ਅਲਬਰਟਾ ਦੇ ਕੈਰੀਅਰਸ ਨੂੰ ਆਪਣੇ ਫ਼ਲੀਟਸ ’ਚ ਹਾਈਡ੍ਰੋਜਨ-ਫ਼ਿਊਲ ਵਾਲੇ ਟਰੱਕ ਦੀ ਪਰਖ ਕਰਨ ਦਾ ਮਿਲਿਆ ਮੌਕਾ

ਅਲਬਰਟਾ ਦੇ ਫ਼ਲੀਟਸ ਨੂੰ ਬਹੁਤ ਛੇਤੀ ਹੀ ਸਿਫ਼ਰ ਉਤਸਰਜਨ ਲੋਂਗਹੌਲ ਟਰੱਕਿੰਗ ਦੇ ਸਭ ਤੋਂ ਵੱਧ ਸਮਰੱਥ ਜਵਾਬ ਦੀ ਪਰਖ ਕਰਨ ਦਾ ਮੌਕਾ ਮਿਲੇਗਾ। ਇਹ ਮੌਕਾ ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏ.) ਦੇ ਇੱਕ ਹਾਈਡ੍ਰੋਜਨ ਪ੍ਰਦਰਸ਼ਨੀ ਪ੍ਰੋਗਰਾਮ ਦੀ ਬਦੌਲਤ ਮਿਲ ਰਿਹਾ ਹੈ।

ਪ੍ਰੋਵਿੰਸ ਉੱਭਰ ਰਹੀ ਹਾਈਡ੍ਰੋਜਨ ਆਰਥਿਕਤਾ ’ਚ ਪ੍ਰਮੁੱਖ ਰੋਲ ਅਦਾ ਕਰਨ ਦੀ ਤਾਂਘ ’ਚ ਹੈ, ਜਿਸ ’ਚ ਸਭ ਤੋਂ ਪਹਿਲੇ ਹਾਈਡ੍ਰੋਜਨ-ਫ਼ਿਊਲ ਨਾਲ ਚੱਲਣ ਵਾਲੇ ਟਰੱਕ ਕੈਨੇਡਾ ਦੀਆਂ ਸੜਕਾਂ ’ਤੇ ਉਤਾਰਨ ਦੀ ਯੋਜਨਾ ਵੀ ਸ਼ਾਮਲ ਹੈ। ਇਸ ਦਾ ਐਜ਼ਟੈਕ (ਅਲਬਰਟਾ ਸਿਫ਼ਰ-ਉਤਸਰਜਨ ਟਰੱਕ ਇਲੈਕਟ੍ਰੀਫ਼ੀਕੇਸ਼ਨ ਭਾਈਵਾਲੀ) ਪ੍ਰੋਗਰਾਮ ਅਗਲੇ ਸਾਲ ਬਾਇਜ਼ਨ ਟਰਾਂਸਪੋਰਟ ਅਤੇ ਟ੍ਰਾਈਮੈਕ ਟਰਾਂਸਪੋਰਟੇਸ਼ਨ ਨੂੰ ਹਾਈਡ੍ਰੋਜਨ ਫ਼ਿਊਲ ਨਾਲ ਚੱਲਣ ਵਾਲੇ ਟਰੱਕਾਂ ਦੀ ਢੁਆਈ ਕਰਦਾ ਦਿਖੇਗਾ।

