ਇਲੈਕਟ੍ਰਿਕ ਟਰੱਕਾਂ ਲਈ ਸਮੁੱਚੀ ਸੁਪੋਰਟ ਦੇ ਰਿਹੈ ਵੋਲਵੋ

ਕਿਸੇ ਬੈਟਰੀ ਇਲੈਕਟ੍ਰਿਕ ਟਰੱਕ ਦੀ ਚੋਣ ਕਰਨਾ ਇੱਕ ਗੱਲ ਹੈ। ਪਰ ਇਹ ਸਮਝਣਾ ਕਿ ਇਹ ਕਿੱਥੇ ਫ਼ਿੱਟ ਬੈਠੇਗਾ, ਰੱਖ-ਰਖਾਅ ਦੀ ਜ਼ਰੂਰਤ, ਵਿੱਤੀ ਬਦਲ, ਅਤੇ ਚਾਰਜਿੰਗ ਮੁਢਲਾ ਢਾਂਚਾ ਜ਼ਿਆਦਾ ਗੁੰਝਲਦਾਰ ਗੱਲ ਹੈ।

ਵੋਲਵੋ ਟਰੱਕਸ ਨਾਰਥ ਅਮਰੀਕਾ, ਫ਼ਲੀਟਸ ਨੂੰ ਉਨ੍ਹਾਂ ਦੀ ਇਸ ਪੂਰੀ ਯਾਤਰਾ ਦੌਰਾਨ ਮੱਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ’ਚ ਸਲਾਹਕਾਰ ਸੇਵਾਵਾਂ ਤੋਂ ਲੈ ਕੇ ਆਸਾਨ ਮਹੀਨਾਵਾਰ ਕਿਸ਼ਤਾਂ ਸਮੇਤ ਸਾਰਾ ਕੁੱਝ ਸ਼ਾਮਲ ਹੈ।

ਓ.ਈ.ਐਮ. ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਇਸ ਨੂੰ ‘ਮੁਕੰਮਲ ਸਲਾਹਕਾਰ ਪਹੁੰਚ’ ਕਰਾਰ ਦਿੰਦੇ ਹਨ।

ਪੂਰੇ ਉੱਤਰੀ ਅਮਰੀਕਾ ਦੇ ਫ਼ਲੀਟਸ ਅਤੇ ਡੀਲਰ ਵੋਲਵੋ ਟਰੱਕਸ ਪਿਛਲੇ ਮਹੀਨੇ ਵਰਜੀਨੀਆ ਦੇ ਵੋਲਵੋ ਟਰੱਕਸ ਕਸਟਮਰ ਸੈਂਟਰ ’ਚ ਇਹ ਸਮਝਣ ਲਈ ਇਕੱਠੇ ਹੋਏ ਕਿ ਸੁਪੋਰਟ ਆਖ਼ਰ ਅਸਲ ’ਚ ਕਿਸ ਤਰ੍ਹਾਂ ਦੀ ਹੋਵੇਗੀ।

VNR Electric
ਵੋਲਵੋ ਦੀ ਇਲੈਕਟ੍ਰਿਕ ਵਹੀਕਲ ਰਣਨੀਤੀ ਦਾ ਧੁਰਾ ਵੀ.ਐਨ.ਆਰ. ਇਲੈਕਟ੍ਰਿਕ ਟਰੱਕ ਹਨ। ਪਰ ਸੁਪੋਰਟ ਟਰੱਕ ਦੀ ਵਿਕਰੀ ਤੋਂ ਕਾਫ਼ੀ ਸਮਾਂ ਬਾਅਦ ਵੀ ਜਾਰੀ ਰਹਿੰਦੀ ਹੈ। ਤਸਵੀਰ: ਜੌਨ ਜੀ. ਸਮਿੱਥ

ਸੁਪੋਰਟ ਮੁਢਲਾ ਢਾਂਚਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ, ਜਿੱਥੇ ਵਿਕਰੀ ਅਤੇ ਰੱਖ-ਰਖਾਅ ਲਈ ਪ੍ਰਮਾਣਿਤ ਡੀਲਰਾਂ ਦੀ ਗਿਣਤੀ ਹੁਣ ਤੱਕ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ’ਚੋਂ ਤਿੰਨ ਕੈਨੇਡਾ ’ਚ ਸਥਾਪਤ ਹਨ – ਜਿਨ੍ਹਾਂ ’ਚ ਕਿਊਬੈੱਕ ਅੰਦਰ ਪੈਰੇ ਸੈਂਟਰ ਡੂ ਕੈਮਿੳਨ, ਡੋਰਵਾਲ ’ਚ ਕੇਮੀਓਨਸ ਵੋਲਵੋ ਮਾਂਟ੍ਰਿਆਲ, ਅਤੇ ਵਾਟਰਲੂ, ਓਂਟਾਰੀਓ ’ਚ ਐਕਸਪ੍ਰੈੱਸਵੇ ਟਰੱਕਸ ਸ਼ਾਮਲ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਲਈ ਵੀ ਕੰਮ ਚਲ ਰਿਹਾ ਹੈ।

