‘ਸਾਡੀਆਂ ਅੱਖਾਂ ਸਾਹਮਣੇ ਉਹ ਚੋਰੀ ਕਰ ਕੇ ਲੈ ਗਏ’

Avatar photo
”ਸਾਨੂੰ ਬਿਨਾਂ ਕਿਸੇ ਕਸੂਰ ਤੋਂ ਜੁਰਮਾਨਾ ਭਰਨਾ ਪਿਆ।” – ਮਹਿੰਦਰ ਚੱਢੇ

ਹਰਪ੍ਰੀਤ ਅਤੇ ਮਹਿੰਦਰ ਚੱਡੇ ਨਾਲ ਪਿੱਛਲੇ ਇੱਕ ਸਾਲ ਦੌਰਾਨ ਤਿੰਨ ਵਾਰੀ ਕਾਰਗੋ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ।

ਉਹ ਦੋਵੇਂ ਮਿਸੀਸਾਗਾ ਦੀ ਇੱਕ ਛੋਟੀ ਕੰਪਨੀ ਤੱਲਹਨ ਟਰਾਂਸਪੋਰਟ ਦੇ ਮਾਲਕ ਹਨ ਅਤੇ ਇਨ੍ਹਾਂ ਚੋਰੀਆਂ ਤੋਂ ਬਾਅਦ ਵਿੱਤੀ ਅਤੇ ਭਾਵਨਾਤਮਕ ਤੌਰ ‘ਤੇ ਟੁੱਟ ਚੁੱਕੇ ਹਨ।

ਰੋਡ ਟੂਡੇ ਨਾਲ ਇੱਕ ਇੰਟਰਵਿਊ ‘ਚ ਉਨ੍ਹਾਂ ਕਿਹਾ, ”ਇਸ ਤਰ੍ਹਾਂ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ?”

ਇਹ ਦੋਵੇਂ 1996 ਤੋਂ ਟਰੱਕਿੰਗ ਖੇਤਰ ‘ਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ 2005 ‘ਚ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਕੁੱਝ ਸਮੇਂ ਤੋਂ ਆਪਣਾ ਕਾਰੋਬਾਰ ਵਧਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਡਿੱਗ ਰਹੇ ਕਿਰਾਏ-ਭਾੜੇ ਦੀਆਂ ਦਰਾਂ, ਸਖ਼ਤ ਮੁਕਾਬਲੇਬਾਜ਼ੀ, ਭਰੋਸੇਯੋਗ ਡਰਾਈਵਰਾਂ ਦੀ ਕਮੀ ਅਤੇ ਹੁਣ ਚੋਰੀਆਂ ਕਰ ਕੇ ਬਹੁਤ ਧੱਕਾ ਲੱਗਾ ਹੈ।

ਤਾਜ਼ਾ ਘਟਨਾ 20 ਦਸੰਬਰ ਦੀ ਹੈ ਜੋ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਿਲਾਂ ਕੰਮ ਦਾ ਆਖ਼ਰੀ ਦਿਨ ਸੀ। ਹਰਪ੍ਰੀਤ ਚੱਡੇ ਅਤੇ ਉਸ ਦੇ ਪਤੀ ਅਜੇ ਦਫ਼ਤਰ ਤੋਂ ਬਾਹਰ ਨਿਕਲੇ ਹੀ ਸਨ ਕਿ ਕਿਸੇ ਨੇ ਉਨ੍ਹਾਂ ਨੂੰ ਚੋਰੀ ਬਾਰੇ ਸੂਚਨਾ ਦਿੱਤੀ।

ਉਨ੍ਹਾਂ ਕਿਹਾ, ”ਅਸੀਂ ਸ਼ਾਮ 4:53 ਵਜੇ ਦਫ਼ਤਰ ਤੋਂ ਨਿਕਲੇ ਅਤੇ 4:58 ਵਜੇ ਫ਼ੋਨ ਆ ਗਿਆ ਕਿ ਸਾਡਾ ਟਰੱਕ ਚੋਰੀ ਹੋ ਗਿਆ ਹੈ।”

ਹਰਪ੍ਰੀਤ ਚੱਡੇ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਚੋਰ ਉਨ੍ਹਾਂ ‘ਤੇ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਦੇ ਜਾਣ ਦੀ ਉਡੀਕ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਚੋਰ ਸਿਰਫ਼ ਟਰੈਕਟਰ ਲੈ ਕੇ ਗਏ ਕਿਉਂਕਿ ਉਹ ਕਿਸੇ ਹੋਰ ਦਾ ਟਰੇਲਰ ਚੋਰੀ ਕਰਨਾ ਚਾਹੁੰਦੇ ਸਨ।

