ਅਲਬਰਟਾ ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਨੂੰ ਮਿਲੇਗੀ ਨਵੀਂ ਦਿੱਖ

Avatar photo

ਅਲਬਰਟਾ ਦੇ ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਨੂੰ ਅਲਬਰਟਾ ਸ਼ੈਰਿਫ਼ ਵਿਭਾਗ ਨਾਲ ਜੋੜ ਦਿੱਤਾ ਗਿਆ ਹੈ, ਜੋ ਕਿ ਪ੍ਰੋਵਿੰਸ ਦੇ ਜਸਟਿਸ ਐਂਡ ਸੋਲੀਸੀਟਰ ਜਨਰਲ ਮੰਤਰਾਲੇ ਅੰਦਰ ਸਥਿਤ ਹੈ।

ਪਰ ਟਰੱਕ ਡਰਾਈਵਰਾਂ ਨੂੰ ਇਸ ਦੇ ਕੰਮਕਾਜ ‘ਚ ਵਰਦੀਆਂ ਬਦਲਣ ਅਤੇ ਹਥਿਆਰਬੰਦ ਇਨਫ਼ੋਰਸਮੈਂਟ ਅਫ਼ਸਰਾਂ ਤੋਂ ਸਿਵਾਏ ਬਹੁਤ ਜ਼ਿਆਦਾ ਤਬਦੀਲੀਆਂ ਦੀ ਉਮੀਦ ਨਹੀਂ ਕਰਨੀ ਚਾਹੀਦੀ।

ਰੋਡ ਟੂਡੇ ਨਾਲ ਇਸ ਬਾਰੇ ਗੱਲ ਕਰਦਿਆਂ ਸ਼ੈਰਿਫ਼ ਦੇ ਹਾਈਵੇ ਪੈਟਰੋਲ ਦੀ ਸੂਪਰਟੈਂਡੈਂਟ ਕੈਥੀ ਗੋਲਮ ਨੇ ਕਿਹਾ, ”ਸੱਭ ਤੋਂ ਵੱਡੀ ਤਬਦੀਲੀ ਜੋ ਉਦਯੋਗ ਅਤੇ ਆਮ ਲੋਕ ਵੇਖਣਗੇ ਉਹ ਇਹ ਹੋਵੇਗਾ ਕਿ ਸਾਡੇ ਮੋਢਿਆਂ ‘ਤੇ ਲੱਗੇ ਫ਼ੀਤੇ ਬਦਲ ਜਾਣਗੇ। ਇਸ ਤੋਂ ਇਲਾਵਾ, ਸਾਡੀਆਂ ਵਰਦੀਆਂ ਤਾਂ ਲਗਭਗ ਇਕੋ ਜਹੀਆਂ ਹਨ।”

ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਨੂੰ ਉਹੀ ਲੋਕ ਲਾਗੂ ਕਰਦੇ ਰਹਿਣਗੇ ਜੋ ਪਹਿਲਾਂ ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਬ੍ਰਾਂਚ ਹੇਠ ਕੰਮ ਕਰਦੇ ਸਨ। ਅਲਬਰਟਾ ਦੇ ਸ਼ੈਰਿਫ਼ ਨੇ ਇੱਕ ਫ਼ੇਸਬੁੱਕ ਪੋਸਟ ‘ਚ ਕਿਹਾ ਕਿ ਉਨ੍ਹਾਂ ਦੀਆਂ ਗੱਡੀਆਂ ‘ਤੇ ਹੁਣ ਨਵੇਂ ਸ਼ੈਰਿਫ਼ ਦੇ ਚਿੰਨ ਲੱਗੇ ਹੋਣਗੇ।

ਇਹ ਕਦਮ ਮੁਹਾਰਤ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ, ਜਿਸ ਨਾਲ ਅਫ਼ਸਰਾਂ ਦੀ ਗਿਣਤੀ ਵਧਣ ਦੀ ਉਮੀਦ ਹੈ।

ਅਲਬਰਟਾ ਦੇ ਸ਼ੈਰਿਫ਼ ਨੇ ਕਿਹਾ, ”ਦੋਵੇਂ ਸੰਗਠਨਾਂ ਨੂੰ ਇਕੱਠਾ ਕਰਨ ਨਾਲ ਪੂਰੇ ਸੂਬੇ ‘ਚ ਆਪਸੀ ਤਾਲਮੇਲ ਅਤੇ ਤੈਨਾਤੀ ਵਧੇਗੀ, ਜਿਸ ਨਾਲ ਪ੍ਰਸ਼ਾਸਕੀ ਲਾਗਤ ਵੀ ਘਟੇਗੀ। ਅਲਬਰਟਾ ਸ਼ੈਰਿਫ਼ ਦੇ ਦਫ਼ਤਰਾਂ ‘ਚ ਸੀ.ਵੀ.ਈ. ਅਫ਼ਸਰਾਂ ਦੀ ਆਮਦ ਨਾਲ ਟ੍ਰੈਫ਼ਿਕ ਇਨਫ਼ੋਰਸਮੈਂਟ ਦੀਆਂ ਖ਼ਾਲੀ ਪਈਆਂ ਆਸਾਮੀਆਂ ਨੂੰ ਭਰਨ ‘ਚ ਮੱਦਦ ਮਿਲੇਗੀ।”

ਅਲਬਰਟਾ ਸ਼ੈਰਿਫ਼ ਦੇ ਅਫ਼ਸਰਾਂ ਨੂੰ ਹਥਿਆਰ ਲੈ ਕੇ ਚੱਲਣ ਦੀ ਇਜਾਜ਼ਤ ਹੁੰਦੀ ਹੈ ਅਤੇ ਉਹ ਇਨ੍ਹਾਂ ਦੀ ਵਰਤੋਂ ‘ਚ ਨਿਪੁੰਨ ਹੁੰਦੇ ਹਨ। ਇਹ ਇਜਾਜ਼ਤ ਹੁਣ ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਅਫ਼ਸਰਾਂ ਨੂੰ ਵੀ ਦਿੱਤੀ ਜਾਵੇਗੀ, ਪਰ ਹਾਲ ਦੀ ਘੜੀ ਕੋਵਿਡ-19 ਮਹਾਂਮਾਰੀ ਕਰ ਕੇ ਇਨ੍ਹਾਂ ਅਫ਼ਸਰਾਂ ਦੀ ਸਿਖਲਾਈ ਨੂੰ ਰੋਕ ਦਿੱਤਾ ਗਿਆ ਹੈ। ਗੁਆਂਢੀ ਸੂਬੇ ਸਸਕੈਚਵਨ ‘ਚ ਵੀ ਕਮਰਸ਼ੀਅਲ ਵਹੀਕਲ ਇਨਫ਼ੋਰਸਮੈਂਟ ਅਫ਼ਸਰਾਂ ਕੋਲ ਹਥਿਆਰ ਹੁੰਦੇ ਹਨ।