ਵੂਰਹੋਵ ਨੇ ਕਿਹਾ, ‘‘ਬਹੁਤ ਛੇਤੀ ਸਾਡੇ ਕੋਲ ਕੈਨੇਡਾ ’ਚ ਇਸ ਬਾਰੇ ਦੇਣ ਲਈ ਨਵੀਂ ਖ਼ਬਰ ਹੋਵੇਗੀ।’’

ਕੁਨੈਕਟਰ ਸਲਿਊਸ਼ਨਜ਼

ਬੈਟਰੀ-ਇਲੈਕਟਿ੍ਰਕ ਟਰੱਕਾਂ ਦੀ ਸ਼ੁਰੂਆਤ ’ਚ ਵੱਧ ਤੋਂ ਵੱਧ ਰੇਂਜ 150 ਮੀਲ (240 ਕਿੱਲੋਮੀਟਰ) ਸੀ, ਅਤੇ ਹੁਣ ਇਹ ਬੈਟਰੀ ਦੀ ਸਮਰੱਥਾ ਦੇ ਆਧਾਰ ’ਤੇ ਵੱਧ ਕੇ 275 ਮੀਲ (440 ਕਿੱਲੋਮੀਟਰ) ਹੋ ਗਈ ਹੈ। ਪਰ ਇੱਥੇ ਵੀ ਫ਼ਲੀਟਸ ਨੂੰ ਟੋਪੋਗ੍ਰਾਫ਼ੀ (ਭੂਦ੍ਰਿਸ਼), ਲੋਡ ਅਤੇ ਚਾਰਜਰਾਂ ਦੀ ਥਾਂ ਵਰਗੇ ਵੰਨ-ਸੁਵੰਨੇ ਕਾਰਕਾਂ ਨੂੰ ਧਿਆਨ ’ਚ ਰੱਖਣ ਦੀ ਜ਼ਰੂਰਤ ਹੈ।

ਵੋਲਵੋ ਇਹ ਯਕੀਨੀ ਕਰਦਾ ਹੈ ਕਿ ਸਾਰੇ ਸੰਬੰਧਤ ਮੁੱਦਿਆਂ ਨੂੰ ਵਿਆਪਕ ਰੂਟ ਸਿਮੁਲੇਸ਼ਨ ਰਾਹੀਂ ਹੱਲ ਕੀਤਾ ਗਿਆ ਹੈ, ਜਿਸ ’ਚ ਰੂਟ ਦੀ ਦੂਰੀ, ਸਮਾਂ, ਡਰਾਈਵਿੰਗ ਦਾ ਸਮਾਂ, ਸਰਵਿਸ ਅਤੇ ਆਰਾਮ ਕਰਨ ਦਾ ਸਮਾਂ, ਵੱਧ ਤੋਂ ਵੱਧ ਪੇਲੋਡ, ਔਸਤਨ ਗਤੀ ਅਤੇ ਵੱਧ ਤੋਂ ਵੱਧ ਗਤੀ ਵਰਗੀਆਂ ਚੀਜ਼ਾਂ ਸ਼ਾਮਲ ਹਨ।

ਟਰੱਕਾਂ ਦੇ ਇੱਕ ਵਾਰੀ ਸੜਕ ’ਤੇ ਉਤਰ ਜਾਣ ’ਤੇ, ਵੋਲਵੋ ਰਵਾਇਤੀ ਟੈਲੀਮੈਟਿਕਸ ਗੇਟਵੇਜ਼ ਤੋਂ ਅੰਕੜੇ ਪ੍ਰਾਪਤ ਕਰ ਕੇ ਰੀਅਲ-ਟਾਈਮ ਨਿਗਰਾਨੀ ਮੁਹੱਈਆ ਕਰਵਾਉਂਦਾ ਰਹਿੰਦਾ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਬੈਟਰੀ ਦਾ ਚਾਰਜ 20% ਤੋਂ ਘੱਟ ਹੋ ਜਾਵੇ ਤਾਂ ਟਰੱਕ ਦੀ ਨਿਗਰਾਨੀ ਕਰ ਰਹੇ ਲੋਕਾਂ ਨੂੰ ਚੇਤਾਵਨੀ ਦੀ ਪੀਲੀ ਨਿਸ਼ਾਨੀ ਵਿਖਾ ਦਿੱਤੀ ਜਾਂਦੀ ਹੈ। ਇਸ ਨਾਲ ਫਿਰ ਵੀ ਬੈਟਰੀ ਦਾ ਚਾਰਜ 5% ਹੋਣ ਤੱਕ ਸਮਾਂ ਮਿਲ ਜਾਂਦਾ ਹੈ ਜਦੋਂ ਗੱਡੀ ਦੀ ਪਾਵਰ ਕਮਜ਼ੋਰ ਹੋ ਜਾਂਦੀ ਹੈ।

