ਅਮਰੀਕਾ ’ਚ ਇਲੈਕਟ੍ਰਿਕ, ਖ਼ੁਦਮੁਖਤਿਆਰ ਗੱਡੀਆਂ ਵੇਚੇਗਾ ਆਇਨਰਾਈਡ

Avatar photo

ਯੂਰੋਪ ’ਚ ਇਲੈਕਟ੍ਰਿਕ ਅਤੇ ਉੱਚ ਪੱਧਰੀ ਖ਼ੁਦਮੁਖਤਿਆਰ ਗੱਡੀਆਂ ਦਾ ਕਾਫ਼ੀ ਸਮੇਂ ਤੋਂ ਵਿਕਾਸ ਕਰ ਰਹੀ ਸਵੀਡਨ ਦੀ ਆਇਨਰਾਈਡ ਕੰਪਨੀ ਅਮਰੀਕਾ ’ਚ ਵੀ ਆ ਰਹੀ ਹੈ – ਅਤੇ ਇਸ ਨੇ ਆਪਣਾ ਪਹਿਲਾ ਰਿਮੋਟ ਟਰੱਕਰ ਵੀ ਰੱਖ ਲਿਆ ਹੈ।

ਆਇਨਰਾਈਡ ਪੌਡ ਗੱਡੀਆਂ ਨੂੰ ਯੂਰੋਪੀਅਨ ਬਾਜ਼ਾਰ  ਲਈ ਤਿਆਰ ਪਿਛਲੀਆਂ ਇਕਾਈਆਂ ਦੇ ਆਧਾਰ ’ਤੇ ਬਣਾਇਆ ਗਿਆ ਹੈ। ਤਸਵੀਰ: ਆਇਨਰਾਈਡ

ਆਇਨਰਾਈਡ ਪੌਡ ਦੇ ਨਾਂ ਦੀ ਇਸ ਇਲੈਕਟ੍ਰਿਕ ਗੱਡੀ ’ਚ ਚੌਥੇ ਪੱਧਰ ਦੀਆਂ ਐਸ.ਏ.ਈ. ਖ਼ੁਦਮੁਖਤਿਆਰੀ ਸਮਰਥਾਵਾਂ ਹਨ, ਜਿਸ ਦਾ ਮਤਲਬ ਹੈ ਕਿ ਇਹ ਮਿੱਥੇ ਗਏ ਹਾਲਾਤ ’ਚ ਬਗ਼ੈਰ ਕਿਸੇ ਆਪਰੇਟਰ ਦੇ ਦਖ਼ਲ ਤੋਂ ਚਲ ਸਕਦੀ ਹੈ। ਇਸ ’ਚ ਰਵਾਇਤੀ ਟਰੱਕ ਕੈਬ ਵੀ ਨਹੀਂ ਹੈ। ਪਰ ਆਇਨਰਾਈਡ ਪੌਡ ਆਪਰੇਟਰ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇੱਕ ਵਿਅਕਤੀ ਕਈ ਗੱਡੀਆਂ ਦੀ ਇਕੱਠਿਆਂ ਨਿਗਰਾਨੀ ਕਰੇਗੀ, ਅਤੇ ਜਦੋਂ ਵੀ ਮਨੁੱਖੀ ਦਖ਼ਲ ਦੀ ਜ਼ਰੂਰਤ ਪਵੇਗੀ, ਉਹ ਇਨ੍ਹਾਂ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਲਵੇਗਾ।

ਇਸ ਤੋਂ ਇਲਾਵਾ ਹੋਰ ਆਸਾਮੀਆਂ ਦਾ ਵੀ ਵਾਅਦਾ ਕੀਤਾ ਗਿਆ ਹੈ। ਆਇਨਰਾਈਡ ਨੇ ਕਿਹਾ ਕਿ ਉਹ ਅਮਰੀਕਾ ’ਚ ਪਹਿਲੇ ਪੰਜ ਸਾਲਾਂ ਦੌਰਾਨ 2,000 ਨੌਕਰੀਆਂ ਪੈਦਾ ਕਰੇਗਾ। ਇਸ ਦਾ ਮੁੱਖ ਦਫ਼ਤਰ ਨਿਊਯਾਰਕ ’ਚ ਹੋਵੇਗਾ, ਜਦਕਿ ਖੇਤਰੀ ਦਫ਼ਤਰ ਆਸਟਿਨ, ਟੈਕਸਾਸ; ਸੈਨ ਫ਼ਰਾਂਸਿਸਕੋ, ਕੈਲੇਫ਼ੋਰਨੀਆ; ਅਤੇ ਦੱਖਣ-ਪੂਰਬੀ ਅਮਰੀਕਾ ’ਚ ਹੋਣਗੇ।

