ਉੱਤਰੀ ਓਂਟਾਰੀਓ ’ਚ ਟਰਾਂਸ-ਕੈਨੇਡਾ ਹਾਈਵੇ ’ਤੇ ਤਿੰਨ ਸੀ.ਐਨ.ਜੀ. ਸਟੇਸ਼ਨ ਹੋਣਗੇ ਸਥਾਪਤ

Avatar photo

ਫ਼ੈਡਰਲ ਸਰਕਾਰ ਉੱਤਰੀ ਓਂਟਾਰੀਓ ’ਚ ਤਿੰਨ ਕੁਦਰਤੀ ਗੈਸ ਸਟੇਸ਼ਨ ਸਥਾਪਤ ਕਰਨ ਲਈ ਐਨਵੋਏ ਐਨਰਜੀ ’ਚ 30 ਲੱਖ ਡਾਲਰਾਂ ਦਾ ਨਿਵੇਸ਼ ਕਰੇਗੀ। ਇਹ ਐਲਾਨ ਕੈਨੇਡਾ ਦੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਸੀਮਸ ਓ’ਰੀਗਨ ਜੂਨੀਅਰ ਦੇ ਸੰਸਦੀ ਸਕੱਤਰ ਮਾਰਕ ਸਰੇਅ ਨੇ ਕੀਤਾ।

ਉੱਤਰੀ ਓਂਟਾਰੀਓ ’ਚ ਟਰਾਂਸ-ਕੈਨੇਡਾ ਹਾਈਵੇ ’ਤੇ ਇੱਕ ਟਰਾਂਸਪੋਰਟ ਟਰੱਕ। (ਤਸਵੀਰ : ਆਈਸਟਾਕ)

ਨਵੇਂ ਰੀਫ਼ਿਊਲਿੰਗ ਸਟੇਸ਼ਨ – ਜੋ ਕਿ ਨਿਪੀਗਨ, ਹਰਸਟ ਅਤੇ ਕੋਕਰੇਨ ਦੇ ਮੌਜੂਦਾ ਗੈਸ ਸਟੇਸ਼ਨਾਂ ’ਤੇ ਸਥਿਤ ਹਨ – ’ਚ ਆਨ-ਸਾਈਟ ਸਟੋਰੇਜ ਅਤੇ ਆਸਾਨ ਪ੍ਰਯੋਗ ਵਾਲੇ ਡਿਸਪੈਂਸਰ ਸ਼ਾਮਲ ਹੋਣਗੇ ਜਿਨ੍ਹਾਂ ਦੀ ਹੈਵੀ-ਡਿਊਟੀ ਟਰੱਕ ਡਰਾਈਵਰਾਂ ਨੂੰ ਟਰਾਂਸ-ਕੈਨੇਡਾ ਹਾਈਵੇ ’ਤੇ ਰੀਫ਼ਿਊਲਿੰਗ ਸਮੇਂ ਜ਼ਰੂਰਤ ਹੁੰਦੀ ਹੈ।

ਸਰੇਅ ਨੇ ਕਿਹਾ, ‘‘ਘੱਟ ਉਤਸਰਜਨ ਵਾਲੀ ਊਰਜਾ ਦਾ ਭਵਿੱਖ ਬਣਾਉਣ ’ਚ ਟਰੱਕਿੰਗ ਉਦਯੋਗ ਦਾ ਮਹੱਤਵਪੂਰਨ ਰੋਲ ਹੈ। ਐਨਵੋਏ ਐਨਰਜੀ ਵਰਗੀਆਂ ਕੰਪਨੀਆਂ ’ਚ ਨਿਵੇਸ਼ ਕਰ ਕੇ, ਅਸੀਂ ਟਰਾਂਸਪੋਰਟ ਕੰਪਨੀਆਂ ਦੇ ਸਫ਼ਰ ਲਈ ਸਾਫ਼-ਸੁਥਰੇ ਵਿਕਲਪ ਦੇ ਰਹੇ ਹਾਂ।’’

