ਸੜਕ ’ਤੇ ਲਾਈਵ ਲੋਕੇਸ਼ਨ ਰਾਹੀਂ ਡਰਾਈਵਰਾਂ ਨੂੰ ਮਕੈਨਿਕਾਂ ਨਾਲ ਜੋੜੇਗੀ ਐਪ

ਟਰੱਕ ਖ਼ਰਾਬ ਹੋਣਾ, ਟਰੱਕਿੰਗ ਦਾ ਹੀ ਇੱਕ ਹਿੱਸਾ ਹੈ। ਇਹ ਭਾਣਾ ਕਿਸੇ ਭੀੜ ਭਰੇ ਹਾਈਵੇ ’ਤੇ ਵਾਪਰ ਸਕਦਾ ਹੈ ਜਾਂ ਕਿਸੇ ਸੁੰਨਸਾਨ ਸੜਕ ’ਤੇ, ਕਿਸੇ ਕਸਟਮਰ ਕੋਲ ਜਾਂ ਆਰਾਮ ਘਰ ’ਚ, ਦਿਨ ਵੇਲੇ ਜਾਂ ਰਾਤ ਵੇਲੇ।

ਉਪਕਰਨਾਂ ਨੂੰ ਠੀਕ ਕਰਨ ਲਈ ਮਕੈਨਿਕ ਲੱਭਣ ਦੇ ਕੰਮ ’ਚ ਬਹੁਤ ਸਮਾਂ ਲੱਗ ਸਕਦਾ ਹੈ। ਕਈ ਵਾਰੀ ਤਾਂ ਡਰਾਈਵਰਾਂ ਨੂੰ ਘੰਟਿਆਂ ਬੱਧੀ ਮੋਬਾਇਲ ਯੂਨਿਟ ਦੇ ਆਉਣ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਇਸ ਤੋਂ ਬਾਅਦ ਮਕੈਨਿਕ ਵੱਲੋਂ ਸਮੱਸਿਆ ਠੀਕ ਕਰਨ ਤੱਕ ਵੀ ਉਡੀਕਣਾ ਪੈਂਦਾ ਹੈ। ਜੋ ਟਰੱਕ ਚਲ ਨਹੀਂ ਰਿਹਾ, ਉਹ ਕਮਾਈ ਵੀ ਨਹੀਂ ਕਰ ਰਿਹਾ।

Picture of Jarmanjit Singh
ਲਾਈਵਬ੍ਰੇਕਡਾਊਨਜ਼ ਦੇ ਸੰਸਥਾਪਕ ਜਰਮਨਜੀਤ ਸਿੰਘ। ਤਸਵੀਰ: ਲੀਓ ਬਾਰੋਸ

ਲਾਈਵਬ੍ਰੇਕਡਾਊਨਜ਼ ਨਾਂ ਦੀ ਮੋਬਾਇਲ ਐਪਲੀਕੇਸ਼ਨ ਡਰਾਈਵਰਾਂ ਨੂੰ ਮਕੈਨਿਕਾਂ ਨਾਲ ਲਾਈਵ ਲੋਕੇਸ਼ਨ ਸਾਂਝੀ ਕਰਨ ਜ਼ਰੀਏ ਜੋੜਦੀ ਹੈ। ਇਸ ਦੇ ਸੰਸਥਾਪਕ ਜਰਮਨਜੀਤ ਸਿੰਘ ਨੇ ਕਿਹਾ ਕਿ ਇਹ ਸੋਚ ਮਕੈਨਿਕਾਂ ਨੂੰ ਲੱਭਣ ਲਈ ਊਬਰ ਪ੍ਰਯੋਗ ਕਰਨ ਵਰਗੀ ਹੈ।