ਚੋਰੀ ਦੀ ਖ਼ਬਰ ਸੁਣਦਿਆਂ ਹੀ ਉਹ ਦੋਵੇਂ ਦਫ਼ਤਰ ਵੱਲ ਮੁੜੇ ਅਤੇ ਪੁਲਿਸ ਨੂੰ ਖ਼ਬਰ ਦਿੱਤੀ।

ਹਰਪ੍ਰੀਤ ਚੱਡੇ ਨੇ ਕਿਹਾ, ”ਉਹ ਸ਼ੁਕਰਵਾਰ ਦੀ ਰਾਤ ਸੀ। ਮੈਂ ਪੁਲਿਸ ਵਾਲਿਆਂ ਨੂੰ ਫ਼ੋਨ ਕੀਤਾ। ਉਨ੍ਹਾਂ ਕਿਹਾ ਕਿ ਉਹ ਦੋ ਜਾਂ ਤਿੰਨ ਘੰਟਿਆਂ ਤਕ ਆ ਜਾਣਗੇ। ਮੈਂ ਦਫ਼ਤਰ ‘ਚ ਰਾਤ ਦੇ 10 ਵਜੇ ਤਕ ਉਡੀਕ ਕੀਤੀ ਪਰ ਕੋਈ ਨਹੀਂ ਆਇਆ।”

ਉਸੇ ਰਾਤ ਦੋਹਾਂ ਪਤੀ-ਪਤਨੀ ਨੂੰ ਕਿਸੇ ਤੋਂ ਸੂਹ ਮਿਲੀ ਅਤੇ ਉਨ੍ਹਾਂ ਨੇ ਆਪਣੇ ਦਫ਼ਤਰ ਤੋਂ 20 ਕਿਲੋਮੀਟਰ ਦੂਰ ਮਾਲਟਨ ‘ਚ ਜਾ ਕੇ ਆਪਣਾ ਟਰੱਕ ਲੱਭ ਲਿਆ।

ਮਹਿੰਦਰ ਚੱਡੇ ਨੇ ਕਿਹਾ, ”ਅਸੀਂ ਪੁਲਿਸ ਨੂੰ ਕਿਹਾ ਕਿ ਉਹ ਆ ਕੇ ਸਾਨੂੰ ਆਪਣੇ ਟਰੱਕ ਦਾ ਕਬਜ਼ਾ ਦੇਣ।”

ਪਰ ਪੁਲਿਸ ਵਾਲੇ ਉਸ ਵੇਲੇ ‘ਕਿਸੇ ਹੋਰ ਕੰਮ’ ‘ਚ ਰੁੱਝੇ ਹੋਏ ਸਨ।

ਪੁਲਿਸ ਨੇ ਦੋਹਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਆਪਣੀ ਗੱਡੀ ਨੂੰ ਖ਼ੁਦ ਕਬਜ਼ੇ ‘ਚ ਕਰਨ ਦੀ ਜ਼ੁਰਅਤ ਨਾ ਕਰਨ ਕਿਉਂਕਿ ਇਸ ਨਾਲ ਉਲਟਾ ਉਨ੍ਹਾਂ ‘ਤੇ ਹੀ ਚੋਰੀ ਦਾ ਕੇਸ ਹੋ ਸਕਦਾ ਹੈ।

ਅੱਧੀ ਰਾਤ ਦੇ ਲਗਭਗ ਕੋਈ ਟਰੱਕ ‘ਚ ਆਇਆ, ਉਸ ਨੂੰ 20 ਮਿੰਟਾਂ ਤਕ ਵਾਰਮ-ਅੱਪ ਕੀਤਾ ਅਤੇ ਚਲਾ ਕੇ ਲੈ ਗਿਆ। ਦੋਵੇਂ ਪਤੀ-ਪਤਨੀ ਨੇ ਇਸ ਘਟਨਾ ਦਾ ਵੀਡੀਉ ਵੀ ਬਣਾਇਆ।

ਹਰਪ੍ਰੀਤ ਚੱਡੇ ਨੇ ਕਿਹਾ, ”ਉਹ ਸਾਡੇ ਟਰੱਕ ਨੂੰ ਸਾਡੇ ਹੀ ਸਾਹਮਣੇ ਚੋਰੀ ਕਰ ਕੇ ਲੈ ਗਏ।”

ਪੁਲਿਸ ਵਾਲੇ ਅਗਲੇ ਦਿਨ ਸਵੇਰੇ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਬਿਆਨ ਨੋਟ ਕਰ ਕੇ ਲੈ ਗਏ।

ਦੋ ਦਿਨਾਂ ਦੀ ਪ੍ਰੇਸ਼ਾਨੀ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਟਰੱਕ ਮਾਲਟਨ ‘ਚੋਂ ਲੱਭਿਆ।

ਉਦੋਂ ਤਕ ਉਨ੍ਹਾਂ ਦਾ ਵੋਲਵੋ ਟਰੱਕ 350 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਾ ਸੀ। ਦੋ ਵਾਰੀ ਐਕਸਪ੍ਰੈੱਸ ਟੋਲ ਰੂਟ ‘ਤੇ ਜਾ ਚੁੱਕਾ ਸੀ ਜਿਸ ਲਈ ਤੱਲਹਨ ਨੂੰ ਇਨਵੋਇਸ ਵੀ ਮਿਲਿਆ ਅਤੇ ਉਨ੍ਹਾਂ ਦਾ ਟਰੱਕ ਪਹਿਲਾਂ ਵਰਗਾ ਬਿਲਕੁਲ ਨਹੀਂ ਰਹਿ ਗਿਆ ਸੀ।

ਟਰੱਕ ਦਾ ਇੱਕ ਫ਼ੈਂਡਰ ਅਤੇ ਗਰਿੱਲ ਟੁੱਟੇ ਹੋਏ ਸਨ, ਫ਼ਰਿੱਜ ਅਤੇ ਹੀਟਰ ਕੈਬ ਤੋਂ ਵੱਖ ਹੋ ਚੁੱਕੇ ਸਨ। ਕੁਲ ਮਿਲਾ ਕੇ ਉਨ੍ਹਾਂ ਨੂੰ 16,000 ਡਾਲਰ ਤੋਂ ਵੱਧ ਨੁਕਸਾਨ ਹੋਇਆ, ਜਿਸ ‘ਚ 5,000 ਡਾਲਰ ਦੀ ਬੀਮਾ ਕਟੋਤੀ (ਡਿਡਕਟੇਬਲ) ਵੀ ਸ਼ਾਮਲ ਸੀ।

ਪਤੀ-ਪਤਨੀ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਗ਼ਲਤੀ ਨਹੀਂ ਸੀ, ਫਿਰ ਵੀ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ।

ਮਹਿੰਦਰ ਚੱਡੇ ਨੇ ਕਿਹਾ, ”ਮੈਨੂੰ ਨਹੀਂ ਪਤਾ ਕਿ ਨਵਾਂ ਬੀਮਾ ਕਰਵਾਉਣ ‘ਤੇ ਮੈਨੂੰ ਕਿੰਨਾ ਵਾਧੂ ਖ਼ਰਚਾ ਦੇਣਾ ਪਵੇਗਾ।”

ਕੰਪਨੀ ‘ਚ ਪਹਿਲੀ ਚੋਰੀ ਮਾਰਚ 2019 ‘ਚ ਹੋਈ ਸੀ, ਅਤੇ ਇਸ ਦੀ ਪੰਜ ਘੰਟਿਆਂ ਬਾਅਦ ਵਸੂਲੀ ਹੋ ਗਈ ਸੀ। ਚਾਰ ਜਣਿਆਂ ਦਾ ਗੈਂਗ ਆਇਆ ਅਤੇ ਟਰੱਕ ਤੇ ਟਰੇਲਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਅਜਿਹਾ ਨਹੀਂ ਕਰ ਸਕੇ।

ਹਰਪ੍ਰੀਤ ਚੱਡੇ ਨੇ ਕਿਹਾ, ”ਫਿਰ ਉਨ੍ਹਾਂ ਨੇ ਮਕੈਨਿਕ ਨੂੰ ਸੱਦਿਆ। ਮੈਂ ਹਰ ਚੀਜ਼ ਦੀ ਨਿਗਰਾਨੀ ਵੀਡੀਉ ਰੱਖੀ ਹੋਈ ਹੈ।”

ਚੋਰਾਂ ਨੂੰ ਕੋਈ ਕੰਮ ਦੀ ਚੀਜ਼ ਨਹੀਂ ਮਿਲੀ, ਕਿਉਂਕਿ ਟਰੇਲਰ ਖ਼ਾਲੀ ਸੀ। ਖਿੱਝ ਕੇ ਗੈਂਗ ਟਰੱਕ ਅੰਦਰਲੇ ਪਏ ਔਜ਼ਾਰ ਹੀ ਲੈ ਕੇ ਭੱਜ ਗਿਆ।

ਸੁਰੱਖਿਆ ਵਜੋਂ ਤੱਲਹਨ ਟਰਾਂਸਪੋਰਟ ਕਦੇ ਵੀ ਯਾਰਡ ‘ਚ ਭਰੇ-ਭਰਾਏ ਟਰੇਲਰ ਖੜ੍ਹੇ ਨਹੀਂ ਕਰਦਾ।

ਕੰਪਨੀ ਸੀ-ਟੀ.ਪੀ.ਏ.ਟੀ. ਪ੍ਰਮਾਣਿਤ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਅਮਰੀਕਾ ਦੀ ਅਗਵਾਈ ਵਾਲੇ ਅਤਿਵਾਦ ਵਿਰੁੱਧ ਪ੍ਰੋਗਰਾਮ ‘ਚ ਕਸਟਮ-ਟਰੇਡ ਭਾਈਵਾਲੀ ਦਾ ਸਵੈਇੱਛਤ ਦਾਖ਼ਲਾ ਲਿਆ ਹੈ। ਇਸ ਦੇ ਮੈਂਬਰਾਂ ਨੂੰ ਸਰਹੱਦ ‘ਤੇ ਕ੍ਰਮਬੱਧ ਜਾਂਚ ਅਤੇ ਘੱਟ ਸਮਾਂ ਉਡੀਕ ਦੀ ਜ਼ਰੂਰਤ ਪੈਂਦੀ ਹੈ।

