ਸੜਕੀ ਸਫ਼ਰ ਦੌਰਾਨ ਪਖਾਨਾ ਸਹੂਲਤਾਂ ਬਿਹਤਰ ਬਣਾ ਰਿਹੈ ਅਲਬਰਟਾ

ਅਲਬਰਟਾ ਪ੍ਰੋਵਿੰਸ ਆਪਣੇ ਹਾਈਵੇਜ਼ ਕਿਨਾਰੇ ਨੌਂ ਥਾਵਾਂ ’ਤੇ ਬਣੇ 10 ਆਊਟਹਾਊਸ-ਸਟਾਈਲ ਪਖਾਨਿਆਂ ਨੂੰ ਫ਼ਲੱਸ਼ ਟਾਇਲਟ ’ਚ ਬਦਲਣ ਜਾ ਰਿਹਾ ਹੈ।

ਪ੍ਰੋਵਿੰਸ ਨੇ ਵਾਅਦਾ ਕੀਤਾ ਹੈ ਕਿ ਬਿਹਤਰ ਪਖਾਨਾ ਸਹੂਲਤਾਂ ’ਤੇ ਖਰਚ ਹੋਣ ਵਾਲਾ 1.5 ਮਿਲੀਅਨ ਡਾਲਰ ਦਾ ਨਿਵੇਸ਼ ਤਾਂ ਮਹਿਜ ਇੱਕ ਸ਼ੁਰੂਆਤ ਹੈ।

(ਤਸਵੀਰ: ਆਈਸਟਾਕ)

ਅਲਬਰਟਾ ਦੇ ਮੋਟਰ ਟਰਾਂਸਪੋਰਟ ਐਸੋਸੀਏਸ਼ਨ ਪ੍ਰੈਜ਼ੀਡੈਂਟ ਕਰਿਸ ਨੈਸ਼ ਨੇ ਕਿਹਾ, ‘‘ਸਾਡਾ ਉਦਯੋਗ ਅਲਬਰਟਾ ਵਾਸੀਆਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ’ਤੇ ਕੇਂਦਰਤ ਹੈ, ਅਤੇ ਅਸੀਂ ਲੰਮੇ ਸਮੇਂ ਤੋਂ ਸੁਰੱਖਿਅਤ ਅਤੇ ਆਧੁਨਿਕ ਸਹੂਲਤਾਂ ਦੀ ਵਕਾਲਤ ਕਰ ਰਹੇ ਹਾਂ ਜੋ ਕਿ ਸਾਨੂੰ ਆਪਣਾ ਕੰਮ ਕਰਨ ਦੇ ਕਾਬਲ ਬਣਾ ਸਕੇ। ਅਸੀਂ ਪ੍ਰੋਵਿੰਸ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਫ਼ਰ ਕਰ ਰਹੇ ਆਮ ਲੋਕਾਂ ਅਤੇ ਕਮਰਸ਼ੀਅਲ ਆਪਰੇਟਰਾਂ, ਦੋਹਾਂ ਲਈ ਬਿਹਤਰ ਸਹੂਲਤਾਂ ਤਿਆਰ ਕਰਨ ਲਈ ਕਦਮ ਚੁੱਕੇ ਹਨ, ਜੋ ਕਿ ਲੋਕਾਂ ਅਤੇ ਵਸਤਾਂ ਦੀ ਸੁਰੱਖਿਅਤ ਅਤੇ ਸਮਰੱਥ ਆਵਾਜਾਈ ’ਚ ਮਾਣ ਮਹਿਸੂਸ ਕਰਦੇ ਹਨ ਜਿਸ ’ਤੇ ਅਲਬਰਟਾ ਅਤੇ ਕੈਨੇਡੀਅਨ ਵਾਸੀ ਭਰੋਸਾ ਕਰ ਸਕਦੇ ਹਨ।’’

ਆਵਾਜਾਈ ਮੰਤਰੀ ਰਾਜਨ ਸਾਹਨੀ ਨੇ ਵੀ ਕਿਹਾ, ‘‘ਸਾਡੇ ਪ੍ਰੋਵਿੰਸ ਦੇ ਹਾਈਵੇਜ਼ ’ਤੇ ਚਲ ਰਹੇ ਮੋਟਰ ਗੱਡੀਆਂ ਦੇ ਚਾਲਕਾਂ ਨੂੰ ਸੁਰੱਖਿਅਤ, ਸਾਫ਼, ਆਧੁਨਿਕ ਅਤੇ ਇੱਜ਼ਤਦਾਰ ਪਖਾਨਾ ਸਹੂਲਤਾਂ ਦਾ ਅਧਿਕਾਰ ਹੈ। ਹਾਈਵੇ ’ਤੇ ਸਥਿਤ ਇਨ੍ਹਾਂ ਪਖਾਨਿਆਂ ਨੂੰ ਬਿਹਤਰ ਕਰਨ ਦੇ ਨਾਲ ਸਫ਼ਰ ਕਰ ਰਹੀ ਜਨਤਾ, ਸੈਲਾਨੀਆਂ ਅਤੇ ਕਮਰਸ਼ੀਅਲ ਡਰਾਈਵਰਾਂ ਨੂੰ ਲਾਭ ਪਹੁੰਚੇਗਾ।’’

ਅਪਗ੍ਰੇਡ ’ਤੇ ਕੰਮ ਇਨ੍ਹਾਂ ਗਰਮੀਆਂ ਦੇ ਮੌਸਮ ’ਚ ਹੀ ਸ਼ੁਰੂ ਹੋ ਜਾਵੇਗਾ ਅਤੇ ਪਤਝੜ ਦੇ ਮੌਸਮ ਤੱਕ ਚੱਲੇਗਾ।