ਅਲਬਰਟਾ ’ਚ ਚੋਰੀ ਹੋਈਆਂ ਪਲੇਟਾਂ ਨੂੰ ਬਦਲਣ ਤੋਂ ਪਹਿਲਾਂ ਸੂਚਿਤ ਕਰਨਾ ਹੋਇਆ ਲਾਜ਼ਮੀ

Avatar photo

18 ਜਨਵਰੀ ਨੂੰ ਐਲਾਨੀ ਇੱਕ ਤਬਦੀਲੀ ਅਨੁਸਾਰ ਅਲਬਰਟਾ ’ਚ ਕੋਈ ਵੀ ਚੋਰੀ ਹੋਈ ਲਾਇਸੰਸ ਪਲੇਟ ਨੂੰ ਬਦਲਣ ਤੋਂ ਪਹਿਲਾਂ, ਇਸ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਹੋਵੇਗੀ।

ਅਲਬਰਟਾ ਸਰਕਾਰ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ’ਚ ਕਿਹਾ ਕਿ ਚੋਰੀ ਹੋਈਆਂ ਪਲੇਟਾਂ ਜੇਕਰ ਅਪਰਾਧਕ ਗਤੀਵਿਧੀਆਂ ’ਚ ਪ੍ਰਯੋਗ ਹੋ ਗਈਆਂ ਤਾਂ ਇਸ ਨਾਲ ਚੁਨੌਤੀਆਂ ਪੈਦਾ ਹੋ ਸਕਦੀਆਂ ਹਨ।

(ਤਸਵੀਰ: ਆਈਸਟਾਕ)

ਇਹ ਤਬਦੀਲੀ 19 ਜਨਵਰੀ ਤੋਂ ਅਮਲ ’ਚ ਆਵੇਗੀ। ਗੁੰਮ ਜਾਂ ਚੋਰੀ ਹੋਈਆਂ ਪਲੇਟਾਂ ਲਈ ਬਦਲ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਪੁਲਿਸ ਫ਼ਾਇਲ ਨੰਬਰ ਪੇਸ਼ ਕੀਤੇ ਜਾਣਗੇ।

ਅਲਬਰਟਾ ਦੇ ਮਿਨਿਸਟਰ ਆਫ਼ ਸਰਵਿਸ ਨੇਟ ਗਲੁਬਿਸ਼ ਨੇ ਕਿਹਾ, ‘‘ਗੁੰਮ ਜਾਂ ਚੋਰੀ ਹੋਈ ਲਾਇਸੰਸ ਪਲੇਟ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਉਣਾ ਆਮ ਸਮਝ ’ਚ ਆਉਣ ਵਾਲੀ ਤਬਦੀਲੀ ਹੈ। ਅਜਿਹਾ ਕਰ ਕੇ ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਪੁਲਿਸ ਕੋਲ ਮੋਟਰ ਗੱਡੀਆਂ ਚਲਾ ਰਹੇ ਲੋਕਾਂ ਤੋਂ ਪੁੱਛ-ਪੜਤਾਲ ਕਰਨ ਸਮੇਂ ਸਹੀ ਜਾਣਕਾਰੀ ਹੈ, ਜੋ ਕਿ ਜਾਂਚ ਲਈ ਬਹੁਤ ਮਹੱਤਵਪੂਰਨ ਹੈ।’’

ਇਸ ਤਬਦੀਲੀ ਨੂੰ ਪਿਛਲੇ ਸਾਲ 12 ਰਜਿਸਟਰੀ ਏਜੰਟਾਂ ਨਾਲ ਟੈਸਟ ਕੀਤਾ ਗਿਆ ਅਤੇ ਇਸ ਨੂੰ ਅਲਬਰਟਾ ਐਸੋਸੀਏਸ਼ਨ ਆਫ਼ ਚੀਫ਼ ਆਫ਼ ਪੁਲਿਸ ਦੀ ਆਟੋ ਚੋਰੀ ਸਮੀਖਿਆ ਕਮੇਟੀ ਦੀ ਸਲਾਹ ਮਗਰੋਂ ਲਾਗੂ ਕੀਤਾ ਗਿਆ ਹੈ।

2020 ’ਚ ਅਲਬਰਟਾ ਰਜਿਸਟਰੀ ਏਜੰਟਾਂ ਨੇ 46,307 ਲਾਇਸੰਸ ਪਲੇਟਾਂ ਦੀ ਬਦਲੀ ਜਾਰੀ ਕੀਤੀ ਸੀ।