ਹਮਬੋਲਟਡ ਟਰੱਕ ਡਰਾਈਵਰ ਨੂੰ ਦਿਨ ਦੀ ਪੈਰੋਲ ਮਿਲੀ

ਪੈਰੋਲ ਬੋਰਡ ਆਫ਼ ਕੈਨੇਡਾ ਨੇ ਜਾਨਲੇਵਾ ਹਮਬੋਲਟਡ ਬਰੋਂਕੋਸ ਬੱਸ ਹਾਦਸੇ ’ਚ ਸ਼ਾਮਲ ਟਰੱਕਰ ਨੂੰ ਛੇ ਮਹੀਨਿਆਂ ਲਈ ਦਿਨ ਦੀ ਪੈਰੋਲ ਦੇ ਦਿੱਤੀ ਹੈ।

ਅਲਬਰਟਾ ਦੇ ਬੋਅਡੇਨ ਇੰਸਟੀਚਿਊਸ਼ਨ ’ਚ ਬੁੱਧਵਾਰ ਨੂੰ ਸੱਤ ਘੰਟਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ, ਦੋ ਮੈਂਬਰੀ ਬੋਰਡ ਪੈਨਲ ਨੇ ਕਿਹਾ ਕਿ ਜਸਕੀਰਤ ਸਿੰਘ ਸਿੱਧੂ ਜੇਕਰ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਦਾ ਹੈ ਤਾਂ ਉਸ ਨੂੰ ਇਨ੍ਹਾਂ ਛੇ ਮਹੀਨਿਆਂ ਤੋਂ ਬਾਅਦ ਪੂਰੀ ਪੈਰੋਲ ਮਿਲੇਗੀ, ਜਿਸ ’ਚ ਪੀੜਤਾਂ ਦੇ ਪਰਿਵਾਰ ਨਾਲ ਕੋਈ ਸੰਪਰਕ ਨਾ ਕਰਨਾ ਵੀ ਸ਼ਾਮਲ ਹੈ।

court gavel
(ਤਸਵੀਰ: ਆਈਸਟਾਕ)

ਸਿੱਧੂ ਨੂੰ 2018 ’ਚ ਹੋਈ ਟੱਕਰ ਲਈ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਦਾ ਜੁਰਮ ਕਬੂਲਣ ਤੋਂ ਬਾਅਦ ਅੱਠ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਟੱਕਰ ’ਚ 16 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖ਼ਮੀ ਹੋ ਗਏ ਸਨ।

ਸਿੱਧੂ ਨੇ ਪੇਂਡੂ ਸਸਕੈਚਵਨ ਚੁਰਸਤੇ ’ਤੇ ਰੁਕਣ ਦੇ ਸੰਕੇਤ ਦੀ ਉਲੰਘਣਾ ਕੀਤੀ ਸੀ ਅਤੇ ਇੱਕ ਮੈਚ ਖੇਡਣ ਜਾ ਰਹੀ ਜੂਨੀਅਰ ਹਾਕੀ ਟੀਮ ਦੀ ਬੱਸ ਨਾਲ ਜਾ ਕੇ ਟੱਕਰ ਮਾਰ ਦਿੱਤੀ ਸੀ।

ਹਮਬੋਲਟਡ ਪੀੜਤਾਂ ਦੇ ਚਾਰ ਪਰਿਵਾਰਕ ਜੀਅ ਬੋਰਡ ਸਾਹਮਣੇ ਪੇਸ਼ ਹੋਏ ਸਨ, ਜਿਨ੍ਹਾਂ ਨੇ ਸਿੱਧੂ ਨੂੰ ਦਿੱਤੀ ਜਾਣ ਵਾਲੀ ਪੈਰੋਲ ਦੀ ਖ਼ਿਲਾਫ਼ਤ ਕੀਤੀ ਸੀ।

ਆਪਣੇ ਪੁੱਤਰ ਲੋਗਨ ਹੰਟਰ ਨੂੰ ਇਸ ਹਾਦਸੇ ’ਚ ਗੁਆ ਦੇਣ ਵਾਲੀ ਸੁਆਨਾ ਨੌਰਡਸਟਰੌਮ ਨੇ ਕਿਹਾ, ‘‘ਲੋਕਾਂ ਨੂੰ ਸਾਡੇ ਕਾਨੂੰਨ ਪ੍ਰਤੀ ਜਵਾਬਦੇਹ ਠਹਿਰਾਏ ਜਾਣ ਵਾਲਾ ਭਰੋਸਾ ਕਿੱਥੇ ਗਿਆ? ਹੁਣ ਮੇਰਾ ਆਪਣੇ ਦੇਸ਼ ਦੇ ਨਿਆਂ ’ਚ ਕੋਈ ਭਰੋਸਾ ਨਹੀਂ ਰਿਹਾ ਜੋ ਇਹ ਯਕੀਨੀ ਕਰ ਸਕੇ ਕਿ ਅਸੀਂ ਸੜਕਾਂ ’ਤੇ ਸੁਰੱਖਿਅਤ ਹਾਂ।’’