ਇਹ ਟਰੱਕ ਫ਼ਰੇਟਲਾਈਨਰ ਕਾਸਕੇਡੀਆ ਗਲਾਈਡਰਸ ਹੋਣਗੇ ਜਿਨ੍ਹਾਂ ਨੂੰ ਬੈਲਾਰਡ ਪਾਵਰ ਸਿਸਟਮਜ਼ ਹਾਈਡ੍ਰੋਜਨ ਫ਼ਿਊਲ ਸੈੱਲ ਸਿਸਟਮ ਅਤੇ ਡਾਨਾ ਇਲੈਕਟ੍ਰਿਕ ਡਰਾਈਵਟ੍ਰੇਨ ਨਾਲ ਰੈਟਰੋਫ਼ਿੱਟ ਕੀਤਾ ਗਿਆ ਹੈ। ਏ.ਐਮ.ਟੀ.ਏ. ਦਾ ਦਾਅਵਾ ਹੈ, ‘‘ਇੱਕ ਵਾਰੀ ਵਰਤੋਂ ’ਚ ਆਉਣ ’ਤੇ, ਇਹ ਟਰੱਕ ਰੇਂਜ, ਤਾਕਤ ਅਤੇ ਪੇਲੋਡ ਸਮਰੱਥਾ ਦੇ ਮਾਮਲੇ ’ਚ ਆਪਣੀ ਤਰ੍ਹਾਂ ਦੇ ਪਹਿਲੇ ਟਰੱਕ ਸਾਬਤ ਹੋਣਗੇ।’’

ਹਾਈਡਰਾ ਐਨਰਜੀ ਤਿੰਨ ਹਾਈਡ੍ਰੋਜਨ ਟਰੱਕਾਂ ਨੂੰ ਸਪਲਾਈ ਕਰਨ ਵਾਲਿਆਂ ’ਚੋਂ ਇੱਕ ਹੈ ਜੋ ਕਿ ਏ.ਐਮ.ਟੀ.ਏ. ਪ੍ਰਦਰਸ਼ਨੀ ਪ੍ਰਾਜੈਕਟ ’ਚ ਹਿੱਸਾ ਲਵੇਗੀ। (ਤਸਵੀਰ: ਹਾਈਡਰਾ ਐਨਰਜੀ)

ਹਾਲਾਂਕਿ ਅਲਬਰਟਾ ਦੇ ਹੋਰਨਾਂ ਫ਼ਲੀਟਸ ਨੂੰ ਵੀ ਇੱਕ ਹੋਰ ਪ੍ਰਦਰਸ਼ਨੀ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ ਜੋ ਕਿ ਇਸ ਪਤਝੜ ਦੇ ਮੌਸਮ ’ਚ ਸ਼ੁਰੂ ਹੋ ਰਿਹਾ ਹੈ। ਇਸ ਪ੍ਰੋਗਰਾਮ ਲਈ ਤਕਨਾਲੋਜੀ ਨਿਕੋਲਾ ਮੋਟਰ ਕੰਪਨੀ, ਹਾਈਜ਼ਨ ਮੋਟਰਸ ਅਤੇ ਹਾਈਡਰਾ ਐਨਰਜੀ ਪ੍ਰਦਾਨ ਕਰ ਰਹੇ ਹਨ, ਜੋ ਕਿ ਫ਼ਲੀਟਸ ਨੂੰ ਪ੍ਰਦੂਸ਼ਣ ਤੋਂ ਮੁਕਤ ਫ਼ਿਊਲ ਬਗ਼ੈਰ ਕਿਸੇ ਕੀਮਤ ਨੂੰ ਅਦਾ ਕੀਤੇ ਪਰਖਣ ਦਾ ਮੌਕਾ ਦੇਣਗੇ।