ਚਾਰਜਿੰਗ ਦੀ ਸਥਿਤੀ ਤੋਂ ਇਲਾਵਾ, ਵੋਲਵੋ ਬੈਟਰੀ ਦੀ ਸਿਹਤ ਦੀ ਸਥਿਤੀ ’ਤੇ ਵੀ ਕੇਂਦਰਤ ਰਹਿੰਦਾ ਹੈ, ਜਿਸ ਬਾਰੇ ਪਾਵਰ ਦੇ ਸਰੋਤ ਦਾ ਜੀਵਨਕਾਲ ਵੱਧ ਤੋਂ ਵੱਧ ਕਰਨ ਲਈ ਚਾਰਜਿੰਗ ਦਾ ਤਰੀਕਾ ਅਤੇ ਹੋਰ ਕਦਮਾਂ ਬਾਰੇ ਸਲਾਹ ਦਿੱਤੀ ਜਾਂਦੀ ਹੈ।

ਚਾਰਜਿੰਗ ਸਪੋਰਟ

ਚਾਰਜਿੰਗ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇੱਕ ਹੈ, ਕਿਉਂਕਿ ਇਸ ਵੇਲੇ ਤੱਕ ਕੋਈ ਵੱਡਾ ਚਾਰਜਿੰਗ ਨੈੱਟਵਰਕ ਨਹੀਂ ਬਣ ਸਕਿਆ ਹੈ।

ਜਨਤਕ ਚਾਰਜਿੰਗ ਨੈੱਟਵਰਕ ਦੀਆਂ ਪਹਿਲੀਆਂ ਉਦਾਹਰਣਾਂ ’ਚੋਂ ਇੱਕ ਕੇਂਦਰੀ ਕੈਲੇਫ਼ੋਰਨੀਆ ਅੰਦਰ ਲਾਂਘੇ ਦੇ ਰੂਪ ’ਚ ਸਾਹਮਣੇ ਆ ਰਹੀ ਹੈ, ਜਿਸ ਦੀ ਉਸਾਰੀ ਵੋਲਵੋ ਕਰ ਰਿਹਾ ਹੈ ਅਤੇ ਇਸ ਕੰਮ ’ਚ ਉਸ ਦਾ ਸਾਥ ਸ਼ੈੱਲ, ਡੀਲਰ, ਐਫ਼ੀਨਿਟੀ, ਵੈਸਟਰਨ ਅਤੇ ਟੀ.ਈ.ਸੀ. ਇਕੁਇਪਮੈਂਟ ਦੇ ਰਹੇ ਹਨ। ਹਰ ਸਾਈਟ ’ਤੇ ਦੋ 180-ਕਿੱਲੋਵਾਟ, ਡੀ.ਸੀ.ਐਫ਼.ਸੀ. ਐਸ. ਸੀ.ਸੀ.ਐਸ.1 ਚਾਰਜਰ ਲੱਗੇ ਹੋਣਗੇ ਅਤੇ ਸੀ.ਸੀ.ਐਸ.1 ਕੁਨੈਕਟਰ ਵਾਲਾ ਕੋਈ ਵੀ ਟਰੱਕ ਇਨ੍ਹਾਂ ਨੂੰ ਪ੍ਰਯੋਗ ਕਰ ਸਕੇਗਾ। ਇਹ ਏਨੇ ਕੁ ਦੂਰੀ ’ਤੇ ਸਥਿਤ ਹੋਣਗੇ ਜਿੰਨੀ ਵੀ.ਐਨ.ਆਰ. ਇਲੈਕਟ੍ਰਿਕ ਟਰੱਕਾਂ ਦੀ ਪਹਿਲੀ ਪੀੜ੍ਹੀ ਦੀ ਰੇਂਜ ਹੁੰਦੀ ਹੈ।

