$4 ਅਰਬ ਦਾ ਉਦਯੋਗ ਬਣਿਆ ਕੈਨੇਡਾ ਦੀ ਆਫ਼ਟਰਮਾਰਕੀਟ

Avatar photo

ਕੈਨੇਡਾ ਦੇ 6-8 ਸ਼੍ਰੇਣੀ ਦੇ ਟਰੱਕਾਂ ਅਤੇ ਟਰੇਲਰਾਂ ਲਈ ਸੇਵਾਵਾਂ ਦੇ ਰਹੀ ਆਫ਼ਟਰਮਾਰਕੀਟ ਦਾ ਬਾਜ਼ਾਰ 2018 ‘ਚ 4 ਅਰਬ ਡਾਲਰ ਤਕ ਪੁੱਜ ਗਿਆ ਹੈ, ਅਤੇ ਇਸ ਦੀ ਤਰੱਕੀ ਨੇ ਮੈਕੈ ਐਂਡ ਕੰਪਨੀ ਨੂੰ ਵੀ ਹੈਰਾਨ ਕਰ ਦਿੱਤਾ ਹੈ।

ਸਾਲਾਨਾ ਹੈਵੀ ਡਿਊਟੀ ਆਫ਼ਟਰਮਾਰਕੀਟ ਵਿਚਾਰ-ਚਰਚਾ ‘ਚ ਵਿਕਰੀ ਅਤੇ ਮਾਰਕੀਟਿੰਗ ਦੇ ਉਪ-ਪ੍ਰਧਾਨ ਜੌਨ ਬਲੋਜੈਟ ਨੇ ਕਿਹਾ ਕਿ ਬਾਜ਼ਾਰ ‘ਚ ਇਸ ਸਾਲ 7.2% ਦਾ ਵਾਧਾ ਵੇਖਿਆ ਗਿਆ ਜੋ ਕਿ 2017 ‘ਚ 3.7 ਅਰਬ ਡਾਲਰ ਦਾ ਸੀ।

ਇਸ ਤਰੱਕੀ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਇਸ ਸਾਲ ਕੈਨੇਡਾ ਦੀ ਹੈਵੀ-ਡਿਊਟੀ ਆਫ਼ਟਰਮਾਰਕੀਟ 4.1% ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀ.ਏ.ਜੀ.ਆਰ.) ਹਾਸਲ ਕਰ ਸਕੇਗੀ।

ਇਸ ਸਾਲ ਕਲਪੁਰਜ਼ਿਆਂ ਦੀਆਂ ਕੀਮਤਾਂ ‘ਚ ਵੀ 2.1% ਦਾ ਵਾਧਾ ਹੋਣ ਦੀ ਉਮੀਦ ਹੈ। 2018 ਦੇ ਸ਼ੁਰੂਆਤੀ ਨਤੀਜਿਆਂ ‘ਚ ਇਹ ਵਾਧਾ 4.4% ਨਿਕਲਿਆ ਹੈ, ਫਿਰ ਵੀ ਇਹ 2017 ‘ਚ ਦਰਜ ਕੀਤੇ ਗਏ 1.2% ਤੋਂ ਵੱਧ ਹੈ।

ਇਹ ਤਰੱਕੀ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਵੇਗਾ। ਮੌਜੂਦਾ ਭਵਿੱਖਬਾਣੀ ਦਰਸਾਉਂਦੀ ਹੈ ਕਿ ਇਸ ਸਾਲ ਆਫ਼ਟਰਮਾਰਕੀਟ ਵੱਧ ਕੇ 4.1 ਅਰਬ ਡਾਲਰ ਦੀ ਹੋ ਜਾਵੇਗੀ-ਇਸ ‘ਚ 2020-2022 ਤਕ ਹਰ ਸਾਲ 20 ਕਰੋੜ ਡਾਲਰ ਦਾ ਵਾਧਾ ਹੋਵੇਗਾ। ਇੱਥੋਂ ਤਕ ਕਿ ਜਦੋਂ 2023 ਦੌਰਾਨ ਕਾਰੋਬਾਰ ‘ਚ ਤਰੱਕੀ ਬੰਦ ਹੋ ਜਾਵੇਗੀ, ਆਫ਼ਟਰਮਾਰਕੀਟ ‘ਚ ਫਿਰ ਵੀ 10 ਕਰੋੜ ਡਾਲਰ ਦੀ ਤਰੱਕੀ ਹੋਣ ਦੀ ਉਮੀਦ ਹੈ।

ਟਰੱਕ ਡੀਲਰ ਕੈਨੇਡੀਅਨ ਕਾਰੋਬਾਰ ‘ਚ ਸੱਭ ਤੋਂ ਵੱਧ ਕਮਾਈ ਕਰਦੇ ਹਨ। ਕੁਲ 3.964 ਅਰਬ ਡਾਲਰ ਦੇ ਹਿੱਸੇ ‘ਚੋਂ ਇਨ੍ਹਾਂ ਨੇ 51% ਕਮਾਈ ਆਪਣੀ ਜੇਬ ‘ਚ ਪਾਈ। ਹੈਵੀ-ਡਿਊਟੀ ਡਿਸਟ੍ਰੀਬਿਊਟਰਾਂ ਨੂੰ 17% ਕਾਰੋਬਾਰ ਮਿਲਿਆ, ਸੁਤੰਤਰ ਗੈਰਾਜ ਵਾਲਿਆਂ ਨੂੰ 13%, ਇੰਡਸਟਰੇ ਮਾਹਰਾਂ ਨੂੰ 8%, ਇੰਜਣ ਡਿਸਟ੍ਰੀਬਿਊਟਰਾਂ ਨੂੰ 4%, ਅਤੇ ਆਟੋ ਕਲਪੁਰਜ਼ੇ ਡਿਸਟ੍ਰੀਬਿਊਟਰਾਂ ਨੂੰ 3% ਕਾਰੋਬਾਰ ਦਾ ਹਿੱਸਾ ਮਿਲਿਆ। ਬਾਕੀ ਕਾਰੋਬਾਰੀ ਮਾਡਲਾਂ ਦਾ ਹਿੱਸਾ 4% ਰਿਹਾ।