ਹਾਲਾਂਕਿ ਚੋਰਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਹਰਪ੍ਰੀਤ ਚੱਡੇ ਨੇ ਕਿਹਾ ਕਿ ਪੁਲਿਸ ਨੇ ਟਰੱਕਿੰਗ ਕੰਪਨੀਆਂ ਨੂੰ ਕਿਹਾ ਹੋਇਆ ਹੈ ਕਿ ਉਹ ਵਧੇਰੇ ਖ਼ਤਰੇ ਵਾਲੇ ਇਲਾਕੇ ‘ਚ ਕੰਮ ਕਰ ਰਹੀਆਂ ਹਨ।

ਉਨ੍ਹਾਂ ਕਿਹਾ, ”ਜੇਕਰ ਤੁਹਾਨੂੰ ਪਤਾ ਹੈ ਕਿ ਇੱਥੇ ਚੋਰੀਆਂ ਦਾ ਖ਼ਤਰਾ ਜ਼ਿਆਦਾ ਹੈ ਤਾਂ ਤੁਸੀਂ ਇਨ੍ਹਾਂ ਨੂੰ ਰੋਕਣ ਲਈ ਕੁੱਝ ਕਰਦੇ ਕਿਉਂ ਨਹੀਂ?”

ਇਸ ਇਲਾਕੇ ‘ਚ ਸਾਡੇ ਫੁੰਡਣ ਲਈ ਕਈ ਨਿਸ਼ਾਨੇ ਹਨ।”

ਪੀਲ ਖੇਤਰ ਦੀ ਮੌਜੂਦਾ ਸਥਿਤੀ ਦਾ ਵਰਣਨ ਕਰਨ ਲਈ ਸਾਬਕਾ ਪੁਲਿਸ ਅਫ਼ਸਰ ਮਾਈਕ ਪਰੋਸਕਾ ਨੇ 1986 ‘ਚ ਆਈ ਟਾਮ ਕਰੂਜ਼ ਦੀ ਅਦਾਕਾਰੀ ਵਾਲੀ ਫ਼ਿਲਮ ਟੌਪ ਗਨ ਦੇ ਇਸ ਸੰਵਾਦ ਦਾ ਪ੍ਰਯੋਗ ਕੀਤਾ, ਜਿੱਥੇ ਕਿ ਕਾਰਗੋ ਅਪਰਾਧ ਕਈ ਸਾਲਾਂ ਤੋਂ ਵੱਡੀ ਸਮੱਸਿਆ ਬਣ ਚੁੱਕੇ ਹਨ।

ਪਰੋਸਕਾ ਨੇ ਕਿਹਾ, ”ਇਸ ਲਈ ਜਿੱਥੇ ਜ਼ਿਆਦਾ ਸਮਾਨ ਦੀ ਢੋਆ-ਢੋਆਈ ਹੁੰਦੀ ਹੈ, ਉੱਥੇ ਚੋਰੀਆਂ ਦੇ ਮੌਕੇ ਵੀ ਵੱਧ ਹੁੰਦੇ ਹਨ।”

ਉਹ ਬਰਲਿੰਗਟਨ, ਓਂਟਾਰੀਓ ਵਿਖੇ ਸਥਿਤ ਨਿਜੀ ਜਾਂਚ ਸੇਵਾਵਾਂ ਦੀ ਏਜੰਸੀ ਬਰਲੋਕ ਇਨਵੈਸਟੀਗੇਟਿਵ ਸਰਵਸਿਜ਼ ਚਲਾਉਂਦੇ ਹਨ।

ਪਰੋਸਕਾ ਨੇ ਮਾਰਚ ਮਹੀਨੇ ਦੇ ਅਖ਼ੀਰਲੇ ਦਿਨਾਂ ‘ਚ ਰੋਡ ਟੂਡੇ ਨਾਲ ਗੱਲ ਕੀਤੀ ਜਦੋਂ ਓਂਟਾਰੀਓ ਕੋਵਿਡ-19 ਦੇ ਪਸਾਰੇ ਨੂੰ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰ ਰਿਹਾ ਸੀ।

ਮਾਰਚ ਦੇ ਤੀਜੇ ਹਫ਼ਤੇ ‘ਚ ਉਨ੍ਹਾਂ ਕਿਹਾ ਕਿ ਇਸ ਮਹੀਨੇ ‘ਹੀ ਉਨ੍ਹਾਂ ਦੀ ਕੰਪਨੀ  ਨੂੰ ਚੋਰੀ ਦੇ ਚਾਰ ਕੇਸਾਂ ਦੀ ਸੂਚਨਾ ਦਿੱਤੀ ਗਈ ਹੈ।

ਪਰੋਸਕਾ ਅਨੁਸਾਰ, ”ਉਨ੍ਹਾਂ ਦੀਆਂ ਚੋਰੀਆਂ ਨਹੀਂ ਰੁਕਦੀਆਂ, ਭਾਵੇਂ ਜੋ ਵੀ ਹੋ ਜਾਵੇ।”

ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਸ਼ਹਿਰ ਨੂੰ ਮਿਲਾ ਕੇ ਪੀਲ ਖੇਤਰ ਬਣਦਾ ਹੈ, ਜੋ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਕੈਨੇਡਾ ਦੀ ਟਰੱਕਿੰਗ ਰਾਜਧਾਨੀ ਬਣ ਚੁੱਕਾ ਹੈ।

