ਆਰਥਕ ਖ਼ਬਰਸਾਰ : 2021 ਦੇ ਨਿਰਮਾਣ ਸਲਾਟ ‘ਚ ਥਾਂ ਪੱਕੀ ਕਰਨ ਲਈ ਫ਼ਲੀਟਸ ਵੱਲੋਂ ਸ਼੍ਰੇਣੀ 8 ਟਰੱਕਾਂ ਦੇ ਆਰਡਰਾਂ ‘ਚ ਉਛਾਲ

Avatar photo

ਬੀਤਿਆ ਨਵੰਬਰ ਮਹੀਨਾ ਸ਼੍ਰੇਣੀ 8 ਦੇ ਟਰੱਕਾਂ ਲਈ ਆਰਡਰ ਪ੍ਰਾਪਤ ਕਰਨ ਦਾ ਹੁਣ ਤਕ ਦਾ ਤੀਜਾ ਸਭ ਤੋਂ ਵਧੀਆ ਮਹੀਨਾ ਰਿਹਾ। ਐਫ਼.ਟੀ.ਆਰ. ਵੱਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਅਨੁਸਾਰ ਇਸ ਮਹੀਨੇ ਦੌਰਾਨ 52,600 ਟਰੱਕਾਂ ਲਈ ਆਰਡਰ ਦਿੱਤੇ ਗਏ।

ਫ਼ਲੀਟਸ ਵੱਲੋਂ 2021 ਦੇ ਨਿਰਮਾਣ ਸਲਾਟ ‘ਚ ਆਪਣੇ ਆਰਡਰ ਪ੍ਰਾਪਤ ਕਰਨ ਦੀ ਦੌੜ ਕਰਕੇ ਅਗੱਸਤ 2018 ਤੋਂ ਬਾਅਦ ਇਹ ਮਹੀਨਾ ਟਰੱਕ ਆਰਡਰ ਪ੍ਰਾਪਤ ਕਰਨ ਦੇ ਮਾਮਲੇ ‘ਚ ਸਭ ਤੋਂ ਮਜ਼ਬੂਤ ਰਿਹਾ। ਅਕਤੂਬਰ ਮੁਕਾਬਲੇ ਆਰਡਰ 31% ਵੱਧ ਰਹੇ ਅਤੇ ਨਵੰਬਰ 2019 ਮੁਕਾਬਲੇ ਇਹ ਤਿੰਨ ਗੁਣਾ ਹੋ ਗਏ।
ਐਫ਼.ਟੀ.ਆਰ. ਨੇ ਕਿਹਾ ਕਿ ਅਜਿਹਾ ਜ਼ਿਆਦਾਤਰ ਵੱਡੇ ਫ਼ਲੀਟਾਂ ਵੱਲੋਂ ਮੰਗ ‘ਚ ਵਾਧੇ ਕਰਕੇ ਹੋਇਆ, ਜਿਨ੍ਹਾਂ ਨੂੰ ਚਿੰਤਾ ਸੀ ਕਿ 2021 ਦੇ ਨਿਰਮਾਣ ਸਲਾਟ ‘ਚ ਉਨ੍ਹਾਂ ਨੂੰ ਥਾਂ ਨਹੀਂ ਮਿਲੇਗੀ। ਉਹ ਇਸ ਗੱਲ ਪ੍ਰਤੀ ਵੀ ਉਤਸ਼ਾਹਤ ਸਨ ਕਿ ਗ੍ਰਾਹਕ-ਕੇਂਦਰਤ ਫ਼ਰੇਟ ‘ਚ ਤੇਜ਼ੀ ਆਉਣ ਵਾਲੀ ਹੈ।

ਐਫ਼.ਟੀ.ਆਰ. ਦੇ ਕਮਰਸ਼ੀਅਲ ਵਹੀਕਲਜ਼ ਦੇ ਵਾਇਸ-ਪ੍ਰੈਜ਼ੀਡੈਂਟ ਡੋਨ ਏਕ ਨੇ ਕਿਹਾ, ”ਮਹਾਂਮਾਰੀ ਦੇ ਸ਼ੁਰੂ ਹੋਣ ਕਰਕੇ ਆਰਡਰਾਂ ‘ਚ ਭਾਰੀ ਕਮੀ ਆਉਣ ਤੋਂ ਬਾਦ ਸ਼੍ਰੇਣੀ 8 ਟਰੱਕ ਬਾਜ਼ਾਰ ਅਜੇ ਵੀ ਪੈਰਾਂ ‘ਤੇ ਖੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਵੰਬਰ ‘ਚ ਆਰਡਰਾਂ ਦੀ ਵਧੀ ਹੋਈ ਗਿਣਤੀ ਦਾ ਮਤਲਬ ਹੈ ਕਿ ਚੌਥੀ ਤਿਮਾਹੀ ਦਾ ਕਾਰੋਬਾਰੀ ਬਹੁਤ ਵਧੀਆ ਰਹੇਗਾ, ਭਾਵੇਂ ਦਸੰਬਰ ‘ਚ ਹਾਲਤ ਕੁੱਝ ਵੀ ਹੋਵੇ ਅਤੇ ਅਗਲੇ ਸਾਲ ਛੇਤੀ ਹੀ ਉਤਪਾਦਨ ‘ਚ ਵਾਧੇ ਦੀ ਉਮੀਦ ਕੀਤੀ ਜਾ ਸਕਦੀ ਹੈ।”