ਲੋਂਗ-ਹੌਲ ਟਰੱਕਾਂ ਲਈ ਕੰਪਰੈੱਸਡ ਨੈਚੂਰਲ ਗੈਸ (ਸੀ.ਐਨ.ਜੀ.) ਬਾਜ਼ਾਰ ’ਚ ਮੌਜੂਦ ਸਭ ਤੋਂ ਹਰਿਤ ਆਵਾਜਾਈ ਫ਼ਿਊਲਸ ’ਚੋਂ ਇੱਕ ਹੈ। ਇਹ ਹੋਰਨਾਂ ਪੈਟਰੋਲੀਅਮ ਉਤਪਾਦਾਂ ਤੋਂ 25% ਘੱਟ ਗ੍ਰੀਨਹਾਊਸ ਗੈਸਾਂ (ਜੀ.ਐਚ.ਜੀ.) ਪੈਦਾ ਕਰਦੀ ਹੈ ਅਤੇ ਰਵਾਇਤੀ ਡੀਜ਼ਲ ’ਤੇ ਚੱਲਣ ਵਾਲੇ ਟਰੱਕਾਂ ਮੁਕਾਬਲੇ ਟੇਲਪਾਈਪ ’ਚੋਂ ਨਿਕਲਣ ਵਾਲੀਆਂ ਗੰਦਗੀਆਂ ’ਚੋਂ 90% ਤੋਂ ਵੱਧ ਖ਼ਤਮ ਕਰ ਦਿੰਦੀ ਹੈ। ਸੀ.ਐਨ.ਜੀ. ਨੂੰ ਨਵਿਆਉਣਯੋਗ ਕੁਦਰਤੀ ਗੈਸ ਨਾਲ ਵੀ ਬਣਾਇਆ ਜਾ ਸਕਦਾ ਹੈ, ਜਿਸ ’ਚ ਲੈਂਡਫ਼ਿਲ ਗੈਸ ਅਤੇ ਮਿਊਂਸੀਪਲ ਕੂੜੇ ਦੇ ਪ੍ਰਯੋਗ ਨਾਲ ਅਜਿਹੇ ਫ਼ਿਊਲ ਦਾ ਉਤਪਾਦਨ ਵੀ ਸ਼ਾਮਲ ਹੈ ਜੋ 80% ਘੱਟ ਜੀ.ਐਚ.ਜੀ. ਪੈਦਾ ਕਰਦਾ ਹੈ। ਕੁਦਰਤੀ ਗੈਸ ਨੇ ਫ਼ਿਊਲ ਦੀ ਕੀਮਤ ਨੂੰ ਵੀ ਲਗਭਗ ਅੱਧਾ ਘੱਟ ਕਰ ਦਿੰਦਾ ਹੈ।

ਐਨਵੋਏੇ ਐਨਰਜੀ ਦੇ ਪ੍ਰੈਜ਼ੀਡੈਂਟ ਜੇਮਸ ਰੋ ਨੇ ਕਿਹਾ, ‘‘ਟਰਾਂਸ-ਕੈਨੇਡਾ ਹਾਈਵੇ ਨਾਲ ਸਥਿਤ ਸੀ.ਐਨ.ਜੀ. ਅਤੇ ਆਰ.ਐਨ.ਜੀ. ਸਟੇਸ਼ਨਾਂ ਦਾ ਨੈੱਟਵਰਕ ਹੈਵੀ-ਡਿਊਟੀ ਸ਼੍ਰੇਣੀ-8 ਟਰੱਕਾਂ ਲਈ ਪੂਰੇ ਦੇਸ਼ ’ਚ ਆਤਮਵਿਸ਼ਵਾਸ ਨਾਲ ਸਫ਼ਰ ਕਰਨ ਲਈ ਜ਼ਰੂਰੀ ਰੀਫ਼ਿਊਲਿੰਗ ਮੁਢਲਾ ਢਾਂਚਾ ਮੁਹੱਈਆ ਕਰਵਾਏਗਾ ਅਤੇ ਵੱਧ ਤੋਂ ਵੱਧ ਗੱਡੀਆਂ ਨੂੰ ਆਪਣਾ ਕਾਰਬਨ ਉਤਸਰਜਨ ਘੱਟ ਕਰਨ ’ਚ ਮੱਦਦ ਕਰੇਗਾ।’’

