ਸੀ.ਟੀ.ਏ. ਨੇ ਕਾਰਬਨ ਕੀਮਤਾਂ ਲਾਗੂ ਕਰਨ ਪ੍ਰਤੀ ‘ਜਾਇਜ਼ ਅਤੇ ਸੰਵੇਦਨਸ਼ੀਲ’ ਪਹੁੰਚ ਅਪਨਾਉਣ ਦੀ ਅਪੀਲ ਕੀਤੀ

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਟਰੱਕਿੰਗ ਉਦਯੋਗ ‘ਤੇ ਕਾਰਬਨ ਕੀਮਤਾਂ ਲਾਗੂ ਕਰਨ ਪ੍ਰਤੀ ਫ਼ੈਡਰਲ ਸਰਕਾਰ ਨੂੰ ‘ਜਾਇਜ਼ ਅਤੇ ਸੰਵੇਦਨਸ਼ੀਲ ਪਹੁੰਚ’ ਅਪਨਾਉਣ ਦੀ ਮੰਗ ਕੀਤੀ ਹੈ।

ਇਸ ਨੇ ਹਰਿਤ ਆਰਥਿਕਤਾ ਵੱਲ ਮੋੜ ਕੱਟਣ ਦੌਰਾਨ ਫ਼ੈਡਰਲ ਸਰਕਾਰ ਨੂੰ ਨਿਜੀ ਖੇਤਰ ਨਾਲ ਸਾਂਝੇਦਾਰੀ ‘ਚ ਕੰਮ ਕਰਨ ਦੀ ਅਪੀਲ ਵੀ ਕੀਤੀ।

”ਕਾਰਬਨ ਕੀਮਤਾਂ ਤੋਂ ਪ੍ਰਾਪਤ ਆਮਦਨ ਨੂੰ ਕੈਨੇਡਾ ਦੇ ਟਰੱਕਿੰਗ ਉਦਯੋਗ ਲਈ ਕਾਰਬਨ ਘੱਟ ਕਰਨ ਵਾਲੇ ਉਪਕਰਨਾਂ ‘ਚ ਨਿਵੇਸ਼ ਕਰਨ ਨਾਲ, ਫ਼ੈਡਰਲ ਸਰਕਾਰ ਨੂੰ ਉਤਸਰਜਨ ਘੱਟ ਕਰਨ ਵਾਲੀਆਂ ਤਕਨੀਕਾਂ ਦੇ ਜ਼ਿਆਦਾ ਫੈਲਣ ਦਾ ਲਾਭ ਮਿਲੇਗਾ ਅਤੇ ਇਸ ਨਾਲ ਕੈਰੀਅਰਸ ਨੂੰ ਇਹ ਵੀ ਪਤਾ ਲੱਗੇਗਾ ਕਿ ਉਨ੍ਹਾਂ ਵੱਲੋਂ ਪੰਪ ‘ਤੇ ਕੀਤਾ ਗਿਆ ਨਿਵੇਸ਼ ਉਨ੍ਹਾਂ ਦੇ ਆਪਣੇ ਖੇਤਰ ‘ਤੇ ਹੀ ਖ਼ਰਚ ਕੀਤਾ ਜਾਵੇਗਾ ਜਿਸ ਨਾਲ ਵਾਤਾਵਰਣ ਬਿਹਤਰ ਬਣੇਗਾ।”

ਸੀ.ਟੀ.ਏ. ਨੇ ਕਿਹਾ ਕਿ ਫ਼ੈਡਰਲ ਕਾਰਬਨ ਕੀਮਤਾਂ ਬਾਰੇ ਕਾਨੂੰਨ ਅਪ੍ਰੈਲ, 2019 ‘ਚ ਲਾਗੂ ਹੋਏ ਸਨ, ਜਿਸ ਕਰ ਕੇ ਹੁਣ ਤਕ ਮੇਨੀਟੋਬਾ, ਨਿਊ ਬਰੰਸਵਿਕ, ਓਂਟਾਰੀਓ ਅਤੇ ਸਸਕੈਚਵਨ ‘ਚ (1 ਜਨਵਰੀ, 2020 ਤੋਂ ਅਲਬਰਟਾ ‘ਚ ਵੀ) ਚੱਲਣ ਵਾਲੀਆਂ ਸਾਰੀਆਂ ਟਰੱਕਿੰਗ ਕੰਪਨੀਆਂ ਨੂੰ ਡੀਜ਼ਲ ਬਾਲਣ ‘ਤੇ ਪ੍ਰਤੀ ਲੀਟਰ 5.3 ਸੈਂਟ ਵਾਧੂ ਦੇਣੇ ਪੈ ਰਹੇ ਹਨ।

1 ਅਪ੍ਰੈਲ, 2020 ਤੋਂ ਕਾਰਬਨ ਕੀਮਤਾਂ 8.05 ਸੈਂਟ ਪ੍ਰਤੀ ਲੀਟਰ, 2021 ‘ਚ 10.73 ਸੈਂਟ ਪ੍ਰਤੀ ਲੀਟਰ ਅਤੇ 2022 ‘ਚ 13.41 ਸੈਂਟ ਪ੍ਰਤੀ ਲੀਟਰ ਵੱਧ ਜਾਣਗੀਆਂ।