ਏ.ਐਮ.ਟੀ.ਏ. ਨੇ TruckNews.com  ਨੂੰ ਕਿਹਾ ਕਿ ਆਦਰਸ਼ ਰੂਟ ਐਡਮਿੰਟਨ (ਰਿਟਰਨ ਟੂ ਬੇਸ); ਐਡਮਿੰਟਨ-ਕੈਲਗਰੀ ਰਾਹੀਂ ਕਿਊ.ਈ.2 (2023 ਤੱਕ); ਕੈਲਗਰੀ (ਰਿਟਰਨ ਟੂ ਬੇਸ); ਹਾਈਵੇ 1 (ਕੈਲਗਰੀ ਤੋਂ ਮੈਡੀਸਨ ਹੈਟ); ਹਾਈਵੇ 43 (ਐਡਮਿੰਟਨ ਤੋਂ ਗਰਾਂਡ ਪਰੇਅਰੀ); ਅਤੇ ਹਾਈਵੇ 16 (ਐਡਮਿੰਟਨ ਤੋਂ ਲੋਇਡਮਿੰਸਟਰ) ਹੋਵੇਗਾ। ਫ਼ਿਊਲਿੰਗ ਡਿਪੂ ਨੂੰ ਪ੍ਰਮੁੱਖ ਸਥਾਨਾਂ ’ਤੇ ਲਾਇਆ ਜਾਵੇਗਾ।

ਏ.ਐਮ.ਟੀ.ਏ. ਦੇ ਚੇਅਰਮੈਨ ਜੂਡ ਗਰੋਵਸ ਨੇ TruckNews.com ਨੂੰ ਕਿਹਾ, ‘‘ਉਤਸੁਕਤਾ ਬਹੁਤ ਵੱਡੇ ਪੱਧਰ ’ਤੇ ਹੈ ਅਤੇ ਵਧਦੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਪਿਛਲੇ ਮਹੀਨਿਆਂ ’ਚ ਹਾਈਡ੍ਰੋਜਨ ਟਰੱਕਾਂ ਦੀ ਯਾਤਰਾ ਕਰਵਾਈ ਸੀ ਅਤੇ ਸਾਨੂੰ ਇਸ ਗਿਣਤੀ ਦੇ ਵਧਣ ਦੀ ਉਮੀਦ ਹੈ ਕਿਉਂਕਿ ਮੈਂਬਰ ਇਸ ਨਵੀਂ ਤਕਨਾਲੋਜੀ ਲਈ ਬੁਕਿੰਗ ਅਤੇ ਪਰਖ ਆਪਣੇ ਲਈ ਅਤੇ ਆਪਣੇ ਲੋਜਿਸਟਿਕਸ ਅੰਦਰ ਕਰ ਰਹੇ ਹਨ।’’

ਪ੍ਰਦਰਸ਼ਨੀ ਪ੍ਰਾਜੈਕਟ ਦੀ ਸ਼ੁਰੂਆਤ ਇਸ ਪਤਝੜ ਦੇ ਮੌਸਮ ’ਚ ਹੋਣ ਦੀ ਉਮੀਦ ਹੈ ਜੋ ਕਿ 2024 ਤੱਕ ਜਾਰੀ ਰਹੇਗਾ। ਏ.ਐਮ.ਟੀ.ਏ. ਦਾ ਕੋਈ ਵੀ ਮੈਂਬਰ ਫ਼ਲੀਟ ਹਿੱਸਾ ਲੈਣ ਲਈ ਅਪਲਾਈ ਕਰ ਸਕਦਾ ਹੈ। ਟਰੱਕਾਂ ਦੀ ਸਪਲਾਈ ਲੀਜ਼ਿੰਗ ਫ਼ਰਮ ਡਰਾਈਵਿੰਗ ਫ਼ੋਰਸ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੀ ਫ਼ਲੀਟ ਨੂੰ ਕੋਈ ਕੀਮਤ ਨਹੀਂ ਤਾਰਨੀ ਪਵੇਗੀ, ਹਾਲਾਂਕਿ ਏ.ਐਮ.ਟੀ.ਏ. ਨੇ ਕਿਹਾ ਕਿ ਕੁੱਝ ਵਾਧੂ ਬੀਮਾ ਕਰਨ ਦੀ ਜ਼ਰੂਰਤ ਪੈ ਸਕਦੀ ਹੈ।