ਉਸ ਨੇ ਸਿੱਧੂ ਅਤੇ ਉਸ ਦੀ ਪਤਨੀ ਪ੍ਰਤੀ ਕੋਈ ਹਮਦਰਦੀ ਪ੍ਰਗਟ ਨਹੀਂ ਕੀਤੀ, ਜੋ ਵੀ ਭਾਰਤ ਤੋਂ ਹੈ।

ਉਨ੍ਹਾਂ ਕਿਹਾ, ‘‘ਇਹ ਵਿਆਹੁਤਾ ਜੋੜਾ ਇਕੱਠਿਆਂ ਜੀਵਨ ਬਤੀਤ ਕਰਨਾ ਚਾਹੁੰਦਾ ਸੀ, ਪਰ ਜੇਕਰ ਸਾਡੇ ਕਾਨੂੰਨ ਤੋੜੇ ਜਾਂਦੇ ਹਨ ਤਾਂ ਉਸ ਦਾ ਅੰਜਾਮ ਭੁਗਤਣਾ ਪਵੇਗਾ ਅਤੇ ਤੁਹਾਡਾ ਅੰਜਾਮ ਇਹ ਹੈ ਕਿ ਤੁਸੀਂ ਆਪਣੀ ਸਜ਼ਾ ਜੇਲ੍ਹ ਅੰਦਰ ਪੂਰੀ ਕਰੋ ਅਤੇ ਫਿਰ ਵਾਪਸ ਆਪਣੇ ਦੇਸ਼ ਚਲੇ ਜਾਓ। ਤੁਸੀਂ ਖ਼ੁਦ ਨੂੰ ਦਿੱਤਾ ਗਿਆ ਮੌਕਾ ਗੁਆ ਲਿਆ ਹੈ। ਮੇਰੇ ਪੁੱਤਰ ਨੂੰ ਕੋਈ ਮੌਕਾ ਨਹੀਂ ਮਿਲਿਆ, ਸਾਨੂੰ ਤਾਂ ਸਾਰੀ ਉਮਰ ਦੀ ਸਜ਼ਾ ਲੱਗ ਗਈ ਹੈ।’’

ਸੁਣਵਾਈ ’ਚ ਐਂਡਰੀਆ ਜੋਸਫ਼, ਉਸ ਦਾ ਪਤੀ ਅਤੇ ਪੁੱਤਰੀ ਵੀ ਸ਼ਾਮਲ ਹੋਏ, ਜਿਸ ਦਾ ਵਿਆਹ ਇਸੇ ਹਫ਼ਤੇ ਦੇ ਅਖ਼ੀਰ ’ਚ ਹੋਣ ਜਾ ਰਿਹਾ ਹੈ।

ਜੋਸਫ਼ ਨੇ ਕਿਹਾ ਕਿ ਉਸ ਦਿਨ ਦਾ ਹਰ ਪਲ ਮੁੜ ਉਸ ਦੀਆਂ ਅੱਖਾਂ ਅੱਗੇ ਤੈਰ ਗਿਆ ਜਦੋਂ ਸਿੱਧੂ ਨੇ ਉਸ ਦੇ ਪੁੱਤਰ ਜੈਕਸਨ ਦੀ ਜਾਨ ਲਈ ਸੀ। ਉਸ ਨੇ ਕਿਹਾ ਕਿ ਸਿੱਧੂ ਦੀਆਂ ਕਾਰਵਾਈਆਂ ‘ਬਹੁਤ ਸਵਾਰਥੀ ਵਿਅਕਤੀ ਵਰਗੀਆਂ ਸਨ।’