ਇਸ ਵਿਚਾਰ ਨੇ ਉਦੋਂ ਜਨਮ ਲਿਆ ਜਦੋਂ ਜਰਮਨਜੀਤ ਸਿੰਘ ਦੇ ਭਰਾ, ਇੱਕ ਟਰੱਕ ਮਕੈਨਿਕ, ਨੇ ਉਸ ਨੂੰ ਅਜਿਹੀ ਵੈੱਬਸਾਈਟ ਬਣਾਉਣ ਲਈ ਕਿਹਾ ਜਿੱਥੇ ਉਹ ਮਕੈਨਿਕਾਂ ਦੀ ਡਾਇਰੈਕਟਰੀ ਬਣਾ ਸਕੇ। ਜਰਮਨਜੀਤ, ਜੋ ਕਿ ਇੱਕ ਆਈ.ਟੀ. ਸੁਰੱਖਿਆ ਪੇਸ਼ੇਵਰ ਹੈ, ਨੇ ਕਿਹਾ ਕਿ ਡਾਇਰੈਕਟਰੀ ਦੀ ਸੂਚੀ ਦਾ ਕੋਈ ਖ਼ਾਸ ਫ਼ਾਇਦਾ ਨਹੀਂ ਹੋਵੇਗਾ ਅਤੇ ਉਸ ਨੇ ਕਿਹਾ ਕਿ ਲਾਈਵ ਲੋਕੇਸ਼ਨ ਵਾਲੀ ਇੱਕ ਮੋਬਾਈਲ ਐਪ ਬਣਾਉਣਾ ਬਿਹਤਰ ਰਹੇਗਾ।

ਉਸ ਨੇ ਇੱਕ ਹੀ ਪਲੇਟਫ਼ਾਰਮ ’ਤੇ ਦੋ ਐਪਸ ਬਣਾਈਆਂ – ਇੱਕ ਡਰਾਈਵਰਾਂ ਲਈ, ਦੂਜੀ ਮਕੈਨਿਕਾਂ ਲਈ।

ਜਦੋਂ ਟਰੱਕ ਖ਼ਰਾਬ ਹੋ ਜਾਂਦਾ ਹੈ ਤਾਂ ਆਮ ਤੌਰ ’ਤੇ ਡਰਾਈਵਰ ਮਕੈਨਿਕਾਂ ਨੂੰ ਆਨਲਾਈਨ ਲੱਭਦੇ ਹਨ ਅਤੇ ਕਾਲ ਕਰ ਕੇ ਪੁੱਛਦੇ ਹਨ ਕਿ ਕੌਣ ਮੌਜੂਦ ਹੈ।

ਲਾਈਵਬ੍ਰੇਕਡਾਊਨਜ਼ ਦਾ ਮੰਤਵ ਇਸ ਪ੍ਰਕਿਰਿਆ ਨੂੰ ਜ਼ਿਆਦਾ ਸਮਰੱਥ ਬਣਾਉਣਾ ਸੀ।

ਡਰਾਈਵਰ ਫ਼ੋਨ ’ਤੇ ਐਪ ਖੋਲ੍ਹ ਕੇ ਅਤੇ ਖ਼ਰਾਬੀ ਦਾ ਵੇਰਵਾ ਦਰਜ ਕਰਦਾ ਹੈ। ਇੱਕ ਟਿਕਟ ਬਣਦੀ ਹੈ। ਐਪ ਉਸ ਦੀ ਲੋਕੇਸ਼ਨ ਦੀ ਜਾਣਕਾਰੀ ਨੇੜਲੇ ਡਰਾਈਵਰਾਂ ਨੂੰ ਉਨ੍ਹਾਂ ਦੇ ਫ਼ੋਨਾਂ ’ਤੇ ਨੋਟੀਫ਼ਿਕੇਸ਼ਨ ਰਾਹੀਂ ਦੇਵੇਗੀ।

ਉਦਾਹਰਣ ਵਜੋਂ, ਜੇਕਰ ਇਲਾਕੇ ’ਚ ਪੰਜ ਮਕੈਨਿਕ ਹਨ, ਜੇਕਰ ਉਨ੍ਹਾਂ ਕੋਲ ਸਮਾਂ ਹੈ, ਤਾਂ ਉਹ ਇੱਛਾ ਪ੍ਰਗਟ ਕਰ ਕੇ ਡਰਾਈਵਰ ਕੋਲ ਪਹੁੰਚਦੇ ਹਨ।

ਡਰਾਈਵਰ ਮਕੈਨਿਕ ਦੀ ਲਾਈਵ ਲੋਕੇਸ਼ਨ ਨੂੰ ਵੇਖ ਸਕਦਾ ਹੈ, ਅਤੇ ਨਾਲ ਹੀ ਉਸ ਦੇ ਪਿਛਲੇ ਗ੍ਰਾਹਕਾਂ ਵੱਲੋਂ ਦਿੱਤੀਆਂ ਟਿੱਪਣੀਆਂ ਅਤੇ ਰੇਟਿੰਗ ਨੂੰ ਵੀ ਜਾਂਚ ਸਕਦਾ ਹੈ। ਇਸ ਤੋਂ ਬਾਅਦ ਉਹ ਕਿਸੇ ਵੀ ਮਕੈਨਿਕ ਦੀ ਚੋਣ ਕਰ ਸਕਦੇ ਹਨ। ਫ਼ੋਨ ਨੰਬਰਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਅਤੇ ਡਰਾਈਵਰ ਤੇ ਮਕੈਨਿਕ ਰੇਟ ਬਾਰੇ ਗੱਲਬਾਤ ਕਰਦੇ ਹਨ।