ਇਸ ਸਨਮਾਨ ਦੇ ਨਾਲ ਹੀ ਇਸ ਨੂੰ ਕਾਰਗੋ ਚੋਰੀਆਂ ਦਾ ਕੇਂਦਰ ਹੋਣ ਦੀ ਬਦਨਾਮੀ ਵੀ ਮਿਲੀ ਹੈ।

ਪਰ ਇਹ ਵਰਤਾਰਾ ਹੌਲੀ-ਹੌਲੀ ਘੱਟ ਵੀ ਰਿਹਾ ਹੈ। ਪੀਲ ਖੇਤਰ ਦੀ ਪੁਲਿਸ ਨੇ ਪਿਛਲੇ ਸਾਲ ਦੌਰਾਨ ਕਾਰਗੋ ਅਤੇ ਵਹੀਕਲ ਚੋਰੀ ਦੀਆਂ ਘਟਨਾਵਾ ‘ਚ ਵੱਡੀ ਕਮੀ ਦਰਜ ਕੀਤੀ, ਜਿਸ ਦੌਰਾਨ 173 ਚੋਰੀ ਦੇ ਮਾਮਲੇ ਰਜਿਸਟਰ ਹੋਏ।

ਇਹ 2018 ਦੇ ਅੰਕੜੇ 341 ਤੋਂ ਕਾਫ਼ੀ ਘੱਟ ਹੈ।

ਵੱਡੇ ਅਪਰਾਧਾਂ ਲਈ ਪੈਸਾ

ਇੱਕ ਹੋਰ ਸਾਬਕਾ ਪੁਲਿਸ ਅਫ਼ਸਰ ਟੌਡ ਮੂਰ ਨੇ ਕਿਹਾ, ”ਮੈਨੂੰ ਹਮੇਸ਼ਾ ਲਗਦਾ ਹੈ ਕਿ ਕਾਰਗੋ ਚੋਰੀ ਵੱਡੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਪੈਸਾ ਇਕੱਠਾ ਕਰਨ ਦਾ ਜ਼ਰੀਆ ਹੈ।”

”ਕਾਰਗੋ ਚੋਰੀ ਤੋਂ ਬਣੇ ਪੈਸੇ ਨੂੰ ਨਸ਼ਾ ਤਸਕਰੀ ਵਰਗੀਆਂ ਹੋਰ ਅਪਰਾਧਕ ਗਤੀਵਿਧੀਆਂ ‘ਤੇ ਲਾਇਆ ਜਾਂਦਾ ਹੈ।”

ਮੂਰ ਮਿਲਟਨ, ਓਂਟਾਰੀਓ ‘ਚ ਅਧਾਰਤ ਕੰਪਨੀ ਆਈ.ਐਸ.ਬੀ. ਗਲੋਬਲ ਸਰਵੀਸਿਜ਼ ‘ਚ ਕਾਰਗੋ ਚੋਰੀ ਅਤੇ ਵਿਸ਼ੇਸ਼ ਜ਼ੋਖ਼ਮ ਬਾਰੇ ਵਾਇਸ-ਪ੍ਰੈਜ਼ੀਡੈਂਟ ਹਨ ਜੋ ਕਿ ਜਾਂਚ ਸੇਵਾਵਾਂ ਪ੍ਰਦਾਨ ਕਰਦੀ ਹੈ।

ਉਨ੍ਹਾਂ ਕਿਹਾ ਕਿ ਚੀਜ਼ਾਂ ਦੀ ਚੋਰੀ ਜਾਂ ਰੀਅਲ ਅਸਟੇਟ ਤੋਂ ਕਿਤੇ ਜ਼ਿਆਦਾ ਪੈਸਾ ਨਸ਼ਾ ਤਸਕਰੀ ‘ਚ ਕਮਾਇਆ ਜਾਂਦਾ ਹੈ।

ਮੂਰ ਨੇ ਕਿਹਾ ਕਿ ਕਈ ਅਜਿਹੇ ਸਮਰਪਿਤ ਗਰੁੱਪ ਹਨ ਜੋ ਇਸ ਕਾਰਵਾਈ ਦੇ ਹਰ ਪੜਾਅ ਨੂੰ ਬੜੇ ਧਿਆਨ ਨਾਲ ਸੰਭਾਲਦੇ ਹਨ, ਜਿਸ ਨੂੰ ਕਿਸੇ ਕਾਰੋਬਾਰ ਵਾਂਗ ਹੀ ਚਲਾਇਆ ਜਾਂਦਾ ਹੈ।

”ਉਨ੍ਹਾਂ ਕੋਲ ਗੋਦਾਮ ਹਨ। ਉਹ ਬਿਲਕੁਲ ਕੋਸਕੋ ਜਾਂ ਵਾਲਮਾਰਟ ਵਾਂਗ ਹੀ ਕੰਮ ਕਰਦੇ ਹਨ। ਉਨ੍ਹਾਂ ਕੋਲ ਵੱਖੋ-ਵੱਖ ਤਰ੍ਹਾਂ ਦੇ ਉਤਪਾਦ ਹਨ… ਵਿਚੋਲੀਏ ਹਨ ਅਤੇ ਡਿਸਟ੍ਰੀਬਿਊਸ਼ਨ ਸਿਸਟਮ ਹੈ। ਬਿਲਕੁਲ ਕਿਸੇ ਲੌਜਿਸਟਿਕਸ ਕੰਪਨੀ ਵਾਂਗ।”

ਪੀਲ ਹੀ ਕਿਉਂ?