ਉਸ ਨੇ ਹੰਝੂ ਪੂੰਝਦਿਆਂ ਕਿਹਾ, ‘‘ਆਪਣੇ ਬੱਚੇ ਲਈ ਮੇਰਾ ਰੋਣਾ ਅਜੇ ਤੱਕ ਬੰਦ ਨਹੀਂ ਹੋਇਆ ਹੈ। ਮੈਂ ਅਜੇ ਵੀ ਆਪਣੇ ਬੱਚੇ ਨੂੰ ਗੁੱਡ ਨਾਈਟ ਬੋਲ ਕੇ ਸੌਂਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਉਹ ਮੇਰੇ ਸੁਪਨਿਆਂ ’ਚ ਆਵੇ। ਇਸ ਵਿਅਕਤੀ ਨੂੰ ਦਿਨ ਦੀ ਪੈਰੋਲ ਨਹੀਂ ਮਿਲਣੀ ਚਾਹੀਦੀ। ਅਜਿਹਾ ਕੀਤਾ ਤਾਂ ਮੇਰਾ ਦਿਲ, ਮੇਰੇ ਪਰਿਵਾਰ ਦਾ ਦਿਲ ਅਤੇ ਕੈਨੇਡੀਅਨ ਲੋਕਾਂ ਦਾ ਦਿਲ ਪਸੀਜਿਆ ਜਾਵੇਗਾ ਜਿਨ੍ਹਾਂ ਦੇ ਬੱਚੇ ਹਨ ਅਤੇ ਜੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ।’’

ਆਪਣੇ ਪੁੱਤਰ ਐਡਮ ਨੂੰ ਇਸ ਹਾਦਸੇ ’ਚ ਗੁਆ ਦੇਣ ਵਾਲੇ ਰੂਸ ਹੈਰਲਡ ਨੇ ਕਿਹਾ ਕਿ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਸੋਚ ਕੇ ਉਹ ਨਿਰਾਸ਼ ਹੋ ਜਾਂਦਾ ਹੈ।

ਉਸ ਨੇ ਕਿਹਾ, ‘‘ਸਿੱਧੂ ਨੂੰ ਪੈਰੋਲ ਮਿਲਣ ਦੀ ਸੋਚ ਹੀ ਪ੍ਰੇਸ਼ਾਨ ਕਰ ਦਿੰਦੀ ਹੈ ਅਤੇ ਸਾਡੇ ਜ਼ਖ਼ਮ ਮੁੜ ਤਾਜ਼ਾ ਹੋ ਜਾਂਦੇ ਹਨ। ਮੇਰੇ ਪੁੱਤਰ ਨੂੰ ਕੋਈ ਮੌਕਾ ਨਹੀਂ ਮਿਲਿਆ ਸੀ। ਉਹ ਤਾਂ ਆਪਣੀ ਹਾਕੀ ਦਾ ਮੈਚ ਖੇਡਣ ਜਾ ਰਿਹਾ ਸੀ। ਉਸ ਦਾ ਕੀ ਕਸੂਰ ਸੀ।’’

ਪੈਨਲ ਨੇ ਸਿੱਧੂ ਤੋਂ ਬੁੱਧਵਾਰ ਦੁਪਹਿਰ ਨੂੰ ਤਿੰਨ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ, ਜਿਸ ’ਚ ਉਸ ਤੋਂ ਉਸ ਦੇ ਪਹਿਲੇ ਬਿਆਨਾਂ ’ਚ ਅਸੰਗਤੀਆਂ ਹੋਣ ਦੀ ਗੱਲ ਕੀਤੀ ਗਈ, ਜਿਸ ’ਚ ਉਸ ਵੱਲੋਂ ਆਪਣੇ ਬੌਸ ਨੂੰ ਇਹ ਕਹਿਣਾ ਸ਼ਾਮਲ ਹੈ ਕਿ ਫ਼ਲੈਪਿੰਗ ਟਰੈਪ ਕਰਕੇ ਉਸ ਦਾ ਧਿਆਨ ਵੰਡਿਆ ਗਿਆ ਸੀ, ਪਰ ਬਾਅਦ ’ਚ ਆਰ.ਸੀ.ਐਮ.ਪੀ. ਨੂੰ ਇਹ ਕਹਿਣਾ ਸ਼ਾਮਲ ਹੈ ਕਿ ਉਸ ਦੀਆਂ ਅੱਖਾਂ ਸੂਰਜ ਦੀ ਰੌਸ਼ਨੀ ਪੈਣ ਕਰਕੇ ਬੰਦ ਹੋ ਗਈਆਂ ਸਨ।

ਪੈਨਲ ਚੇਅਰ ਨੇ ਇਹ ਵੀ ਸਵਾਲ ਕੀਤਾ ਕਿ ਸਿੱਧੂ ਨੇ ਰੁਕਣ ਦੇ ਸੰਕੇਤ ਦੀਆਂ ਕਈ ਚੇਤਾਵਨੀਆਂ ਦੀ ਉਲੰਘਣਾ ਕਿਉਂ ਕੀਤੀ, ਟੱਕਰ ਤੋਂ ਬਾਅਦ ਉਸ ਨੇ 911 ਨੂੰ ਕਾਲ ਕਿਉਂ ਨਹੀਂ ਕੀਤਾ ਜਾਂ ਪੀੜਤਾਂ ਦੀ ਮੱਦਦ ਕਿਉਂ ਨਹੀਂ ਕੀਤੀ।

ਉਨ੍ਹਾਂ  ਪੁੱਛਿਆ, ‘‘ਤੁਹਾਨੂੰ ਕੁੱਝ ਮੱਦਦ ਕਰਨੀ ਚਾਹੀਦੀ ਸੀ। ਤੁਸੀਂ ਕਿਉਂ ਨਹੀਂ ਕੀਤੀ?’’

