ਆਵਾਜਾਈ ਮੰਤਰੀ ਅਧਿਕਾਰ ਪੱਤਰ ’ਚ ਵੈਕਸੀਨ, ਉਤਸਰਜਨ, ਸਪਲਾਈ ਚੇਨ ਵੀ ਸ਼ਾਮਲ

Avatar photo
ਆਵਾਜਾਈ ਮੰਤਰੀ ਓਮਰ ਐਲਗਾਬਰਾ (ਤਸਵੀਰ: ਕੈਨੇਡਾ ਸਰਕਾਰ)

ਫ਼ੈਡਰਲ ਆਵਾਜਾਈ ਮੰਤਰੀ ਓਮਰ ਐਲਗਾਬਰਾ ਦੀ ਅਗਲੀ ਦਫ਼ਤਰੀ ਮਿਆਦ ਲਈ ਉਨ੍ਹਾਂ ਨੂੰ ਅਧਿਕਾਰ ਪੱਤਰ ਪ੍ਰਾਪਤ ਹੋ ਗਿਆ ਹੈ – ਅਤੇ ਇਸ ’ਚ ਆਵਾਜਾਈ ਖੇਤਰ ’ਚ ਕੋਵਿਡ-19 ਵੈਕਸੀਨ ਦਾ ਮੁੱਦਾ ਵੀ ਸ਼ਾਮਲ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਰੀ ਅਧਿਕਾਰ ਪੱਤਰ ’ਚ ਸਾਹਮਣੇ ਆਏ ਵੇਰਵੇ ਅਨੁਸਾਰ, ਐਲਗਾਬਰਾ ਨੂੰ ‘‘ਆਵਾਜਾਈ ਖੇਤਰ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਲਈ ਫ਼ੈਡਰਲ ਪੱਧਰ ’ਤੇ ਰੈਗੂਲੇਟਡ ਆਵਾਜਾਈ ਖੇਤਰ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਕਿਹਾ ਗਿਆ ਹੈ।’’

ਫ਼ੈਡਰਲ ਸਰਕਾਰ ਨੇ ਸਰਹੱਦ ਟੱਪਣ ਵਾਲੇ ਟਰੱਕ ਡਰਾਈਵਰਾਂ ਲਈ 15 ਜਨਵਰੀ ਤੋਂ ਬਾਅਦ ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਦੀ ਯੋਜਨਾ ਬਣਾਈ ਹੈ, ਅਤੇ ਇਹ ਕਾਨੂੰਨ ਫ਼ੈਡਰਲ ਪੱਧਰ ’ਤੇ ਰੈਗੂਲੇਟਡ ਵਰਕਰਾਂ ਦੀ ਵਿਸਤਾਰਿਤ ਸੂਚੀ ਲਈ ਵੀ ਲਾਜ਼ਮੀ ਕਰਨ ਦੀ ਯੋਜਨਾ ਹੈ। ਇਨ੍ਹਾਂ ਵਰਕਰਾਂ ’ਚ ਪ੍ਰੋਵਿੰਸ਼ੀਅਲ ਹੱਦਾਂ ਟੱਪਣ ਵਾਲੇ ਟਰੱਕ ਡਰਾਈਵਰ ਸ਼ਾਮਲ ਹਨ।

ਹੁਣ ਤੱਕ ਆਵਾਜਾਈ ਖੇਤਰ ਦੇ ਵਰਕਰਾਂ ’ਤੇ ਲਾਗੂ ਹੁੰਦੇ ਵੈਕਸੀਨ ਬਾਰੇ ਫ਼ੁਰਮਾਨ ’ਚੋਂ ਸੜਕ ਆਵਾਜਾਈ ਨੂੰ ਬਾਹਰ ਕਰ ਦਿੱਤਾ ਗਿਆ ਹੈ।