ਪਰ ਉਪਕਰਨ ਵਿਕਾਸ ਸਿਰਫ਼ ਆਫ਼ਟਰਮਾਰਕੀਟ ਤਕ ਸੀਮਤ ਨਹੀਂ ਰਿਹਾ।

ਸ਼੍ਰੇਣੀ 8 ਟਰੱਕਾਂ ਦੀ ਵਿਕਰੀ ਕੈਨੇਡਾ ‘ਚ ਸੱਭ ਤੋਂ ਜ਼ਿਆਦਾ ਰਹੀ। ਇਹ 2018 ‘ਚ 35,700 ਦਾ ਅੰਕੜਾ ਛੂਹ ਗਈ-ਜੋ ਕਿ 2017 ਤੋਂ 29% ਜ਼ਿਆਦਾ ਹੈ ਅਤੇ ਮੈਕੈ  ਐਂਡ ਕੰਪਨੀ ਦੀ ਭਵਿੱਖਬਾਣੀ ਹੈ ਕਿ ਇਸ ਸਾਲ ਇਹ ਅੰਕੜਾ 36,800 ਨੂੰ ਛੂਹ ਲਵੇਗਾ। ਜਦਕਿ 2020 ‘ਚ ਵਿਕਰੀ ਘੱਟ ਕੇ 26,100 ਰਹਿ ਜਾਵੇਗੀ।
2018 ‘ਚ ਕੈਨੇਡੀਅਨਾਂ ਨੇ ਸ਼੍ਰੇਣੀ 6/7 ਦੇ 11,100 ਟਰੱਕ ਖ਼ਰੀਦੇ, ਜੋ ਕਿ ਪਿਛਲੇ ਸਾਲ ਤੋਂ 26% ਵੱਧ ਹੈ। ਪਰ 2019 ਦੌਰਾਨ ਇਹ ਜੋੜ ਘੱਟ ਕੇ 10,200 ਇਕਾਈਆਂ ਹੋ ਜਾਵੇਗਾ, ਅਤੇ 2020 ‘ਚ ਇਹ 6% ਹੋਰ ਘੱਟ ਕੇ 9,600 ਰਹਿ ਜਾਵੇਗਾ।

ਵਾਧਾ ਸਿਰਫ਼ ਟਰੱਕਾਂ ‘ਚ ਹੀ ਨਹੀਂ ਵੇਖਣ ਨੂੰ ਮਿਲਿਆ। 2018 ‘ਚ 49,500 ਟਰੇਲਰ ਖ਼ਰੀਦੇ ਗਏ ਜੋ ਪਿਛਲੇ ਸਾਲ ਨਾਲੋਂ 30% ਜ਼ਿਆਦਾ ਹਨ। ਹਾਲਾਂਕਿ, ਬਲੋਜੈਟ ਦਾ ਕਹਿਣਾ ਹੈ ਕਿ ਇਹ ਵਾਧਾ 2019 ‘ਚ 3% ਰਹਿ ਜਾਵੇਗਾ, ਜਦੋਂ 51,000 ਇਕਾਈਆਂ ਦੀ ਵਿਕਰੀ ਹੋਵੇਗੀ। 2020 ਤਕ, ਟਰੇਲਰ ਮਾਰਕੀਟ ਸੁੰਗੜ ਕੇ 36,00 ਇਕਾਈਆਂ ਰਹਿ ਜਾਵੇਗੀ, ਜੋ ਕਿ ਵਿਕਰੀ ‘ਚ 28% ਦਾ ਗੋਤਾ ਹੋਵੇਗਾ।

ਕੁੱਲ ਮਿਲਾ ਕੇ, ਕੈਨੇਡਾ ‘ਚ ਗੱਡੀਆਂ ਦੀ ਗਿਣਤੀ ‘ਚ ਵਾਧਾ ਹੀ ਹੋ ਰਿਹਾ ਹੈ। ਪਿਛਲੇ ਸਾਲ ਕੈਨੇਡਾ ਦੀਆਂ ਸੜਕਾਂ ‘ਤੇ 42,000 ਸ਼੍ਰੇਣੀ 6 ਟਰੱਕ, 151,000 ਸ਼੍ਰੇਣੀ 7 ਟਰੱਕ, 351,00 ਸ਼੍ਰੇਣੀ 8 ਟਰੱਕ, ਅਤੇ 553,000 ਟਰੇਲਰ ਸਨ। ਪਰ ਆਉਣ ਵਾਲੇ ਸਾਲਾਂ ‘ਚ ਇਹ ਅੰਕੜਾ ਘੱਟ ਸਕਦਾ ਹੈ। ਮੈਕੈ ਐਂਡ ਕੰਪਨੀ ਦੇ ਅੰਦਾਜ਼ੇ ਅਨੁਸਾਰ 2023 ‘ਚ ਸ਼੍ਰੇਣੀ 6 ਦੀਆਂ 35,000 ਇਕਾਈਆਂ, ਸ਼੍ਰੇਣੀ 7 ਦੀਆਂ 149,000, ਸ਼੍ਰੇਣੀ 8 ਦੀਆਂ 353,000 ਇਕਾਈਆਂ, ਅਤੇ ਟਰੇਲਰਾਂ ਦੀ ਗਿਣਤੀ 552,000 ਹੋਵੇਗੀ।