ਸਿੱਧੂ ਨੇ ਇਸ ਦਾ ਜਵਾਬ ਦਿੱਤਾ, ‘‘ਜਦੋਂ ਮੈਂ ਏਨਾ ਸਾਰਾ ਖ਼ੂਨ ਵੇਖਿਆ ਤਾਂ ਮੈਨੂੰ ਪਤਾ ਨਾ ਲੱਗਾ ਕਿ ਕੀ ਕੀਤਾ ਜਾਵੇ। ਲੋਕ ਜ਼ਮੀਨ ’ਤੇ ਪਏ ਸਨ। ਲੋਕਾਂ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੇਰਾ ਦਿਮਾਗ਼ ਕੰਮ ਕਰਨਾ ਬੰਦ ਕਰ ਗਿਆ ਸੀ।’’

ਸਿੱਧੂ ਨੇ ਪੀੜਤਾਂ ਦੇ ਪਰਿਵਾਰਾਂ ਤੋਂ ਮਾਫ਼ੀ ਮੰਗਦਿਆਂ ਕਿਹਾ, ‘‘ਮੈਂ ਪੈਰੋਲ ਬੋਰਡ ਨੂੰ ਕਹਿਣਾ ਚਾਹਾਂਗਾ ਕਿ ਮੈਂ ਬਹੁਤ ਭਿਆਨਕ ਕੰਮ ਕੀਤਾ ਸੀ, ਜਿਸ ਨੇ ਏਨੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ। ਮੈਂ ਉਨ੍ਹਾਂ ਸਾਰਿਆਂ ਨੂੰ ਬਹੁਤ ਡੂੰਘੇ ਦੁੱਖ ਦਿੱਤੇ ਹਨ। ਮੈਂ ਉਨ੍ਹਾਂ ਦੇ ਸੁਪਨੇ ਖ਼ਤਮ ਕਰ ਦਿੱਤੇ, ਉਨ੍ਹਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਅਤੇ ਹੁਣ ਮੈਂ ਉਨ੍ਹਾਂ ਨੂੰ ਅਸਹਿ ਦਰਦ ਦਿੱਤਾ ਹੈ।’’

‘‘ਮੈਂ ਜੋ ਵੀ ਦਰਦ ਦਿੱਤਾ ਹੈ ਉਸ ਲਈ ਮੈਂ ਮੁਆਫ਼ੀ ਮੰਗਦਾ ਹਾਂ। ਮੈਨੂੰ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦਾ ਬਹੁਤ ਦੁੱਖ ਹੈ। ਮੈਨੂੰ ਬਹੁਤ ਦੁੱਖ ਹੈ ਕਿ ਮੈਂ ਉਸ ਦਿਨ ਧਿਆਨ ਨਾ ਰੱਖ ਸਕਿਆ।’’

ਉਸ ਨੇ ਕਿਹਾ ਕਿ ਉਸ ਦੀ ਇੱਛਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਨਹੀਂ ਸੀ।

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਨੇ ਮਾਰਚ ’ਚ ਸਿਫ਼ਾਰਸ਼ ਕੀਤੀ ਸੀ ਕਿ ਸਿੱਧੂ ਨੂੰ ਇਮੀਗਰੇਸ਼ਨ ਅਤੇ ਰਿਫ਼ਿਊਜੀ ਬੋਰਡ ਦੇ ਸੁਪਰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਫ਼ੈਸਲਾ ਕਰਨ ਕਿ ਕੀ ਉਸ ਨੂੰ ਵਾਪਸ ਭਾਰਤ ਭੇਜ ਦੇਣਾ ਚਾਹੀਦਾ ਹੈ ਜਾਂ ਨਹੀਂ।

ਉਸ ਦਾ ਵਕੀਲ ਇਸ ਸਪੁਰਦਗੀ ਵਿਰੁੱਧ ਫ਼ੈਡਰਲ ਅਦਾਲਤ ’ਚ ਪਹੁੰਚਣ ਬਾਰੇ ਵਿਚਾਰ ਕਰ ਰਿਹਾ ਹੈ।