ਮੂਰ ਨੇ ਕਿਹਾ ਕਿ ਗ੍ਰੇਟਰ ਟੋਰਾਂਟੋ ਖੇਤਰ (ਜੀ.ਟੀ.ਏ.) ‘ਚ ਕਾਰਗੋ ਚੋਰੀ ਏਨੀ ਵੱਡੀ ਸਮੱਸਿਆ ਸ਼ਾਇਦ ਇਸ ਲਈ ਹੈ ਕਿਉਂਕਿ ਇਸ ਖੇਤਰ ਦੇ ਭੂਗੋਲਿਕ ਹਾਲਾਤ ਸੱਭ ਤੋਂ ਵਖਰੇ ਹਨ। ਪੀਲ ਖੇਤਰ ਜੀ.ਟੀ.ਏ. ਦਾ ਹੀ ਹਿੱਸਾ ਹੈ।

”ਇੱਥੇ ਰਵਾਇਤੀ ਸੰਗਠਿਤ ਅਪਰਾਧਕ ਗਰੁੱਪ, ਪੱਛਮੀ ਯੂਰਪੀ ਸੰਗਠਿਤ ਅਪਰਾਧਕ ਗਰੁੱਪ, ਏਸ਼ੀਅਨ ਸੰਗਠਿਤ ਅਪਰਾਧਕ ਗਰੁੱਪ, ਦੱਖਣੀ ਏਸ਼ੀਆਈ ਸੰਗਠਿਤ ਅਪਰਾਧਕ ਗਰੁੱਪ ਸਾਰੇ ਮਿਲ ਕੇ ਇਸ ਖੇਤਰ ‘ਚ ਕਾਰਗੋ ਚੋਰੀ ਦੀਆਂ ਘਟਨਾਵਾਂ ‘ਚ ਲੱਗੇ ਹੋਏ ਹਨ।”

ਟੌਡ ਮੂਰ

ਮੂਰ ਨੇ ਕਿਹਾ ਕਿ ਇੱਕ ਹੋਰ ਵੱਡਾ ਕਾਰਨ ਇਹ ਹੈ ਕਿ ਇਹ ਇਲਾਕਾ ਉੱਤਰੀ ਅਮਰੀਕਾ ਦੇ ਸੱਭ ਤੋਂ ਵੱਡੇ ਹਵਾਈ ਅੱਡੇ -ਪੀਅਰਸਨ ਇੰਟਰਨੈਸ਼ਨਲ  ਅਤੇ 400 ਲੜੀ ਦੇ ਹਾਈਵੇ ਨਾਲ ਵੀ ਜੁੜਿਆ ਹੋਇਆ ਹੈ।

ਬਰਲੋਕ ਦੇ ਪਰੋਸਕਾ ਨੇ ਕਿਹਾ ਕਿ ਪੂਰੇ ਓਂਟਾਰੀਓ ‘ਚ ਅਪਰਾਧਕ ਗਰੁੱਪਾਂ ਦੀ ਮੱਦਦ ਕਰਨ ਵਾਲੇ ਲਗਭਗ ਅੱਧਾ ਦਰਜਨ ਕਰਿਊ ਜਾਂ ਕੁਆਸੀ ਕਰਿਊ ਹਨ।

”ਅਸੀਂ ਅਕਸਰ ਵੇਖਦੇ ਹਾਂ ਕਿ ਇੱਕ ਜਾਂ ਦੋ ਕਰਿਊ ਕਿਊਬੈਕ ਤੋਂ ਓਂਟਾਰੀਓ ‘ਚ ਆ ਕੇ ਚੋਰੀ ਕਰਦੇ ਹਨ ਅਤੇ ਚੋਰੀ ਦਾ ਸਮਾਨ ਕਿਊਬੈਕ ‘ਚ ਲੈ ਜਾਂਦੇ ਹਨ।”

ਪੀਲ ਅਤੇ ਇਸ ਦੇ ਗੁਆਂਢੀ ਯੋਰਕ ਖੇਤਰ ਨੇ ਕਾਰਗੋ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਮਰਪਿਤ ਇਕਾਈਆਂ ਵੀ ਬਣਾਈਆਂ ਹਨ।

