ਆਵਾਜਾਈ ਮੰਤਰੀ ਮਲਰੋਨੀ ਨੇ ਕੀਤੀ ਐਸ.ਪੀ.ਆਈ.ਐਫ. ਮਾਡਲ ਦੀ ਹਮਾਇਤ

Avatar photo

ਓਂਟਾਰੀਓ ਦੇ ਆਵਾਜਾਈ ਮੰਤਰੀ ਅਤੇ ਕਈ ਐਗਰੀਗੇਟ ਨਾਲ ਜੁੜੇ ਕਾਰੋਬਾਰਾਂ ਵੱਲੋਂ ਪਿੱਛੇ ਜਿਹੇ ਕੀਤੇ ਗਏ ਪ੍ਰੋਵਿੰਸ਼ੀਅਲ ਭਾਰ ਅਤੇ ਪੈਮਾਇਸ਼ ਸੰਬੰਧੀ ਸੋਧਾਂ ਦੀ ਹਮਾਇਤ ਕਰਨਾ ਜਾਰੀ ਹੈ, ਭਾਵੇਂ ਟੋਰਾਂਟੋ-ਖੇਤਰ ਦੇ ਡੰਪ ਟਰੱਕ ਆਪਰੇਟਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਇੱਕ ਸੰਬੰਧਤ ਬਿਆਨ ’ਚ ਕਿਹਾ, ‘‘ਇੱਕ ਦਹਾਕੇ ਤੱਕ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ, ਉਦਯੋਗ ਦੇ ਜ਼ਿਆਦਾਤਰ ਤਬਕੇ ਨੇ ਸੁਰੱਖਿਅਤ, ਉਤਪਾਦਕ, ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਮਾਡਲ ਦੀ ਹਮਾਇਤ ਕੀਤੀ ਹੈ ਅਤੇ ਓਂਟਾਰੀਓ ਦੇ ਮਹੱਤਵਪੂਰਨ ਮੁਢਲਾ ਢਾਂਚੇ ਦੀ ਸੁਰੱਖਿਆ ’ਚ ਇਸ ਦੀ ਮਹੱਤਤਾ ਨੂੰ ਮਨਜ਼ੂਰ ਕੀਤਾ ਹੈ।’’

ਐਸ.ਪੀ.ਆਈ.ਐਫ਼. ਮਾਡਲ ਨੂੰ ਚਾਰ ਪੜਾਵਾਂ ’ਚ ਕਈ ਸਾਲਾਂ ਦੌਰਾਨ ਲਾਗੂ ਕੀਤਾ ਗਿਆ, ਜਿਸ ਦਾ ਆਖ਼ਰੀ ਪੜਾਅ ਜੁਲਾਈ 2011 ’ਚ ਮੁਕੰਮਲ ਹੋਇਆ। ਉਸ ਸਮੇਂ, ਇੱਕ ਗਰੈਂਡਫ਼ਾਦਰਿੰਗ ਸਮਾਂ ਸਥਾਪਤ ਕੀਤਾ ਗਿਆ ਸੀ, ਜਿਸ ਨੇ ਕੈਰੀਅਰਾਂ ਨੂੰ ਨਿਯਮਾਂ ਦੀ ਪਾਲਣਾ ਲਈ ਇੱਕ ਦਹਾਕੇ ਦਾ ਸਮਾਂ ਦਿੱਤਾ – ਇਹ ਸਮਾਂ ਬਹੁਤ ਹੁੰਦਾ ਹੈ।’’

ਜਿਨ੍ਹਾਂ ਉਪਕਰਨਾਂ ’ਚ ਸੋਧ ਕਰਨ ਦੀ ਜ਼ਰੂਰਤ ਹੈ ਉਨ੍ਹਾਂ ’ਚ ਸੈਲਫ਼-ਸਟੀਅਰਿੰਗ ਲਿਫ਼ਟ ਐਕਸਲ ਅਤੇ ਲੋਡ ਇਕੁਈਲਾਈਜੇਸ਼ਨ ਸਿਸਟਮ ਸ਼ਾਮਲ ਹਨ, ਜਿਸ ਦੀ ਕੀਮਤ 20,000 ਡਾਲਰ ਤੋਂ 40,000 ਡਾਲਰ ਪ੍ਰਤੀ ਟਰੱਕ ਹੋ ਸਕਦੀ ਹੈ।

ਡੰਪ ਟਰੱਕ ਆਪਰੇਟਰਾਂ ਨੇ ਇਸ ਸਾਲ ਐਸ.ਪੀ.ਆਈ.ਐਫ਼. ਨਾਲ ਸੰਬੰਧਤ ਕਈ ਲੜੀਵਾਰ ਪ੍ਰਦਰਸ਼ਨ ਕੀਤੇ ਹਨ। ਫ਼ੋਟੋ : ਜੈਗ ਗੁੰਡੂ/ਓ.ਡੀ.ਟੀ.ਏ.