”ਆਰਥਿਕਤਾ ਦੇ ਮੁੜ ਚਾਲੂ ਹੋਣ ਅਤੇ ਭਰਪੂਰ ਸਰਕਾਰੀ ਮੱਦਦ ਤੋਂ ਬਾਅਦ ਫ਼ਲੀਟ ਅਜੇ ਵੀ ਫ਼ਰੇਟ ਦੀ ਮਾਤਰਾ ‘ਚ ਵਾਧੇ ਨੂੰ ਸੰਭਾਲ ਨਹੀਂ ਪਾ ਰਹੇ ਹਨ। ਸਰਕਾਰੀ ਮੱਦਦ ਨੂੰ ਮੂਲ ਰੂਪ ‘ਚ ਗ੍ਰਾਹਕ ਵਸਤਾਂ ਅਤੇ ਭੋਜਨ ‘ਤੇ ਖ਼ਰਚ ਕੀਤਾ ਜਾ ਰਿਹਾ ਹੈ। ਇਸ ‘ਚ ਮੁੜ ਵਾਧਾ ਤਾਂ ਹੀ ਵੇਖਣ ਨੂੰ ਮਿਲੇਗਾ ਜਦੋਂ ਸਰਕਾਰੀ ਮੱਦਦ ਦੀ ਦੂਜੀ ਕਿਸ਼ਤ ਆਵੇਗੀ।”

ਇਸ ਦੌਰਾਨ ਏ.ਸੀ.ਟੀ. ਰੀਸਰਚ ਦੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਸ਼੍ਰੇਣੀ 8 ਦੀਆਂ 51,900 ਇਕਾਈਆਂ ਦੇ ਆਰਡਰ ਮਿਲੇ ਹਨ ਅਤੇ ਸ਼੍ਰੇਣੀ 5-7 ਦੀਆਂ 27,200 ਇਕਾਈਆਂ ਦੇ ਆਰਡਰ ਮਿਲੇ ਹਨ। ਸਾਲ-ਦਰ-ਸਾਲ ਇਹ ਦੋਵੇਂ ਮਿਲ ਕੇ 78% ਵੱਧ ਹਨ।

ਏ.ਸੀ.ਟੀ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਸਮੀਖਿਅਕ ਕੈਨੀ ਵੇਥ ਨੇ ਕਿਹਾ, ”ਮਹਾਂਮਾਰੀ ਦੇ ਅਸਰ ਕਰਕੇ ਆਰਥਿਕਤਾ ਟਰੱਕਿੰਗ ਦੇ ਹੱਥਾਂ ‘ਚ ਖੇਡ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ‘ਚ ਫ਼ਰੇਟ ਦੀ ਕੀਮਤ ‘ਚ ਰੀਕਾਰਡ ਪੱਧਰ ‘ਤੇ ਵਾਧੇ ਨਾਲ ਅਤੇ ਕੈਰੀਅਰਾਂ ਦੇ ਲਾਭ ‘ਚ ਵਾਧੇ ਦੀ ਉਮੀਦ ਨਾਲ, ਨਵੰਬਰ ‘ਚ ਆਰਡਰਾਂ ਦੀ ਗਿਣਤੀ ਵਧੀ। ਸ਼ੁਰੂਆਤ ਤੌਰ ‘ਤੇ, ਉੱਤਰੀ ਅਮਰੀਕੀ ਸ਼੍ਰੇਣੀ 8 ਦੇ ਕੁੱਲ ਆਰਡਰਾਂ ‘ਚ ਇਤਿਹਾਸ ਦਾ ਤੀਜਾ ਸਭ ਤੋਂ ਉੱਚਾ ਪੱਧਰ ਵੇਖਣ ਨੂੰ ਮਿਲਿਆ, ਜਿਸ ਦਾ ਮਤਲਬ ਹੈ ਕਿ ਇੱਕ ਵਾਰੀ ਫਿਰ ਸਾਡੇ ਪਸੰਦੀਦਾ ਕਮਰਸ਼ੀਅਲ ਵਹੀਕਲਾਂ ਦੀ ਮੰਗ ਵਧੀ ਹੈ, ਜਦੋਂ ਕੈਰੀਅਰ ਪੈਸਾ ਕਮਾਉਂਦੇ ਹਨ ਤਾਂ ਉਹ ਟਰੱਕਾਂ ਦੀ ਖ਼ਰੀਦਦਾਰੀ ਕਰਦੇ ਹਨ, ਜਾਂ ਘੱਟੋ-ਘੱਟ ਆਰਡਰ ਤਾਂ ਕਰ ਹੀ ਦਿੰਦੇ ਹਨ।”

ਮੀਡੀਅਮ-ਡਿਊਟੀ ਦੇ ਟਰੱਕਾਂ ਬਾਰੇ ਵੇਥ ਨੇ ਕਿਹਾ, ”ਹੈਵੀ ਡਿਊਟੀ ਫ਼ਰੇਟ ਰੇਟ ਅਤੇ ਮੀਡੀਅਮ-ਡਿਊਟੀ ਮੰਗ ‘ਚ ਪ੍ਰਤੀਕਾਤਮਕ ਸੰਬੰਧ ਹੈ। ਲੋਕਾਂ ਵੱਲੋਂ ਖ਼ਰੀਦਦਾਰੀ ਸਥਾਨਕ ਟਰੱਕਿੰਗ ਸੇਵਾਵਾਂ ਲਈ ਚੰਗੀ ਰਹੀ ਹੈ ਕਿਉਂਕਿ ਮਹਾਂਮਾਰੀ ਦੌਰਾਨ ਈ-ਕਾਮਰਸ ‘ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ।”