ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ 2019 ਦੀ ਸਮੀਖਿੱਆ

Avatar photo

ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ‘ਚ ਟਰੱਕਿੰਗ ਉਦਯੋਗ ਦੀ ਸ਼੍ਰੇਣੀ 4-8 ਦੇ ਸਾਰੇ ਵੱਡੇ ਬਰੈਂਡ ਅਟਲਾਂਟਾ, ਜੋਰਜੀਆ ਵਿਖੇ 28-31 ਅਕਤੂਬਰ, 2019 ਦੌਰਾਨ ਇੱਕੋ ਛੱਤ ਹੇਠਾਂ ਇਕੱਠੇ ਹੋਏ ਸਨ।

ਇਸ ਦੌਰਾਨ ਟਰੱਕ ਅਤੇ ਟਰੇਲਰ ਨਿਰਮਾਤਾ, ਕੰਪੋਨੈਂਟ ਸਪਲਾਈਕਰਤਾ, ਟਾਇਰ ਨਿਰਮਾਤਾ ਅਤੇ ਟਰੱਕਿੰਗ ਉਦਯੋਗ ਸਪਲਾਈਕਰਤਾਵਾਂ ਦੀ ਵੱਡੀ ਗਿਣਤੀ ਨੇ ਆਪਣੀਆਂ ਨਵੀਨਤਮ ਪੇਸ਼ਕਸ਼ਾਂ ਨੂੰ ਪ੍ਰਦਰਸ਼ਿਤ ਕੀਤਾ।

ਡਾਇਮਲਰ ਟਰੱਕਸ ਨਾਰਥ ਅਮਰੀਕਾ, ਹੀਨੋ, ਇੰਟਰਨੈਸ਼ਨਲ, ਕੇਨਵਰਥ, ਮੈਕ, ਪੀਟਰਬਿਲਟ ਅਤੇ ਵੋਲਵੋ ਨੇ ਹੈਵੀ ਟਰੱਕ ਖੇਤਰ ‘ਚ ਆਪਣੇ ਤਾਜ਼ਾ ਉਤਪਾਦ ਪ੍ਰਦਰਸ਼ਿਤ ਕੀਤੇ। ਹਰ ਕੰਪਨੀ ਦੇ ਸੀਨੀਅਰ ਪ੍ਰਤੀਨਿਧੀ ਉਦਯੋਗ ‘ਚ ਲਗਾਤਾਰ ਪੈਦਾ ਹੋ ਰਹੇ ਰੁਝਾਨ ਅਤੇ ਖੋਜਾਂ ਬਾਰੇ ਗੱਲ ਕਰਨ ਲਈ ਮੌਜੂਦ ਸਨ, ਜਿੱਥੇ ਅਜਿਹਾ ਵਾਤਾਵਰਨ ਬਣਿਆ ਹੋਇਆ ਹੈ ਕਿ ਲਾਗਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਫ਼ਰੇਟ ਕੀਮਤਾਂ ਉਥੇ ਹੀ ਖੜ੍ਹੀਆਂ ਹਨ।

ਓ.ਈ.ਐਮ. ਉਦਯੋਗ ਦੀ ਉਸ ਸਮੱਸਿਆ ਤੋਂ ਵੀ ਜਾਣੂ ਹਨ ਜੋ ਕਿ ਉਨ੍ਹਾਂ ਨੂੰ ਡਰਾਈਵਰਾਂ ਦੀ ਭਰਤੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਣ ‘ਚ ਪੇਸ਼ ਆ ਰਹੀ ਹੈ। ਡਰਾਈਵਰਾਂ ਨੂੰ ਟਿਕਾਈ ਰੱਖਣ ਦੀਆਂ ਕੋਸ਼ਿਸ਼ਾਂ ‘ਚ ਟਰੱਕ ਨਿਰਮਾਤਾ ਟਰੱਕ ਦਾ ਡਿਜ਼ਾਈਨ ਅਜਿਹਾ ਬਣਾ ਰਹੇ ਹਨ ਕਿ ਡਰਾਈਵਰ ਦਾ ਕੰਮ ਆਸਾਨ ਹੋਵੇ। ਟਰੱਕ ਦੇ ਡਿਜ਼ਾਈਨਾਂ ‘ਚ ਹੋਏ ਵਿਕਾਸ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ‘ਤੇ ਰੌਸ਼ਨੀ ਪਾਉਣ ਵਾਲੇ ਸੈਮੀਨਾਰਾਂ ਅਤੇ ਪ੍ਰੈੱਸ ਕਾਨਫ਼ਰੰਸਾਂ ‘ਚ ਵੱਡੀ ਗਿਣਤੀ ‘ਚ ਉਦਯੋਗ ਦੇ ਮਾਹਰਾਂ ਨਾਲ ਪੂਰੀ ਦੁਨੀਆਂ ਦੇ ਮੀਡੀਆ ਨੇ ਹਾਜ਼ਰੀ ਲਵਾਈ।
ਆਟੋਮੋਟਿਵ ਖੇਤਰ ਤੋਂ ਵੱਖ, ਜਿੱਥੇ ਕਿ ਇਲੈਕਟ੍ਰਿਕ ਵਹੀਕਲ ‘ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ, ਟਰੱਕਿੰਗ ਉਦਯੋਗ ਹਾਈਡਰੋਜਨ ਨਾਲ ਚੱਲਣ ਵਾਲੀਆਂ ਗੱਡੀਆਂ ਵੱਲ ਜਾ ਰਿਹਾ ਹੈ। ਹੈਵੀ ਟਰੱਕਾਂ ‘ਤੇ ਬੈਟਰੀਆਂ ਦਾ ਭਾਰ ਇਨ੍ਹਾਂ ‘ਚ ਸਾਮਾਨ ਰੱਖਣ ਦੀ ਸਮਰਥਾ ‘ਤੇ ਅਸਰ ਪਾਉਂਦਾ ਹੈ। ਲੌਂਗ-ਹੌਲ ਦੌਰਾਨ ਬੈਟਰੀ ਨੂੰ ਰੀਚਾਰਜ ਕਰਨ ਦਾ ਸਮਾਂ ਅਤੇ ਸਮਰਥਾ ਇਸ ਰਾਹ ‘ਚ ਸਭ ਤੋਂ ਵੱਡਾ ਰੇੜਕਾ ਹਨ।