ਹਾਲਾਂਕਿ ਮੂਰ ਨੇ ਕਿਹਾ ਕਿ ਸਾਡੀ ਨਿਆਂ ਪ੍ਰਣਾਲੀ ‘ਚ ਕਈ ਅਜਿਹੀਆਂ ਚੋਰ ਮੋਰੀਆਂ ਹਨ ਜਿਨ੍ਹਾਂ ਦਾ ਚੋਰ ਲਾਭ ਉਠਾ ਰਹੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਚੁਟਕੀ ਭਰ ਕੋਕੀਨ ਨਾਲ ਵੀ ਫੜ ਲਿਆ ਜਾਂਦਾ ਹੈ ਤਾਂ ਉਸ ਨੂੰ ਦੋ ਸਾਲਾਂ ਦੀ ਜੇਲ੍ਹ÷  ਹੋ ਸਕਦੀ ਹੈ, ਪਰ ਜੇਕਰ ਕਿਸੇ ਨੂੰ ਟਰੇਲਰ ਭਰ ਚੋਰੀ ਦੀਆਂ ਚੀਜ਼ਾਂ ਨਾਲ ਵੀ ਫੜ ਲਿਆ ਜਾਂਦਾ ਹੈ ਤਾਂ ਪ੍ਰੋਸੀਕਿਊਟਰਸ ਨੂੰ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਸਿਰਫ਼ ਸ਼ੱਕ ਤੋਂ ਇਲਾਵਾ ਕਾਫ਼ੀ ਕੁੱਝ ਸਾਬਤ ਕਰਨਾ ਹੁੰਦਾ ਹੈ।

”ਅਖ਼ੀਰ ਇਹ ਪ੍ਰਾਪਰਟੀ ਅਪਰਾਧ ਹੈ, ਜੇਕਰ ਤੁਹਾਡਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ ਤਾਂ ਤੁਸੀਂ ਜੇਲ੍ਹ ਨਹੀਂ ਜਾਉਗੇ। ਇਸ ਲਈ ਸਖਤਾਈ ਦੀ ਕਮੀ ਹੈ, ਕੋਈ ਜੇਲ੍ਹ ਨਹੀਂ।”

ਮੂਰ ਨੇ ਇਹ ਵੀ ਕਿਹਾ ਕਿ ਪੁਲਿਸ ਕੋਲ ਕਾਰਗੋ ਚੋਰੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਪੈਸੇ ਦੀ ਵੀ ਕਮੀ ਹੈ ਕਿਉਂਕਿ ਉਨ੍ਹਾਂ ਨੂੰ ਕਈ ਕਿਸਮ ਦੀਆਂ ਅਪਰਾਧਕ ਗਤੀਵਿਧੀਆਂ ਦੀ ਜਾਂਚ ‘ਚੋਂ ਚੁਣਨਾ ਪੈਂਦਾ ਹੈ ਕਿ ਪਹਿਲ ਕਿਸ ਨੂੰ ਦਿੱਤੀ ਜਾਵੇ।

ਫਿਰ ਵੀ ਪਰੋਸਕਾ ਨੂੰ ਨਹੀਂ ਲਗਦਾ ਕਿ ਪੀਲ ਖੇਤਰ ‘ਚ ਇਨਫ਼ੋਰਸਮੈਂਟ ਦੀ ਸਮੱਸਿਆ ਹੈ।

”ਇਨ੍ਹਾਂ ਕਾਰਗੋ ਚੋਰਾਂ ਨੂੰ ਫੜਨ ਲਈ ਉਨ੍ਹਾਂ ਕੋਲ ਸ਼ਾਇਦ ਦੇਸ਼ ਅੰਦਰ ਸੱਭ ਤੋਂ ਵਧੀਆ ਇਨਫ਼ੋਰਸਮੈਂਟ ਟੀਮ ਹੈ।”

ਉਨ੍ਹਾਂ ਕਿਹਾ ਕਿ ਬਰਲੋਕ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਕਿ ਜਾਂਚ ਦੇ ਰਾਹ ‘ਚ ਆਉਣ ਵਾਲੀ ਲਾਲ ਫ਼ੀਤਾਸ਼ਾਹੀ ਨੂੰ ਖ਼ਤਮ ਕਰ ਦਿੰਦਾ ਹੈ।

”ਜਦੋਂ ਸਾਡੇ ਗਾਹਕ ਸਾਨੂੰ ਕੋਈ ਚੋਰੀ ਦੀ ਸੂਚਨਾ ਦਿੰਦੇ ਹਨ, ਅਸੀਂ ਆਪਣੀ ਜਾਂਚ ਸ਼ੁਰੂ ਕਰ ਦਿੰਦੇ ਹਾਂ। ਅਸੀਂ ਸੂਚਨਾ ਮਿਲਦੇ ਹੀ ਤੁਰੰਤ ਜਾਂਚ ਸ਼ੁਰੂ ਕਰ ਦਿੰਦੇ ਹਾਂ।”

ਸੁਰੱਖਿਆ ਦਾ ਪਹਿਲਾ ਕਵਚ?