ਐਲਗਾਬਰਾ ਨੂੰ ਜਨਤਕ ਸੁਰੱਖਿਆ ਅਤੇ ਸਿਹਤ ਬਾਰੇ ਮੰਤਰੀਆਂ ਨਾਲ ਮਿਲ ਕੇ ਅਮਰੀਕਾ ਅਤੇ ਦਾਖ਼ਲੇ ਦੀਆਂ ਹੋਰਨਾਂ ਬੰਦਰਗਾਹਾਂ ਨਾਲ ਸੁਰੱਖਿਅਤ, ਜ਼ਿੰਮੇਵਾਰ ਅਤੇ ਰਹਿਮਦਿਲੀ ਵਾਲਾ ਪ੍ਰਬੰਧਨ ਕਰਨ ਲਈ ਕੰਮ ਕਰਨਾ ਜਾਰੀ ਰੱਖਣ ਲਈ ਕਿਹਾ ਗਿਆ ਸੀ।

ਟਰੂਡੋ ਨੇ ਅੱਗੇ ਕਿਹਾ, ‘‘ਸਾਨੂੰ ਨਾ ਸਿਰਫ਼ ਜਲਵਾਯੂ ਬਾਰੇ ਤੁਰੰਤ ਕਾਰਵਾਈ ਕਰਨ ਦੀ ਜ਼ਰੂਰਤ ਹੈ, ਬਲਕਿ ਹੋਰ ਤੇਜ਼ ਅਤੇ ਅੱਗੇ ਜਾਣ ਦੀ ਵੀ ਜ਼ਰੂਰਤ ਹੈ। ਮੈਂ ਤੁਹਾਡੇ ਕੋਲੋਂ ਮੰਤਰੀ ਵਜੋਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਪੂਰੇ ਵਜ਼ਾਰਤੀ ਅਹੁਦੇ ਦੇ ਘੇਰੇ ’ਚ ਮੌਜੂਦ ਮੌਕਿਆਂ ਨਾਲ ਸਾਡੀ ਪੂਰੀ ਸਰਕਾਰ ਵੱਲੋਂ ਉਤਸਰਜਨ ਘੱਟ ਕਰਨ, ਸਵੱਛ ਨੌਕਰੀਆਂ ਲਿਆਉਣ ਅਤੇ ਲੋਕਾਂ ਵੱਲੋਂ ਪਹਿਲਾਂ ਹੀ ਦਰਪੇਸ਼ ਜਲਵਾਯੂ-ਸੰਬੰਧੀ ਚੁਨੌਤੀਆਂ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਸਾਥ ਦਿਓਗੇ।’’

ਉਤਸਰਜਨ ਘੱਟ ਕਰਨ ਲਈ ਐਲਗਾਬਰਾ ਦੇ ਟੀਚਿਆਂ ’ਚ ‘‘ਉਤਸਰਜਨ-ਭਰਪੂਰ ਸੜਕੀ ਫ਼ਰੇਟ ਨੂੰ ਕਾਰਬਨ ਰਹਿਤ ਕਰਨ’’ ਲਈ ਰਣਨੀਤੀ ਵਿਕਸਤ ਕਰਨਾ ਸ਼ਾਮਲ ਹੈ।

ਉਨ੍ਹਾਂ ਨੂੰ ‘‘ਰਾਸ਼ਟਰੀ ਟਰੇਡ ਕੋਰੀਡੋਰ ਫ਼ੰਡ ਅਤੇ ਲੈਜਿਸਲੇਟਿਵ ਤੇ ਰੈਗੂਲੇਟਰੀ ਅਥਾਰਟੀਆਂ ਰਾਹੀਂ ਕੈਨੇਡਾ ਦੇ ਟਰਾਂਸਪੋਰਟ ਨੈੱਟਵਰਕ ’ਚ ਸਪਲਾਈ ਚੇਨ ਰੇੜਕਿਆਂ ਨੂੰ ਘੱਟ ਕਰਨ ਅਤੇ ਰੋਕਣ ਲਈ ਕੰਮ ਕਰਨ’’ ਲਈ ਵੀ ਕਿਹਾ ਗਿਆ।