ਓਂਟਾਰੀਓ ਨੇ ਡਰਾਈਵ ਕਲੀਨ ਪ੍ਰੋਗਰਾਮ ਕੀਤਾ ਬੰਦ

ਓਂਟਾਰੀਓ ਨੇ ਪਿਛਲੇ ਮਹੀਨੇ ਮੁਸਾਫ਼ਰ ਗੱਡੀਆਂ ਬਾਰੇ ਡਰਾਈਵ ਕਲੀਨ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਹੈ | 1 ਅਪ੍ਰੈਲ, 2019 ਤੋਂ, ਡਰਾਈਵਰਾਂ ਨੂੰ ਆਪਣੀਆਂ ਮੁਸਾਫ਼ਰ ਗੱਡੀਆਂ ਲਈ ਪ੍ਰਦੂਸ਼ਣ ਟੈਸਟ ਨਹੀਂ ਦੇਣਾ ਪਵੇਗਾ | ਓਂਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਸ ਦੇ ਇਸ ਕਦਮ ਨਾਲ ਟੈਕਸ ਭਰਨ ਵਾਲਿਆਂ ਨੂੰ ਇਕ ਸਾਲ ਵਿੱਚ 4 ਕਰੋੜ ਡਾਲਰ ਦੀ ਬਚਤ ਹੋਵੇਗੀ | ਡਰਾਈਵ ਕਲੀਨ ਦੇ ਬਦਲੇ, ਨਵਾਂ ਪ੍ਰੋਗਰਾਮ ਲਿਆਂਦਾ ਜਾਵੇਗਾ ਜੋ ਕਿ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ, ਜਿਵੇਂ ਕਾਰੋਬਾਰੀ ਟਰੱਕਾਂ ‘ਤੇ ਕੇਂਦਰਿਤ ਹੋਵੇਗਾ |

ਸੂਬਾਈ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਸ ਪ੍ਰੋਗਰਾਮ ਨੂੰ ਬੰਦ ਕਰਨ ਦਾ ਕਾਰਨ ਇਹ ਸੀ ਕਿ ”ਆਟੋ ਉਦਯੋਗ ਮਾਨਕ ਪ੍ਰੋਗਰਾਮ ਵਿੱਚ 1999 ਤੋਂ ਬਾਅਦ ਕਾਫ਼ੀ ਸੁਧਾਰ ਕੀਤਾ ਗਿਆ ਹੈ ਜਿਸ ਕਰ ਕੇ ਇਹ ਪ੍ਰੋਗਰਾਮ ਹੁਣ ਜ਼ਰੂਰੀ ਨਹੀਂ ਰਹਿ ਗਿਆ ਸੀ|”

ਗੱਡੀਆਂ ਦੇ ਮਾਲਕਾਂ ਨੂੰ ਅਜੇ ਵੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀਆਂ ਗੱਡੀਆਂ ਦੀ ਧੂੰਆਂ ਛੱਡਣ ਵਾਲੀ ਪ੍ਰਣਾਲੀ ਦਰੁਸਤ ਕੰਮ ਕਰ ਰਹੀ ਹੈ | ਮੰਤਰਾਲੇ ਨੇ ਇਹ ਵੀ ਕਿਹਾ ਕਿ ਉਹ ਆਪਣੀ ਸੜਕਾਂ ਉਤੇ ਜਾਂਚ ਵਿਵਸਥਾ ਨੂੰ ਮਜ਼ਬੂਤ ਬਣਾਵੇਗੀ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਮਾਲਕ ਆਪਣੀਆਂ ਗੱਡੀਆਂ ਦੀ ਧੂੰਆਂ ਛੱਡਣ ਵਾਲੀ ਪ੍ਰਣਾਲੀ ਦਾ ਸਹੀ ਰੱਖ-ਰਖਾਅ ਕਰ ਰਹੇ ਹਨ|

ਓਂਟਾਰੀਓ ਸੂਬੇ ਨੇ ਪਿੱਛੇ ਜਿਹੇ ਇੱਕ ਸਲਾਹਕਾਰ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੀ ਤਾਂ ਕਿ ਭਾਰੀ ਟਰੱਕ ਧੂੰਆਂ ਨਿਕਾਸ ਪ੍ਰਣਾਲੀ ਦਾ ਖਾਕਾ ਮੁੜ ਤਿਆਰ ਕੀਤਾ ਜਾ ਸਕੇ, ਜਿਸ ਵਿਚ ਛੇੜਛਾੜ ਨਿਯਮਾਂ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ ਜਾ ਸਕੇਗਾ, ਅਤੇ ਨਾਲ ਹੀ ਟਰੱਕਿੰਗ ਵਾਤਾਵਰਨ ਉਪਕਰਨਾਂ ਦੀ ਖ਼ਰੀਦ ਲਈ ਮੱਦਦ ਦਿੱਤੀ ਜਾ ਸਕੇਗੀ |

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਵੱਲੋਂ ਸੂਬੇ ਨਾਲ ਮਿਲ ਕੇ ਇਹ ਯਕੀਨੀ ਕਰਨ ਦੀ ਯੋਜਨਾ ਹੈ ਕਿ ਕਿਵੇਂ ਮੌਜੂਦਾ ਐਮ.ਟੀ.ਓ. ਤਾਮੀਲੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਵਾਤਾਵਰਨ ਦੇ ਮਾਮਲਿਆਂ ਵਿਚ ਬਿਹਤਰ ਤਰੀਕੇ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ | ਇਸ ਹੇਠ ਧੂੰਆਂ ਨਿਕਾਸ ਪ੍ਰਣਾਲੀ ਨਾਲ ਛੇੜਛਾੜ ਨੂੰ ਖ਼ਤਮ ਕਰਨ ‘ਤੇ ਜ਼ੋਰ ਹੋਵੇਗਾ |

ਐਸੋਸੀਏਸ਼ਨ ਨੇ ਕਿਹਾ ਹੈ ਕਿ ਉਹ ਅਜਿਹੇ ਹੱਲਾਸ਼ੇਰੀ ਪ੍ਰੋਗਰਾਮ ਬਾਰੇ ਵੀ ਆਸਵਾਨ ਹੈ ਜਿਸ ਵਿਚ ਉਨ੍ਹਾਂ ਅਦਾਰਿਆਂ ਨੂੰ ਇਨਾਮ ਦਿੱਤਾ ਜਾਵੇਗਾ ਜੋ ਕਿ ਨਵੀਨਤਮ ਵਾਤਾਵਰਨ ਉਪਕਰਨ ਤਕਨਾਲੋਜੀਆਂ ਨੂੰ ਖ਼ਰੀਦਦੇ ਹਨ |

ਓਂਟਾਰੀਓ ਵੱਲੋਂ ਮੁਸਾਫਰ ਗੱਡੀਆਂ ਲਈ ਡਰਾਈਵ ਕਲੀਨ ਪ੍ਰੋਗਰਾਮ ਖ਼ਤਮ ਕੀਤੇ ਜਾਣ ਤੋਂ ਬਾਅਦ ਭਾਰੇ ਟਰੱਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ |