ਆਈ.ਟੀ.ਐਸ. ਦੀ ਖ਼ਰੀਦ ਨਾਲ ਟਾਈਟੇਨੀਅਮ ਨੂੰ ਆਪਣੀ ਕਿਸਮਤ ਬਦਲਣ ਦਾ ਭਰੋਸਾ

Avatar photo

ਟਾਈਟੇਨੀਅਮ ਟਰਾਂਸਪੋਰਟੇਸ਼ਨ ਨੂੰ ਆਪਣੀ ਕਿਸਮਤ ਬਦਲਣ ਦੀ ਕੁੰਜੀ ਪ੍ਰਾਪਤ ਹੋ ਗਈ ਹੈ। ਕੰਪਨੀ ਨੇ ਪਿੱਛੇ ਜਿਹੇ ਐਲਾਨ ਕੀਤਾ ਹੈ ਕਿ ਉਸ ਨੇ ਬੈੱਲਵਿੱਲ, ਓਂਟਾਰੀਓ ‘ਚ ਅਧਾਰਤ ਇੰਟਰਨੈਸ਼ਨਲ ਟਰੱਕਲੋਡ ਸਰਵੀਸਿਜ਼ (ਆਈ.ਟੀ.ਐਸ.) ਟਰੱਕਲੋਡ ਪ੍ਰੋਵਾਈਡਰ ਨੂੰ ਖ਼ਰੀਦ ਲਿਆ ਹੈ ਜਿਸ ਨਾਲ ਉਸ ਦੇ ਖਾਤੇ ‘ਚ 330 ਟਰੈਕਟਰ, 1,600 ਟਰੇਲਰ ਅਤੇ 80 ਮਿਲੀਅਨ ਡਾਲਰ ਦਾ ਸਾਲਾਨਾ ਰੈਵੀਨਿਊ ਪ੍ਰਾਪਤ ਹੋਇਆ ਹੈ।

ਟਾਈਟੇਨੀਅਮ ਨੇ ਪਿਛਲੇ ਕੁੱਝ ਸਾਲਾਂ ‘ਚ ਇਹ ਗੱਲ ਬਗ਼ੈਰ ਕਿਸੇ ਲੁਕਾਅ ਤੋਂ ਕਹੀ ਹੈ ਕਿ ਉਹ ਕੋਈ ਵੱਡੀ ਖ਼ਰੀਦ ਕਰਨ ਦੀ ਤਿਆਰੀ ‘ਚ ਹੈ, ਜਿਸ ਨਾਲ ਉਹ ਦਾ ਆਕਾਰ ਦੁੱਗਣਾ ਹੋ ਜਾਵੇਗਾ। ਭਾਵੇਂ ਇਸ ਖ਼ਰੀਦਦਾਰੀ ਨਾਲ ਉਸ ਦਾ ਟੀਚਾ ਤਾਂ ਪੂਰਾ ਨਹੀਂ ਹੋ ਸਕਿਆ ਹੈ, ਪਰ ‘ਟੂਡੇਜ਼ ਟਰੱਕਿੰਗ’ ਦੀ ਪਿੱਛੇ ਜਿਹੇ ਜਾਰੀ ਸਿਖਰਲੇ 100 ਫ਼ਲੀਟਾਂ ਦੀ ਸੂਚੀ ਅਨੁਸਾਰ ਇਸ ਖ਼ਰੀਦ ਨਾਲ ਟਾਈਟੇਨੀਅਮ ਨੇ ਕੈਨੇਡਾ ਦੇ 24ਵੇਂ ਸਭ ਤੋਂ ਵੱਡੇ ਫ਼ਲੀਟ ਤੋਂ ਛਾਲ ਮਾਰ ਕੇ 12ਵੇਂ ਸਭ ਤੋਂ ਵੱਡੇ ਫ਼ਲੀਟ ਦੇ ਦਰਜੇ ਨੂੰ ਪ੍ਰਾਪਤ ਕਰ ਲਿਆ ਹੈ।

ਟਾਈਟੇਨੀਅਮ ਦੀ ਵਧਦੀ ਫ਼ਲੀਟ ‘ਚ ਓਨਰ-ਆਪਰੇਟਰਾਂ ਸਮੇਤ 470 ਮੁਲਾਜ਼ਮਾਂ ਨੂੰ ਜੋੜਿਆ ਜਾਵੇਗਾ। ਇਹ ਸੌਦਾ 60.5 ਮਿਲੀਅਨ ਡਾਲਰ ਦਾ ਹੈ ਅਤੇ ਇਸ ਨਾਲ ਟਾਈਟੇਨੀਅਮ ਦਾ ਰੈਵਿਨਿਊ ਇਸ ਸਾਲ 330 ਮਿਲੀਅਨ ਡਾਲਰ ਤਕ ਪੁੱਜਣ ਦੀ ਸੰਭਾਵਨਾ ਹੈ।

ਸਾਡੇ ਗਰੁੱਪ ਪ੍ਰਕਾਸ਼ਨ ‘ਟੂਡੇਜ਼ ਟਰੱਕਿੰਗ’ ਨਾਲ ਇੱਕ ਵਿਸ਼ੇਸ਼ ਇੰਟਰਵਿਊ ‘ਚ ਟਾਈਟੇਨੀਅਮ ਦੇ ਸੀ.ਈ.ਓ. ਟੈੱਡ ਡੈਨੀਅਲ ਨੇ ਕਿਹਾ ਕਿ ਇਹ ਸੌਦਾ ਇਸ ਲਈ ਬਹੁਤ ਦਿਲਖਿੱਚਵਾਂ ਲੱਗ ਰਿਹਾ ਸੀ ਕਿਉਂਕਿ ਆਈ.ਟੀ.ਐਸ. ਵੀ ਟਾਈਟੇਨੀਅਮ ਵਾਂਗ ਉਨ੍ਹਾਂ ਹੀ ਰੂਟਾਂ ‘ਤੇ ਕੰਮ ਕਰ ਰਿਹਾ ਸੀ ਅਤੇ ਉਸ ਦੇ ਵਰਗੇ ਹੀ ਗ੍ਰਾਹਕਾਂ ਦੀ ਸੇਵਾ ‘ਚ ਲੱਗਾ ਹੋਇਆ ਸੀ। ਦੋਹਾਂ ਕੰਪਨੀਆਂ ਵੱਲੋਂ ਜਿਨ੍ਹਾਂ ਅੱਠ ਸਿਖਰਲੇ ਸੂਬਿਆਂ ‘ਚ ਕੰਮ ਕੀਤਾ ਜਾ ਰਿਹਾ ਸੀ ਉਹ ਇੱਕੋ ਹੀ ਸਨ। ਦੋਵੇਂ ਮਾਂਟ੍ਰਿਆਲ-ਟੋਰਾਂਟੋ ਕੋਰੀਡੋਰ ‘ਚ ਚਲ ਰਹੇ ਸਨ। ਆਈ.ਟੀ.ਐਸ. ਦੀਆਂ ਬੈੱਲਵਿੱਲ ਅਤੇ ਕੋਰਨਵਾਲ, ਓਂਟਾਰੀਓ ‘ਚ ਆਕਰਸ਼ਕ ਜਾਇਦਾਦਾਂ ਵੀ ਹਨ।

ਰੋਬ ਹੈਗਾਰਟੀ

ਲੈਫ਼ਟ ਲੇਨ ਐਸੋਸੀਏਟਸ ਨੇ ਇਹ ਕਰਾਰ ਕਰਵਾਇਆ ਸੀ, ਅਤੇ ਆਈ.ਟੀ.ਐਸ. ਦੇ ਸੀ.ਈ.ਓ. ਰੋਬ ਹੈਗਾਰਟੀ ਨੇ ਇਸ ਦਾ ਸਿਹਰਾ ਉਨ੍ਹਾਂ ਨੂੰ ਹੀ ਦਿੱਤਾ। ਲੈਫ਼ਟ ਲੇਨ ਐਸੋਸੀਏਟਸ ਦੇ ਪ੍ਰੈਜ਼ੀਡੈਂਟ ਮਾਈਕ ਮੈਕੋਰਨ ਅਤੇ ਮੈਨੇਜਿੰਗ ਡਾਇਰੈਕਟਰ ਪੀਟਰ ਸਟੀਫ਼ਾਨੋਵਿਚ ਬਾਰੇ ਉਨ੍ਹਾਂ ਕਿਹਾ, ”ਮੈਂ ਇੱਥੋਂ ਤਕ ਕਹਿ ਸਕਦਾ ਹਾਂ ਕਿ ਇਨ੍ਹਾਂ ਦੋਹਾਂ ਤੋਂ ਬਗ਼ੈਰ ਇਹ ਸੌਦਾ ਨਹੀਂ ਹੋ ਸਕਦਾ ਸੀ।” ਮਾਈਕ ਨੇ ਕਿਹਾ ਕਿ ਟਾਈਟੇਨੀਅਮ ਆਪਣੀ ਨਵੀਂ ਤਕਨੀਕ ਨੂੰ ਆਈ.ਟੀ.ਐਸ. ਤਕ ਲੈ ਕੇ ਆਵੇਗਾ ਜੋ ਕਿ ਇਸ ਦੀ ਭਵਿੱਖ ‘ਚ ਤਰੱਕੀ ਯਕੀਨੀ ਕਰੇਗੀ।

ਹੈਗਾਰਟੀ ਦੀ ਯੋਜਨਾ ਇੱਕ ਸਾਲ ਤਕ ਇੱਥੇ ਰਹਿਣ ਦੀ ਹੈ ਤਾਂ ਕਿ ਮੁਲਾਜ਼ਮਾਂ ਲਈ ਕੰਪਨੀ ਦਾ ਬਦਲਣਾ ਬਗ਼ੈਰ ਕਿਸੇ ਸਮੱਸਿਆ ਤੋਂ ਹੋ ਸਕੇ।

ਆਈ.ਟੀ.ਐਸ. ਭਾਵੇਂ ਟਾਈਟੇਨੀਅਮ ਵੱਲੋਂ ਖ਼ਰੀਦੀ ਗਈ 11ਵੀਂ ਅਤੇ ਸਭ ਤੋਂ ਵੱਡੀ ਕੰਪਨੀ ਹੈ, ਪਰ ਟੈਡ ਡੈਨੀਅਲ ਦਾ ਕਹਿਣਾ ਹੈ ਕਿ ਉਹ ਹੋਰ ਕੰਪਨੀਆਂ ਨੂੰ ਵੀ ਖ਼ਰੀਦਣਾ ਜਾਰੀ ਰੱਖਣਗੇ।