ਜਿੰਨਾ ਸਮਾਂ ਬੈਟਰੀ ਨੂੰ ਰੀਚਾਰਜ ਕਰਨ ‘ਚ ਲਗਦਾ ਹੈ, ਹਾਈਡਰੋਜਨ ਟੈਂਕ ਨੂੰ ਭਰਨ ‘ਚ ਉਸ ਤੋਂ ਬਹੁਤ ਘੱਟ ਸਮਾਂ ਲਗਦਾ ਹੈ। ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਬਾਬਤ ਇਹ ਗੱਲ ਵੀ ਜਾਣ ਲੈਣੀ ਚਾਹੀਦੀ ਹੈ ਕਿ ਅਮਰੀਕਾ ‘ਚ ਆਟੋਮੋਟਿਵ ਬੈਟਰੀਆਂ ਨੂੰ ਚਾਰਜ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਜ਼ਿਆਦਾਤਰ ਬਿਜਲੀ ਕੋਲੇ ਨਾਲ ਚੱਲਣ ਵਾਲੇ ਬਿਜਲੀ ਘਰਾਂ ਤੋਂ ਆਉਂਦੀ ਹੈ। ਅੱਜ ਅਸੀਂ ਅਜਿਹੀ ਦੁਨੀਆਂ ‘ਚ ਜੀਅ ਰਹੇ ਹਾਂ ਜਿੱਥੇ ਵਾਤਾਵਰਣ ਦੀ ਸੁਰੱਖਿਆ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ, ਹਾਈਡਰੋਜਨ ਇਸ ਦਾ ਹੱਲ ਹੈ। ਇੱਕ ਵਾਰੀ ਪੂਰੇ ਦੇਸ਼ ਅੰਦਰ ਜੇਕਰ ਰੀਫ਼ਿਲਿੰਗ ਮੁਢਲਾ ਢਾਂਚਾ ਬਣ ਜਾਵੇ ਤਾਂ ਨਿਰਮਾਤਾ ਇੱਕ ਅਜਿਹੀ ਤਕਨਾਲੋਜੀ ਦਾ ਵੱਡੀ ਗਿਣਤੀ ‘ਚ ਉਤਪਾਦਨ ਸ਼ੁਰੂ ਕਰ ਦੇਣਗੇ ਜੋ ਕਿ ਇਸ ਵੇਲੇ ਬਾਜ਼ਾਰ ‘ਚ ਮੌਜੂਦ ਕਿਸੇ ਵੀ ਤਕਨੀਕ ਤੋਂ ਘੱਟ ਪ੍ਰਦੂਸ਼ਣ ਫੈਲਾਉਣ ਵਾਲੀ ਹੈ।

ਹੁੰਡਾਈ ਨੇ ਇੱਕ ਵੱਡੀ ਡਿਸਪਲੇ ਰਾਹੀਂ ਭਵਿੱਖ ਦੇ ਟਰੈਕਟਰ/ਟਰੇਲਰ ਕੰਬੀਨੇਸ਼ਨ ਨੂੰ ਪ੍ਰਦਰਸ਼ਿਤ ਕੀਤਾ ਅਤੇ ਬੋਸ਼ ਦੀ ਡਿਸਪਲੇ ‘ਚ ਨਵਾਂ ਇਲੈਕਟ੍ਰਿਕ ਨੀਕੋਲਾ ਟਰੈਕਟਰ ਸ਼ਾਮਲ ਸੀ ਜਿਸ ਦਾ ਕਿ ਨੇੜ ਭਵਿੱਖ ‘ਚ ਉਤਪਾਦਨ ਸ਼ੁਰੂ ਹੋਣ ਵਾਲਾ ਹੈ। ਦੁਨੀਆਂ ‘ਚ ਬਿਹਤਰੀਨ ਇੰਜੀਨੀਅਰਿੰਗ ਦਿਮਾਗ਼ਾਂ ਦੇ ਇਸ ਤਰ੍ਹਾਂ ਦੇ ਸ਼ੋਅ ‘ਚ ਇਕੱਠੇ ਹੋਣ ਨਾਲ, ਭਵਿੱਖ ਰੌਸ਼ਨ ਲਗਦਾ ਹੈ ਕਿਉਂਕਿ ਅਸੀਂ ਅਜਿਹੇ ਭਵਿੱਖ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਫ਼ੌਸਿਲ ਫ਼ਿਊਲ ‘ਤੇ ਘੱਟ ਨਿਰਭਰ ਹੋਵੇਗਾ।