ਕੰਪਨੀ ਦੇ ਤਕਨੀਕੀ ਭਾਈਵਾਲਾਂ ’ਚ ਐਰੀਕਸਨ ਅਤੇ ਸੀਮੰਸ ਸ਼ਾਮਲ ਹਨ, ਅਤੇ ਇਸ ਦੇ ਗ੍ਰਾਹਕਾਂ ’ਚ ਬ੍ਰਿਜਸਟੋਨ ਅਤੇ ਜੀ.ਈ. ਐਪਲਾਇੰਸਿਜ਼ ਸ਼ਾਮਲ ਹਨ। ਟਾਇਰ ਨਿਰਮਾਤਾ ਕੰਪਨੀ ਨੇ ਇਸ ਤੋਂ ਪਹਿਲਾਂ ਇੱਕ ਪਲਾਂਟ ਅਤੇ ਵੰਡ ਕੇਂਦਰ ਵਿਚਕਾਰ ਟਾਇਰਾਂ ਦੀ ਢੋਆ-ਢੁਆਈ ਲਈ ਇਨ੍ਹਾਂ ਟਰੱਕਾਂ ਦਾ ਪ੍ਰਯੋਗ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਜੀ.ਈ. ਐਪਲਾਇੰਸਿਜ਼ ਪਹਿਲੇ ਖ਼ੁਦਮੁਖਤਿਆਰ ਪੌਡਸ ਨੂੰ ਵਰਤੋਂ ’ਚ ਲਿਆ ਰਹੀ ਹੈ।

ਹਾਲਾਂਕਿ ਇਸ ਬਿੰਦੂ ’ਤੇ ਕਾਰਵਾਈਆਂ ਖੁੱਲ੍ਹੀ ਸੜਕ ਦੀ ਬਜਾਏ ਗ੍ਰਾਹਕ ਸਹੂਲਤਾਂ ਤੱਕ ਸੀਮਤ ਹਨ।

ਸ਼ੁਰੂਆਤੀ ਉਤਪਾਦ ਲੜੀ ’ਚ ਨਵਾਂ ਫ਼ਲੈਟਬੈੱਡ ਪੌਡ ਵੀ ਸ਼ਾਮਲ ਹੈ, ਜਿਸ ਨੂੰ ਸ਼ਿੱਪਿੰਗ ਕੰਟੇਨਰ ਵਰਗੇ ਵੱਖੋ-ਵੱਖ ਲੋਡਸ ਲਈ ਅਪਣਾਇਆ ਜਾ ਸਕਦਾ ਹੈ।

ਟਰੱਕਾਂ ਦੇ ਨਾਲ ਵੱਖੋ-ਵੱਖ ਤਕਨੀਕੀ ਸਿਸਟਮਸ ਨੂੰ ਵੀ ਪੇਸ਼ ਕੀਤਾ ਗਿਆ ਹੈ। ਗੱਡੀ ਨੂੰ ਸੇਧ ਦੇਣ ਲਈ ਨਵਾਂ ਆਇਨਰਾਈਡ ਸਾਗਾ ਆਪਰੇਟਿੰਗ ਸਿਸਟਮ ਹੋਵੇਗਾ, ਜਿਸ ਨੂੰ ਸ਼ਿੱਪਰਜ਼ ਇਵੋਲਵ ਐਪ ਰਾਹੀਂ ਵਰਤ ਸਕਦੇ ਹਨ। ਸ਼ਿੱਪਮੈਂਟਸ ਨੂੰ ਆਇਨਰਾਈਡ ਦੇ ਬੁੱਕ ਸਿਸਟਮ ਰਾਹੀਂ ਆਰਡਰ ਅਤੇ ਟਰੈਕ ਕੀਤਾ ਜਾਂਦਾ ਹੈ, ਅਤੇ ਸਾਰੇ ਕੰਮ ਦੀ ਨਿਗਰਾਨੀ ਹੁੰਦੀ ਹੈ। ਜਾਣਕਾਰੀ ਨੂੰ ਐਕਸਪਲੋਰ ਸਿਸਟਮ ਰਾਹੀਂ ਅੱਗੇ ਵੀ ਵਰਤਿਆ ਜਾ ਸਕਦਾ ਹੈ।

ਆਇਨਰਾਈਡ ਪ੍ਰੋਟੋਟਾਇਪਸ ਨੂੰ ਪਹਿਲਾਂ ਮਾਂਟ੍ਰਿਆਲ ’ਚ ਹੋਏ ਮੂਵਿੰਗ ਆਨ ਸਮਿੱਟ ਦੌਰਾਨ 2019 ’ਚ ਨਸ਼ਰ ਕੀਤਾ ਗਿਆ ਸੀ।