ਫ਼ੈਡਰਲ ਫ਼ੰਡਿੰਗ ਨੂੰ ਕੁਦਰਤੀ ਸਰੋਤ ਕੈਨੇਡਾ ਦੇ ਇਲੈਕਟਿ੍ਰਕ ਵਹੀਕਲ ਅਤੇ ਆਲਟਰਨੇਟਿਵ ਫ਼ਿਊਲ ਇਨਫ਼ਰਾਸਟਰੱਕਚਰ ਡਿਪਲੋਏਮੈਂਟ (ਈ.ਵੀ.ਏ.ਐਫ਼.ਆਈ.ਡੀ.ਆਈ.) ਰਾਹੀਂ ਮੁਹੱਈਆ ਕਰਵਾਇਆ ਜਾਵੇਗਾ, ਜੋ ਕਿ ਆਵਾਜਾਈ ਦੇ ਪ੍ਰਮੁੱਖ ਰਸਤਿਆਂ ’ਤੇ ਕੁਦਰਤੀ ਗੈਸ ਰੀਫ਼ਿਊਲਿੰਗ ਸਟੇਸ਼ਨ ਸਥਾਪਤ ਕਰਨ ਲਈ ਨਿਵੇਸ਼ ਕਰ ਰਹੀ ਹੈ। ਹੁਣ ਤਕ ਫ਼ੈਡਰਲ ਸਰਕਾਰ ਨੇ 22 ਕੁਦਰਤੀ ਗੈਸ ਸਟੇਸ਼ਨਾਂ ਲਈ ਮੱਦਦ ਦਿੱਤੀ ਹੈ ਜੋ ਕਿ ਪੂਰੇ ਕੈਨੇਡਾ ’ਚ ਸਥਾਪਤ ਕੀਤੇ ਜਾਣਗੇ, ਜਿਸ ਨਾਲ ਟਰਾਂਸਪੋਰਟੇਸ਼ਨ ਕੰਪਨੀਆਂ ਨੂੰ ਆਪਣੀਆਂ ਵਸਤਾਂ ਇੱਧਰੋਂ-ਉਧਰ ਲਿਜਾਣ ਲਈ ਸਾਫ਼-ਸੁਥਰੇ ਬਦਲ ਮਿਲਣਗੇ।

ਇਲੈਕਟਿ੍ਰਕ ਵਹੀਕਲ (ਈ.ਵੀ.) ਅਤੇ ਬਦਲਵੇਂ ਫ਼ਿਊਲ ਦੇ ਮੁਢਲੇ ਢਾਂਚੇ ਦੀ ਪਹੁੰਚ ਵਧਾਉਣ ਲਈ ਸਰਕਾਰ ਨੇ 600 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ’ਚ ਕੋਸਟ-ਟੂ-ਕੋਸਟ ਫ਼ਾਸਟ ਚਾਰਜਰਾਂ ਦਾ ਨੈੱਟਵਰਕ ਸਥਾਪਤ ਕਰਨਾ ਅਤੇ ਅਜਿਹੇ ਇਲਾਕਿਆਂ ’ਚ ਚਾਰਜਰ ਸਥਾਪਤ ਕਰਨਾ ਸ਼ਾਮਲ ਹੈ ਜਿੱਥੇ ਕੈਨੇਡੀਆਈ ਲੋਕ ਰਹਿੰਦੇ ਹਨ, ਕੰਮ ਕਰਦੇ ਹਨ ਅਤੇ ਖੇਡਦੇ ਹਨ। ਇਹ ਨਿਵੇਸ਼ ਪ੍ਰਮੁੱਖ ਫ਼ਰੇਟ ਕੋਰੀਡੋਰਸ ਨੇੜੇ ਕੁਦਰਤੀ ਗੈਸ ਰੀਫ਼ਿਊਲਿੰਗ ਸਟੇਸ਼ਨ ਸਥਾਪਤ ਕਰਨ, ਮੈਟਰੋਪੋਲੀਟਨ ਕੇਂਦਰਾਂ ’ਚ ਹਾਈਡ੍ਰੋਜਨ ਸਟੇਸ਼ਨ ਸਥਾਪਤ ਕਰਨ, ਅਗਲੀ ਪੀੜ੍ਹੀ ਦੀ ਚਾਰਜਿੰਗ ਤਕਨਾਲੋਜੀ ਦਾ ਪ੍ਰਦਰਸ਼ਨ ਅਤੇ ਕੋਡ ਤੇ ਮਾਨਕ ਵਿਕਸਤ ਕਰਨ ਲਈ ਹੋਵੇਗਾ। ਕੈਨੇਡੀਅਨ ਗ੍ਰਾਹਕਾਂ ਨੂੰ ਈ.ਵੀ. ਖ਼ਰੀਦਣ ਲਈ ਸਰਕਾਰ 5,000 ਡਾਲਰ ਤਕ ਦੀ ਮੱਦਦ ਦਿੰਦੀ ਹੈ ਅਤੇ ਅਜਿਹੀਆਂ ਗੱਡੀਆਂ ਖ਼ਰੀਦਣ ਵਾਲੇ ਕਾਰੋਬਾਰਾਂ ਦਾ ਟੈਕਸ ਮਾਫ਼ ਕਰ ਦਿੱਤਾ ਜਾਂਦਾ ਹੈ।