ਟੋਰਾਂਟੋ ਦੇ ਆਲੇ-ਦੁਆਲੇ ‘ਸਾਨੂੰ ਡੰਪ ਨਾ ਕਰੋ’ ਪ੍ਰਦਰਸ਼ਨ ਕਰਵਾਉਣ ਵਾਲਿਆਂ ਦਾ ਅੰਦਾਜ਼ਾ ਹੈ ਕਿ ਜਨਵਰੀ ’ਚ ਲਾਗੂ ਹੋਏ ਨਵੇਂ ਨਿਯਮਾਂ ਕਰਕੇ 1,000 ਟਰੱਕ ਸੜਕਾਂ ਤੋਂ ਹਟ ਗਏ ਹਨ।

ਭਾਵੇਂ ਪੁਰਾਣੇ ਮਾਨਕਾਂ ’ਤੇ ਬਣੇ ਟਰੱਕਾਂ ਨੂੰ ਆਪਰੇਟ ਕਰਨ ਦੀ ਇਜਾਜ਼ਤ ਹੈ, ਪਰ ਅਜਿਹਾ ਘੱਟ ਭਾਰ ਲੱਦ ਕੇ ਹੀ ਕੀਤਾ ਜਾ ਸਕਦਾ ਹੈ।

ਮਲਰੋਨੀ ਨੇ ਕਿਹਾ, ‘‘ਅਸੀਂ ਆਪਣੀ ਸਥਿਤੀ ’ਤੇ ਟਿਕੇ ਹੋਏ ਹਾਂ। ਇਹ ਕਾਨੂੰਨ ਰੱਦ ਨਹੀਂ ਹੋਵੇਗਾ।’’

ਮੰਤਰਾਲੇ ਨੇ ਨਵੇਂ ਨਿਯਮਾਂ ਦੀ ਹਮਾਇਤ ਕਰਨ ਵਾਲੀਆਂ ਐਸੋਸੀਏਸ਼ਨਾਂ ਦੀ ਸੂਚੀ ਜਾਰੀ ਕੀਤੀ ਜਿਸ ’ਚ ਹੋਰਨਾਂ ਤੋਂ ਇਲਾਵਾ ਓਂਟਾਰੀਓ ਟਰੱਕਿੰਗ ਐਸੋਸੀਏਸ਼ਨ, ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ, ਕੈਨੇਡੀਅਨ ਟਰਾਂਸਪੋਰਟੇਸ਼ਨ ਇਕੁਇਪਮੈਂਟ ਐਸੋਸੀਏਸ਼ਨ, ਗ੍ਰੇਟ ਓਟਾਵਾ ਟਰੱਕਰਸ ਐਸੋਸੀਏਸ਼ਨ ਅਤੇ ਆਟੋਮੋਟਿਵ ਟਰਾਸਪੋਰਟੇਸ਼ਨ ਸਰਵਿਸ ਸੂਪਰਿੰਟੈਂਡੈਂਟਸ ਐਸੋਸੀਏਸ਼ਨ ਸ਼ਾਮਲ ਹਨ।

ਜਦਕਿ ‘ਸਾਨੂੰ ਡੰਪ ਨਾ ਕਰੋ’ ਗਠਜੋੜ ਨੇ ਆਪਣੇ ਬਿਆਨ ’ਚ ਇਸ ਦਾ ਜਵਾਬ ਦਿੰਦਿਆਂ ਕਿਹਾ, ‘‘ਹਮਾਇਤੀਆਂ ਦੀ ਦਿੱਤੀ ਗਈ ਸੂਚੀ ਡੰਪ ਟਰੱਕ ਉਦਯੋਗ ਦੀ ਪ੍ਰਤੀਨਿਧਗੀ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਸਵਾਲਾਂ ਦੇ ਘੇਰੇ ’ਚ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਅਸਲ ’ਚ, ਇਨ੍ਹਾਂ ’ਚੋਂ ਕਈਆਂ ਨੇ ਮੰਤਰਾਲੇ ਨੂੰ ਚਿੱਠੀਆਂ ਵੀ ਲਿਖੀਆਂ ਹਨ ਕਿ ਉਹ ਇਸ ਦਾ ਹੱਲ ਕੱਢਣ ਲਈ ਸਾਡੇ ਉਦਯੋਗ ਨਾਲ ਰਾਬਤਾ ਕਾਇਮ ਕਰਨ।’’

ਇਸ ਗਠਜੋੜ ਨੂੰ ਸਿਟੀ ਆਫÊ ਬਰੈਂਪਟਨ, ਓਂਟਾਰੀਓ ਲਿਬਰਲ ਪਾਰਟੀ, ਅਤੇ ਓਂਟਾਰੀਓ ਐਨ.ਡੀ.ਪੀ. ਤੋਂ ਹਮਾਇਤ ਪ੍ਰਾਪਤ ਹੈ ਅਤੇ ਇਸ ਨੇ ਮਲਰੋਨੀ ’ਤੇ ਪ੍ਰਦਰਸ਼ਨਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਕੰਮ ਨਾ ਕਰਨ ਦਾ ਦੋਸ਼ ਲਾਇਆ ਹੈ।