ਸੀ.ਟੀ.ਏ. ਨੇ ‘ਡਰਾਈਵਰ ਇੰਕ’ ਵਿਰੁੱਧ ਮੁਹਿੰਮ ਕੀਤੀ ਤੇਜ਼

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਅਜਿਹੇ ਫ਼ਲੀਟਾਂ ਵਿਰੁੱਧ ਆਪਣੀ ਜੰਗ ਨੂੰ ਜਾਰੀ ਰੱਖਿਆ ਹੈ ਜੋ ਕਿ ਆਪਣੇ ਮੁਲਾਜ਼ਮ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਵਰਗੀਕ੍ਰਿਤ ਕਰਦੇ ਹਨ – ਅਤੇ ਹੁਣ ਉਨ੍ਹਾਂ ਵਿਰੁੱਧ ਇੱਕ ਸਿਆਸੀ ਕਾਰਵਾਈ ਮੁਹਿੰਮ ਛੇੜ ਦਿੱਤੀ ਹੈ ਤਾਂ ਕਿ ਇਸ ਮਾਮਲੇ ਨੂੰ ਓਟਾਵਾ ਤਕ ਪਹੁੰਚਾਇਆ ਜਾ ਸਕੇ।

ਡਰਾਈਵਰ ਇੰਕ. ਵਿਰੁੱਧ ਲੜਾਈ ਦੇ ਨਵੀਨਤਮ ਹਥਿਆਰ ‘ਚ ਇੱਕ ਗਰੁੱਪ ਕੰਪਨੀ ਚਿੱਠੀ, ਇੱਕ ਡਰਾਈਵਰ ਪਟੀਸ਼ਨ ਅਤੇ ਸੰਸਦ ਮੈਂਬਰਾਂ ਲਈ ਇੱਕ ਈ-ਮੇਲ ਸੰਦੇਸ਼ ਸ਼ਾਮਲ ਹੈ ਜਿਸ ‘ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਹ ਕਾਰੋਬਾਰੀ ਗਤੀਵਿਧੀ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ‘ਤੇ ਅਤੇ ਕੈਨੇਡੀਅਨ ਆਰਥਿਕਤਾ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।

ਕੈਰੀਅਰਸ ਨੂੰ ਕੈਨਡਾ ਰੈਵੀਨਿਊ ਏਜੰਸੀ ਅਤੇ ਲੇਬਰ ਕੈਨੇਡਾ ਵਰਗੀਆਂ ਫ਼ੈਡਰਲ ਏਜੰਸੀਆਂ ਨੂੰ ਅਪੀਲ ਕਰਦੀ ਇੱਕ ਚਿੱਠੀ ‘ਤੇ ਹਸਤਾਖ਼ਰ ਕਰਨ ਲਈ ਕਿਹਾ ਗਿਆ ਹੈ ਤਾਂ ਕਿ ‘ਜ਼ਮੀਨਦੋਜ਼ ਆਰਥਿਕਤਾ ਨੂੰ ਖ਼ਤਮ ਕੀਤਾ ਜਾ ਸਕੇ।’
ਸੀ.ਟੀ.ਏ. ਆਪਣੇ ਮੈਂਬਰਾਂ ਨੂੰ ਡਰਾਈਵਰਾਂ ਤੋਂ ਇਸ ਪਟੀਸ਼ਨ ‘ਤੇ ਹਸਤਾਖ਼ਰ ਕਰਾਉਣ ਲਈ ਵੀ ਹੱਲਾਸ਼ੇਰੀ ਦੇ ਰਿਹਾ ਹੈ।

ਸੱਤਾਧਾਰੀ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਲਈ ਵੱਖੋ-ਵੱਖ ਈ-ਮੇਲ ਟੈਂਪਲੇਟ ਤਿਆਰ ਕੀਤੇ ਗਏ ਹਨ।

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਕਿਹਾ, ”ਕਾਨੂੰਨੀ ਮੁੱਦੇ ਸਾਫ਼ ਹਨ ਅਤੇ ਹੁਣ ਬਕਾਇਆ ਮੁੱਦਾ ਇਹ ਰਹਿ ਗਿਆ ਹੈ ਕਿ ਕੈਨੇਡਾ ਸਰਕਾਰ ਕਿਸ ਹੱਦ ਤਕ ਇਸ ਕਾਨੂੰਨ ਨੂੰ ਲਾਗੂ ਕਰ ਸਕਦੀ ਹੈ।” ਸੀ.ਟੀ.ਏ. ਦਾ ਅੰਦਾਜ਼ਾ ਹੈ ਕਿ ਇਸ ਯੋਜਨਾ ਤਹਿਤ ਕੈਨੇਡਾ ਦੇ ਖ਼ਜ਼ਾਨੇ ਨੂੰ 1 ਅਰਬ ਡਾਲਰ ਦਾ ਚੂਨਾ ਲਗਦਾ ਹੈ।