ਸਿੰਘ ਨੇ ਕਿਹਾ ਕਿ ਅਗਲਾ ਕਦਮ ਐਪ ’ਚ ਟੋਅ ਟਰੱਕ ਜੋੜਨ ਦਾ ਹੋਵੇਗਾ। ਵਿਕਲਪ ਤਾਂ ਪਹਿਲਾਂ ਹੀ ਐਪ ’ਚ ਬਣਾ ਦਿੱਤਾ ਗਿਆ ਹੈ।

ਵੱਡੀਆਂ ਫ਼ਲੀਟਸ ਦੇ ਮਨਜ਼ੂਰਸ਼ੁਦਾ ਵੈਂਡਰ ਆਪਣਾ ਕੰਮ ਲੋਕਲ ਮਕੈਨਿਕਾਂ ਨੂੰ ਦੇ ਦਿੰਦੇ ਹਨ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਕਿਸੇ ਖ਼ਰਾਬੀ ਹੋਣ ਸਮੇਂ ਉਹ ਤਿਆਰ ਰਹਿ ਸਕਣ। ਜਰਮਨਜੀਤ ਚਾਹੁੰਦਾ ਹੈ ਕਿ ਉਹ ਇਸ ਐਪ ਦਾ ਪ੍ਰਯੋਗ ਕਰਨ।

ਜੇਕਰ ਕਿਸੇ ਫ਼ਲੀਟ ਦਾ ਟਰੱਕ ਖ਼ਰਾਬ ਹੋ ਜਾਂਦਾ ਹੈ, ਮੰਨ ਲਓ ਸਡਬਰੀ, ਓਂਟਾਰੀਓ ’ਚ, ਅਤੇ ਕੰਪਨੀ ਕੋਲ ਉੱਥੇ ਤਿੰਨ ਤਰਜੀਹੀ ਵੈਂਡਰ ਹਨ, ਉਨ੍ਹਾਂ ਦਾ ਪਤਾ ਤਾਂ ਮੌਜੂਦ ਹੈ ਪਰ ਉਨ੍ਹਾਂ ਦੀ ਲਾਈਵ ਲੋਕੇਸ਼ਨ ਨਹੀਂ ਹੈ।

ਜਰਮਨਜੀਤ ਨੇ ਕਿਹਾ ਕਿ ਜੇਕਰ ਮਕੈਨਿਕ ਐਪ ’ਤੇ ਹੁੰਦੇ ਹਨ, ਉਹ ਫਿਰ ਵੀ ਤਰਜੀਹੀ ਵੈਂਡਰ ਰਹਿਣਗੇ, ਪਰ ਕੰਪਨੀ ਅਜਿਹੇ ਵੈਂਡਰ ਤੱਕ ਪਹੁੰਚ ਸਕੇਗੀ ਜਿਸ ਕੋਲ ਸਮਾਂ ਹੈ ਅਤੇ ਉਹ ਨੇੜੇ ਹੈ।

ਸਿੰਘ ਨੇ ਕਿਹਾ ਕਿ ਹੁਣ ਤੱਕ 100 ਤੋਂ ਜ਼ਿਆਦਾ ਮਕੈਨਿਕਾਂ ਨੇ ਐਪ ਡਾਊਨਲੋਡ ਕੀਤੀ ਹੈ। 300 ਤੋਂ ਵੱਧ ਟਰੱਕ ਡਰਾਈਵਰਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਓਨਰ-ਆਪਰੇਟਰ ਹਨ।