ਚਾਰਜਰ ਬਾਰੇ ਹਰ ਫ਼ੈਸਲਾ ਇਸ ਬਾਰੇ ਸਿੱਧਾ ਰੋਲ ਅਦਾ ਕਰੇਗਾ ਕਿ ਇਲੈਕਟ੍ਰਿਕ ਟਰੱਕਾਂ ਨੂੰ ਕਿਸ ਤਰ੍ਹਾਂ ਚਲਾਇਆ ਜਾਂਦਾ ਹੈ।

ਇੱਕ ਡੀ.ਸੀ. ਫ਼ਾਸਟ ਚਾਰਜਿੰਗ ਸਟੇਸ਼ਨ 75 ਤੋਂ 250 ਕਿੱਲੋਵਾਟ ਜਾਂ ਇਸ ਤੋਂ ਵੱਧ ਡਿਲੀਵਰ ਕਰ ਸਕਦਾ ਹੈ, ਜਿਸ ਨਾਲ ਇੱਕ ਕਮਰਸ਼ੀਅਲ ਵਹੀਕਲ ਨੂੰ ਦੋ ਤੋਂ ਸੱਤ ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। 50 ਕਿੱਲੋਵਾਟ ਤੱਕ ਡਿਲੀਵਰ ਕਰਨ ਵਾਲੇ ਹੌਲੀ ਚਾਰਜਰ ਛੇ ਤੋਂ 12 ਘੰਟੇ ਲੈ ਸਕਦੇ ਹਨ। ਪਰ ਜੇਕਰ ਤੁਸੀਂ ਟਰੱਕ ਨੂੰ ਪਬਲਿਕ ਚਾਰਜਿੰਗ ਸਟੇਸ਼ਨ ’ਚ ਲੈ ਕੇ ਜਾਂਦੇ ਹੋ ਅਤੇ ਇੱਕ 150 ਕਿੱਲੋਵਾਟ ਦਾ ਚਾਰਜਰ ਜਾਂ ਮੈਗਾਵਾਟ ਜਾਂ ਇਸ ਤੋਂ ਵੱਧ ਡਿਲੀਵਰ ਕਰਨ ਵਾਲੀ ਯੂਨਿਟ ਬੈਟਰੀ ਨੂੰ ਇੱਕ ਘੰਟੇ ਅੰਦਰ ਹੀ ਪੂਰਾ ਚਾਰਜ ਕਰ ਸਕਦੀ ਹੈ।

ਅਦਾਇਗੀ ਦੇ ਵਿਕਲਪ

ਇਸ ਸਭ ਲਈ ਵੱਡੀ ਕੀਮਤ ਤਾਰਨੀ ਪੈਂਦੀ ਹੈ, ਪਰ ਵੋਲਵੋ ਵਿੱਤੀ ਅਤੇ ਸਰਵਿਸ ਵਿਕਲਪਾਂ ਦੇ ਸਮੂਹ ਨਾਲ ਅਦਾਇਗੀ ਨੂੰ ਆਸਾਨ ਕਰਦਾ ਹੈ।

ਵੀ.ਐਫ਼.ਐਸ. ਇਲੈਕਟ੍ਰੋਮੋਬਿਲਟੀ ਸਲਿਊਸ਼ਨਜ਼ ਓਪਨ-ਐਂਡਿਡ ਟਰੈਕ ਲੀਜ਼ ਦੇ ਰੂਪ ’ਚ ਸੁਪੋਰਟ ਮੁਹੱਈਆ ਕਰਵਾਏਗੀ, ਜਿਸ ਦੀ ਕੋਈ ਮਾਈਲੇਜ ਜਾਂ ਟਰਨ-ਇਨ ਸਥਿਤੀਆਂ ਨਹੀਂ ਹੋਣਗੀਆਂ, ਜਾਂ ਇੱਕ ਕਲੋਜ਼-ਐਂਡ ਫ਼ੇਅਰ ਮਾਰਕੀਟ ਵੈਲਿਊ ਲੀਜ਼ ਦੇ ਰੂਪ ’ਚ ਜਿਸ ਦੀ ਮਾਈਲੇਜ ਅਤੇ ਟਰਨ-ਇਨ ਕੰਡੀਸ਼ਨਜ਼ ਹੋਣਗੀਆਂ।

ਅਜਿਹੀ ਸੁਪੋਰਟ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਹੋਰ ਵਿੱਤੀ ਸੰਸਥਾਵਾਂ ਇਨ੍ਹਾਂ ਸੰਬੰਧਤ ਲਾਗਤਾਂ ਨੂੰ ਕਵਰ ਨਹੀਂ ਕਰਦੀਆਂ ਹਨ।

ਜੌਨ ਜੀ. ਸਮਿੱਥ ਵੱਲੋਂ