੇ ਟਿਕਾਊਪਨ, ਕਾਰਬਨ ਪੈੜਾਂ ਘੱਟ ਕਰਨ ਤੇ ਉਤਸਰਜਨ, ਅਤੇ ਸੁਰੱਖਿਆ ਵਧਾਉਣ ਬਾਰੇ ਵੀ ਆਪਣੇ ਟੀਚੇ ਸਾਂਝੇ ਕੀਤੇ ਹਨ।

ਸਹਿਦੇਵ ਛੋਟੀ ਉਮਰ ਤੋਂ ਹੀ ਚੀਜ਼ਾਂ ਬਣਾਉਣ ਅਤੇ ਨਵੀਂਆਂ ਖੋਜਾਂ ਕਰਨ ’ਚ ਲੱਗੇ ਹੋਏ ਹਨ। ਤੀਜੀ ਜਮਾਤ ’ਚ ਉਹ ਕੰਪੋਨੈਂਟ ਜੋੜ ਰਹੇ ਸਨ। ‘‘ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਿਹਾ ਸੀ, ਪਰ ਮੈਂ ਕੁੱਝ ਬਣਾ ਰਿਹਾ ਸੀ।’’ ਅੱਠਵੀਂ ਜਮਾਤ ’ਚ ਉਨ੍ਹਾਂ ਨੇ ਹੋਲੋਗ੍ਰਾਫ਼ਿਕ ਪ੍ਰੋਜੈਕਸ਼ਨ ਬਣਾਉਣ ਦੀ ਸੋਚੀ, ਜੋ ਤਕਨਾਲੋਜੀ ਅੱਜ ਹੋਲੋਲੈਂਜ਼ ’ਚ ਮੌਜੂਦ ਹੈ। ਦਸਵੀਂ ਜਮਾਤ ਤੱਕ ਉਹ ਰੋਬੋਟਿਕਸ ਅਤੇ ਤਕਨਾਲੋਜੀ ’ਤੇ ਕੇਂਦਰਤ ਹੋ ਗਏ। ਉਨ੍ਹਾਂ ਕਿਹਾ, ‘‘ਮੈਨੂੰ ਪਤਾ ਸੀ ਕਿ ਮੈਂ ਨਵੀਂਆਂ ਖੋਜਾਂ ਅਤੇ ਇੰਜਨੀਅਰਿੰਗ ਕਰਾਂਗਾ।’’

ਸਹਿਦੇਵ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕਰੀਅਰ ’ਤੇ ਧਿਆਨ ਦੇਣਾ ਚਾਹੀਦਾ ਹੈ। ਕੁੱਝ ਲੋਕ ਕਹਿੰਦੇ ਹਨ ਕਿ ਉਹ ਇੰਜਨੀਅਰਿੰਗ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਉਂ। ਸਹਿਦੇਵ ਨੇ ਕਿਹਾ, ‘‘ਇਹ ਪਤਾ ਕਰੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਕੀ ਕਰਨਾ ਪਸੰਦ ਕਰਦੇ ਹੋ, ਕਿਉਂਕਿ ਜਦੋਂ ਤੁਸੀਂ ਇਹ ਜਾਣ ਲਵੋਗੇ ਅਗਲਾ ਰਸਤਾ ਖ਼ੁਦ ਹੀ ਤਿਆਰ ਹੁੰਦਾ ਜਾਵੇਗਾ।’’ ਇਸ ਤੋਂ ਬਾਅਦ ਤੁਸੀਂ ਪ੍ਰਕਿਰਿਆ ’ਤੇ ਧਿਆਨ ਕੇਂਦਰਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਸਲਾਹਾਂ ਦੇਣ ਲਈ ਬਹੁਤ ਸਾਰੇ ਲੋਕ ਤਿਆਰ ਹੋ ਜਾਣਗੇ, ਅਤੇ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਕਿਹੜੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਇਸ ’ਚੋਂ ਜ਼ਿਆਦਾਤਰ ਤੁਹਾਡੇ ’ਤੇ ਖਰੀ ਨਹੀਂ ਉਤਰਦੀ।

ਅਗਲਾ ਕਦਮ ਉਨ੍ਹਾਂ ਦੀ ਤਕਨਾਲੋਜੀ ਸਾਰੀ ਦੁਨੀਆਂ ਦੇ ਟਰੱਕਾਂ ’ਚ ਲਾਗੂ ਹੁੰਦੀ ਵੇਖਣਾ ਹੈ। ਉਹ ਆਪਣੀ ਕੰਪਨੀ ਨੂੰ ਬਿਲੀਅਨ-ਡਾਲਰ ਬਣਦੀ ਵੀ ਵੇਖਣਾ ਚਾਹੁੰਦੇ ਹਨ। ਵੱਡੇ ਸੁਪਨੇ ਅਤੇ ਵੱਡੇ ਟੀਚੇ। ਸਹਿਦੇਵ ਇਨ੍ਹਾਂ ਵੱਡੇ ਅਦਾਰਿਆਂ ਵਾਂਗ ਕੰਮ ਕਰਨ ਲਈ ਤਿਆਰ-ਬਰ-ਤਿਆਰ ਹੈ।

ਲੀਓ ਬਾਰੋਸ ਵੱਲੋਂ