ਮੂਰ ਨੂੰ ਲਗਦਾ ਹੈ ਕਿ ਚੋਰੀਆਂ ‘ਤੇ ਲਗਾਮ ਕੱਸਣ ਦਾ ਸੱਭ ਤੋਂ ਵਧੀਆ ਤਰੀਕਾ ਇਹ ਹੈ ਕਿ ਹਰ ਟਰੇਲਰ ‘ਤੇ ਜੀ.ਪੀ.ਐਸ. ਟਰੈਕਰ ਲਾ ਦਿੱਤਾ ਜਾਵੇ।

ਪਲਾਂਟੇਸ਼ਨ, ਫ਼ਲੋਰੀਡਾ ‘ਚ ਆਈ.ਐਸ.ਬੀ. ਗਲੋਬਲ ਦਾ ਸੰਕਟ ਨਿਵਾਰਣ ਕੇਂਦਰ।

ਉਨ੍ਹਾਂ ਨੇ ਜੀ.ਪੀ.ਐਸ. ਨੂੰ ਸੁਰੱਖਿਆ ਦਾ ਪਹਿਲਾ ਕਵਚ ਦੱਸਿਆ, ਪਰ ਕੈਨੇਡਾ ‘ਚ ਮੌਜੂਦਾ ਕੁੱਲ ਟਰੇਲਰਾਂ ਦੇ 15% ਤੋਂ ਵੀ ਘੱਟ ਹਿੱਸੇ ‘ਤੇ ਇਹ ਜੀ.ਪੀ.ਐਸ. ਲੱਗਾ ਹੋਇਆ ਹੈ।

”ਦੂਜੀ ਗੱਲ ਇਹ ਹੈ ਕਿ ਜੀ.ਪੀ.ਐਸ. ਹੋਣਾ ਬਹੁਤ ਵਧੀਆ ਗੱਲ ਹੈ, ਪਰ ਪੁਲੀਸ ਤਕ ਤੁਰੰਤ ਸੂਚਨਾ ਪਹੁੰਚਾਉਣ ਲਈ ਤੁਹਾਡੇ ਕੋਲ ਕੋਈ ਤਰੀਕਾ ਹੋਣਾ ਚਾਹੀਦਾ ਹੈ।”

ਮੂਰ ਦੀ ਕੰਪਨੀ ਪਲਸ ਨਾਮਕ ਮੰਚ ਰਾਹੀਂ ਅਜਿਹਾ ਤਰੀਕਾ ਪ੍ਰਦਾਨ ਕਰਦੀ ਹੈ ਜੋ ਕਿ ਇਸ ਸਮੱਸਿਆ ਨੂੰ ਘੱਟ ਕਰਨ ‘ਚ ਮੱਦਦ ਕਰਦਾ ਹੈ।

ਉਨ੍ਹਾਂ ਕਿਹਾ ਕਿ ਪਲਸ ਨੂੰ ਕਾਰਗੋ ਚੋਰੀ ਕਾਰਨ ਪ੍ਰਭਾਵਤ ਹੋਣ ਵਾਲੇ ਤਿੰਨ ਹਿੱਤਧਾਰਕਾਂ ਦੀ ਮੱਦਦ ਲਈ ਬਣਾਇਆ ਗਿਆ ਸੀ – ਬੀਮਾਕਰਤਾ, ਆਵਾਜਾਈ ਕੰਪਨੀਆਂ ਅਤੇ ਪੁਲਿਸ।

ਮੂਰ ਨੇ ਕਿਹਾ ਕਿ ਇਸ ਮੰਚ ‘ਤੇ ਸੱਭ ਤੋਂ ਅਸਰਦਾਰ ਸੰਦਾਂ ‘ਚੋਂ ਇੱਕ ਹੈ ਪਲਸ ਐਸਕੇਲੇਸ਼ਨ ਸਰਵਿਸ। ਜਦੋਂ ਵੀ ਸੂਚਨਾ ਮਿਲਦੀ ਹੈ, ਆਈ.ਐਸ.ਬੀ. ਦਾ ਸੰਕਟ ਨਿਵਾਰਣ ਕੇਂਦਰ ਤੁਰੰਤ ਕਾਰਵਾਈ ਸ਼ੁਰੂ ਕਰ ਦਿੰਦਾ ਹੈ।

”ਜੇਕਰ ਸੂਚਨਾ ਸਹੀ ਹੈ ਤਾਂ ਸਾਡੇ ਆਪਰੇਟਰ ਸਬੰਧਤ ਪੁਲਿਸ ਏਜੰਸੀ ਨੂੰ ਫ਼ੋਨ ਕਰਦੇ ਹਨ, ਜਿਸ ਲਈ ਉਹ 37,000 ਪੁਲਿਸ ਏਜੰਸੀਆਂ ਦੇ ਨੈਸ਼ਨਲ ਲਾਅ ਇਨਫ਼ੋਰਸਮੈਂਟ ਡਾਟਾਬੇਸ ਦਾ ਪ੍ਰਯੋਗ ਕਰਦੇ ਹਨ।”

ਮੂਰ ਨੇ ਕਿਹਾ ਕਿ ਆਮ ਲੋਕਾਂ ਨੂੰ ਲਗਦਾ ਹੈ ਕਿ ਕਾਰਗੋ ਚੋਰੀ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ।

”ਜੇ ਗ਼ੌਰ ਨਾਲ ਵੇਖਿਆ ਜਾਵੇ ਤਾਂ ਇਹ ਸੰਗਠਿਤ ਅਪਰਾਧ ਦੀ ਸਮੱਸਿਆ ਹੈ।”

ਅਬਦੁਲ ਲਤੀਫ਼ ਵੱਲੋਂ