ਡਰਾਈਵਰ ਇਸ ਐਪ ਦਾ ਪ੍ਰਯੋਗ ਮੁਫ਼ਤ ’ਚ ਕਰ ਸਕਦੇ ਹਨ। ਮਕੈਨਿਕਾਂ ਨੂੰ ਕੰਮ ਲੱਭਣ ਲਈ ਫ਼ੀਸ ਅਦਾ ਕਰਨੀ ਪੈਂਦੀ ਹੈ। ਜਰਮਨਜੀਤ ਨੇ ਕਿਹਾ, ‘‘ਜਦੋਂ ਮਕੈਨਿਕ ਕਿਸੇ ਇੱਕ ਕੰਮ ਦੀ ਟਿਕਟ ’ਚ ਇੱਛਾ ਪ੍ਰਗਟ ਕਰਦਾ ਹੈ, ਅਤੇ ਜੇਕਰ ਟਿਕਟ ਉਸ ਨੂੰ ਮਿਲ ਜਾਂਦੀ ਹੈ, ਤਾਂ ਸਾਨੂੰ ਭੁਗਤਾਨ ਮਿਲਦਾ ਹੈ।’’

ਐਪ ਮਕੈਨਿਕ ਨੂੰ ਸੰਦੇਸ਼ ਭੇਜਦੀ ਹੈ ਕਿ ਕੋਈ ਟਰੱਕ ਖਰਾਬ ਹੋ ਗਿਆ ਹੈ, ਇਸ ਦੀ ਲੋਕੇਸ਼ਨ ਦੇ ਨਾਲ। ਤਸਵੀਰ: ਲਾਈਵਬ੍ਰੇਕਡਾਊਨਜ਼

ਉਨ੍ਹਾਂ ਕਿਹਾ ਕਿ ਟਰੱਕਿੰਗ ’ਚ ਤਕਨਾਲੋਜੀ ਦੇ ਪ੍ਰਯੋਗ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਜਦੋਂ ਕੋਈ ਤਕਨੀਕੀ ਉਪਾਅ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਹੁੰਦੀ ਹੈ। ਇਹ ਉਨ੍ਹਾਂ ਦੀ ਗ਼ਲਤੀ ਨਹੀਂ ਹੈ, ਕਿਉਂਕਿ ਉਨ੍ਹਾਂ ਦੀ ਕਦੇ ਤਕਨਾਲੋਜੀ ਨਾਲ ਜਾਣ-ਪਛਾਣ ਨਹੀਂ ਕਰਵਾਈ ਗਈ।

ਕੰਪਨੀ ਨੌਜੁਆਨ ਓਨਰ-ਆਪਰੇਟਰਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਕਿਉਂਕਿ ਉਹ ਬਹੁਤ ਸਾਰੀ ਤਕਨਾਲੋਜੀ ਦਾ ਪ੍ਰਯੋਗ ਕਰਦੇ ਹਨ ਅਤੇ ਇਸ ਨੂੰ ਛੇਤੀ ਅਪਣਾਉਂਦੇ ਹਨ। ਜਰਮਨਜੀਤ ਨੇ ਕਿਹਾ ਕਿ ਵੱਡੇ ਫ਼ਲੀਟਾਂ ਨੂੰ ਜਦੋਂ ਸਭ ਤੋਂ ਜ਼ਿਆਦਾ ਨੇੜੇ ਮੌਜੂਦ ਮੱਦਦ ਦੇ ਲਾਭ ਦਾ ਪਤਾ ਲੱਗੇਗਾ ਤਾਂ ਉਹ ਇਸ ਤਕਨੀਕ ਨੂੰ ਅਪਣਾ ਲੈਣਗੇ।

ਜਰਮਨਜੀਤ ਨੇ ਕਿਹਾ ਕਿ ਕਈ ਵਾਰੀ ਕੋਈ ਮਕੈਨਿਕ ਸਿਰਫ਼ ਪੰਜ ਕੁ ਮਿੰਟ ਦੀ ਦੂਰੀ ’ਤੇ ਹੁੰਦਾ ਹੈ, ਅਤੇ ਆਨਲਾਈਨ ਸਰਚ ਕਰਨ ਨਾਲ ਇਸ ਗੱਲ ਦਾ ਪਤਾ ਨਹੀਂ ਲਗਦਾ। ਲਾਈਵਬ੍ਰੇਕਡਾਊਨਜ਼ ਹੋਰ ਜ਼ਿਆਦਾ ਸੰਪਰਕ ਸਾਧਣ ਅਤੇ ਟਰੱਕਾਂ ਨੂੰ ਜਿੰਨਾ ਛੇਤੀ ਹੋ ਸਕੇ ਦਰੁਸਤ ਕਰਨ ਦੀ ਕੋਸ਼ਿਸ਼ ’ਚ ਹੈ।

ਲੀਓ ਬਾਰੋਸ ਵੱਲੋਂ