ਪ੍ਰਾਜੈਕਟ ਦੀ ਫ਼ੰਡਿੰਗ ਕੁਦਰਤੀ ਸਰੋਤ ਕੈਨੇਡਾ ਅਤੇ ਪਰੇਅਰੀਜ਼ ਇਕੋਨੋਮਿਕ ਡਿਵੈਲਪਮੈਂਟ ਕੈਨੇਡਾ ਵੱਲੋਂ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਹਾਈਡ੍ਰੋਜਨ ਫ਼ਿਊਲ ਵੀ ਫ਼ੰਡਿੰਗ ਪਾਰਟਨਰਾਂ ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਹੈ।

ਏ.ਐਮ.ਟੀ.ਏ. ਨੇ ਕਿਹਾ ਕਿ ਇਹ ਪ੍ਰਾਜੈਕਟ ਮੇਡ-ਇਨ-ਅਲਬਰਟਾ ਹਾਈਡ੍ਰੋਜਨ ਐਨਰਜੀ ਇਕੋਨੋਮੀ ਦਾ ਵਿਕਾਸ ਕਰਨ ਵੱਲ ਪਹਿਲਾ ਕਦਮ ਹੈ। ਏ.ਐਮ.ਟੀ.ਏ. ਨੇ ਇਹ ਵੀ ਕਿਹਾ ਕਿ ਹਾਈਡ੍ਰੋਜਨ ਬਾਲਣ ਦਾ ਇੱਕ ਸੁਰੱਖਿਅਤ, ਸਵੱਛ, ਅਤੇ ਭਰੋਸੇਯੋਗ ਸਰੋਤ ਹੈ। ਐਸੋਸੀਏਸ਼ਨ ਨੇ ਕਿਹਾ ਕਿ ਇਹ ਦੁਨੀਆਂ ਦਾ ਸਭ ਤੋਂ ਪਹਿਲਾ ਲੋਂਗ-ਰੇਂਜ, ਹਾਈਡ੍ਰੋਜਨ ਫ਼ਿਊਲ ਸੈੱਲ ਇਲੈਕਟਿ੍ਰਕ ਵਹੀਕਲ ਵਿਕਸਤ ਅਤੇ ਪਰਖਣ ਲਈ ਬਹੁਤ ਚੰਗੀ ਸਥਿਤੀ ’ਚ ਹੈ ਜੋ ਕਿ ਪੂਰੇ ਸਾਲ ’ਚ ਸਖ਼ਤ ਮੌਸਮ ਦੌਰਾਨ ਵੀ ਭਾਰੀ ਸਾਮਾਨ ਖਿੱਚ ਸਕਦਾ ਹੈ।

ਐਸੋਸੀਏਸ਼ਨ ਨੇ ਕਿਹਾ, ‘‘ਇਨ੍ਹਾਂ ਪਰਖਾਂ ਨੂੰ ਇਸ ਦੇਸ਼ ਦੇ ਵੰਨ-ਸੁਵੰਨੇ ਮੌਸਮਾਂ ’ਚ, ਲੋਂਗਹੌਲ ਰੂਟਸ ’ਤੇ, ਅਤੇ ਕੈਨੇਡੀਅਨ ਭਾਰ ਲੱਦ ਕੇ ਪੂਰਾ ਕਰਨ ਨਾਲ ਇਸ ਦਾ ਮਾਣ ਇਸ ਕ੍ਰਾਂਤੀਕਾਰੀ ਤਕਨਾਲੋਜੀ ਨੂੰ ਪਹਿਲੀ ਵਾਰੀ ਅਪਨਾਉਣ ਵਾਲੇ ਅਤੇ ਲੀਡਰ ਵਜੋਂ ਸਥਾਪਤ ਹੋਵੇਗਾ। ਇੱਛੁਕ ਫ਼ਲੀਟ ਇੱਥੇ ਕਲਿੱਕ ਕਰ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਸ਼ਮੂਲੀਅਤ ਕਰ ਸਕਦੇ ਹਨ।