ਇਸ ਸ਼ੋਅ ਨੂੰ ਉਦਯੋਗ ਦੇ ਹੋਰਨਾਂ ਸ਼ੋਅਜ਼ ਨਾਲੋਂ ਵੱਖਰਾ ਇਹ ਗੱਲ ਬਣਾਉਂਦੀ ਹੈ ਕਿ ਇਹ ਫ਼ਲੀਟ ਮਾਲਕਾਂ, ਵੱਡੇ ਅਤੇ ਛੋਟੇ ਪੱਧਰ ਦੇ ਖ਼ਰੀਦਦਾਰਾਂ, ਡੀਲਰਾਂ ਅਤੇ ਹਰ ਉਹ ਵਿਅਕਤੀ ਜੋ ਟਰੱਕਿੰਗ ਉਦਯੋਗ ਰਾਹੀਂ ਆਪਣੀ ਆਮਦਨ ਕਮਾਉਂਦਾ ਹੈ, ਨੂੰ ਸਿੱਧਾ ਅਜਿਹੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਦਿੰਦਾ ਹੈ ਜਿਨ੍ਹਾਂ ਦੇ ਉਤਪਾਦ ਉਨ੍ਹਾਂ ਨੂੰ ਆਪਣਾ ਕੰਮ ਚਲਾਉਣ ‘ਚ ਮੱਦਦ ਕਰਦੇ ਹਨ।

ਇਸ ਸਾਲ ਇੱਕ ਹੋਰ ਪ੍ਰਦਰਸ਼ਨੀ ਹਾਲ ਨੂੰ ਜੋੜਿਆ ਗਿਆ ਸੀ, ਜਿਸ ਨੇ ਕੁੱਲ ਪ੍ਰਦਰਸ਼ਨੀ ਖੇਤਰ ਨੂੰ ਉਦਘਾਟਨੀ ਸ਼ੋਅ ਤੋਂ ਕਾਫ਼ੀ ਵੱਡਾ ਬਣਾ ਦਿੱਤਾ ਸੀ। ਪ੍ਰਦਰਸ਼ਨਕਰਤਾਵਾਂ ਦੀ ਗਿਣਤੀ ਬਹੁਤ ਵੱਡੀ ਹੈ, ਦੋ ਦਿਨਾਂ ‘ਚ ਸਾਰੀ ਪ੍ਰਦਰਸ਼ਨੀ ਵੇਖਣਾ ਅਤੇ ਸਾਰੇ ਸੈਮੀਨਾਰਾਂ ‘ਚ ਹਿੱਸਾ ਲੈਣਾ ਨਾਮੁਮਕਿਨ ਸੀ। ਪਹਿਲਾਂ ਹੀ ਯੋਜਨਾਬੰਦੀ ਬਣਾ ਕੇ ਅਤੇ ਪ੍ਰਦਰਸ਼ਨੀ ਸੂਚੀ ਦਾ ਪ੍ਰਯੋਗ ਕਰਨਾ ਹੀ ਤੁਹਾਡਾ ਇਸ ਸ਼ੋਅ ‘ਚ ਤਜਰਬਾ ਬਿਹਤਰੀਨ ਬਣਾ ਸਕਦਾ ਹੈ।

ਜੇਕਰ ਤੁਸੀਂ ਟਰੱਕਿੰਗ ਉਦਯੋਗ ਨਾਲ ਜੁੜੇ ਹੋਏ ਹੋ, ਤਾਂ ਇਸ ਸ਼ੋਅ ‘ਚ ਹਿੱਸਾ ਲੈਣਾ ਤੁਹਾਡੇ ਲਈ ‘ਲਾਜ਼ਮੀ ਕੰਮ’ ਹੈ। ਅਗਲਾ ਸ਼ੋਅ 27 ਸਤੰਬਰ ਤੋਂ 30 ਸਤੰਬਰ, 2021 ‘ਚ ਹੋਵੇਗਾ।

ਹੰਸ ਜੇਨਜ਼ਨ ਅਤੇ ਮਨਨ ਗੁਪਤਾ ਦੀ ਖਾਸ ਰਿਪੋਰਟ