ਉੱਤਰੀ ਸਰੀ ‘ਚ 30 ਮਿਲੀਅਨ ਡਾਲਰ ਦੀ ਕੀਮਤ ਨਾਲ ਬਣੇਗੀ ਟਰੱਕ ਪਾਰਕਿੰਗ

Avatar photo

ਉੱਤਰੀ ਸਰੀ, ਬ੍ਰਿਟਿਸ਼ ਕੋਲੰਬੀਆ ‘ਚ ਇਸ ਮਹੀਨੇ ਇੱਕ ਨਵੀਂ ਟਰੱਕ ਪਾਰਕਿੰਗ ਸਹੂਲਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ 30 ਮਿਲੀਅਨ ਡਾਲਰ ਦੇ ਪ੍ਰਾਜੈਕਟ ਦਾ ਹਿੱਸਾ ਹੈ ਜਿਸ ਲਈ ਪੈਸਾ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਮਿਲ ਕੇ ਦੇਣਗੇ।

ਪੋਰਟ ਮੈਨ ਬਰਿੱਜ ਦੇ ਹੇਠਾਂ ਅਤੇ ਪੂਰਬ ਵਾਲੇ ਪਾਸੇ ਹਾਈਵੇ 17 ਦੀ ਉੱਤਰ ਦਿਸ਼ਾ ‘ਚ ਸਥਿਤ ਪ੍ਰੋਵਿੰਸ਼ੀਅਲ ਮਲਕੀਅਤ ਵਾਲੀ ਜ਼ਮੀਨ ‘ਤੇ ਬਣੀ ਇਸ ਪਾਰਕਿੰਗ ‘ਚ 100 ਟਰੱਕ ਖੜ੍ਹਾਉਣ ਲਈ ਥਾਂ ਹੋਵੇਗੀ, ਜਿਸ ਨਾਲ ਪਖਾਨੇ, ਫ਼ੈਂਸਿੰਗ, ਰੌਸ਼ਨੀ ਅਤੇ ਹੋਰ ਸੁਰੱਖਿਆ ਦੀਆਂ ਸਹੂਲਤਾਂ ਵੀ ਮਿਲਣਗੀਆਂ।

ਜੈਕਬ ਬ੍ਰਦਰਜ਼ ਕੰਸਟਰੱਕਸ਼ਨ ਨੂੰ ਇਸ ਦੀ ਉਸਾਰੀ ਲਈ ਪਹਿਲੇ ਪੜਾਅ ਲਈ 4.97 ਮਿਲੀਅਨ ਡਾਲਰ ਦਾ ਠੇਕਾ ਦਿੱਤਾ ਗਿਆ ਹੈ, ਜਿਸ ‘ਚ ਉਸਾਰੀ ਅਤੇ ਹਾਈਵੇ 17 ‘ਤੇ ਟਰੈਫ਼ਿਕ ਸਿਗਨਲ ਨਾਲ ਇੰਟਰਸੈਕਸ਼ਨ ਵੀ ਸ਼ਾਮਲ ਹੋਵੇਗਾ।

ਪਾਰਕਿੰਗ ਅਤੇ ਸੰਬੰਧਤ ਸਹੂਲਤਾਂ ਦੀ ਉਸਾਰੀ ਪ੍ਰਾਜੈਕਟ ਦੇ ਦੂਜੇ ਪੜਾਅ ‘ਚ ਹੋਵੇਗੀ, ਜੋ ਕਿ 2021 ਤਕ ਮੁਕੰਮਲ ਕੀਤੀ ਜਾਵੇਗੀ।

ਬੀ.ਸੀ. ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੇਵ ਅਰਲ ਨੇ ਇਸ ਐਲਾਨ ਦੀ ਤਾਰੀਫ਼ ਕੀਤੀ ਹੈ।

ਉਨ੍ਹਾਂ ਨੇ ਸੰਬੰਧਤ ਪ੍ਰੈੱਸ ਰਿਲੀਜ਼ ‘ਚ ਕਿਹਾ, ”ਵੱਡੇ ਟਰਾਂਸਪੋਰਟ ਟਰੱਕਾਂ ਲਈ ਸੁਯੋਗ ਪਾਰਕਿੰਗ ਲੱਭਣਾ ਅਕਸਰ ਮੁਸ਼ਕਲ ਕੰਮ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਸਹੂਲਤਾਂ ਸਾਡੇ ਮੈਂਬਰਾਂ ਦਾ ਕੰਮ ਕੁੱਝ ਆਸਾਨ ਕਰ ਦਿੰਦੀਆਂ ਹਨ, ਜਦੋਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਆਰਾਮ ਕਰਨ ਵੇਲੇ ਉਨ੍ਹਾਂ ਕੋਲ ਪਾਰਕਿੰਗ ਲਈ ਢੁਕਵੀਂ ਥਾਂ ਹੈ।”

ਕੈਨੇਡਾ ਸਰਕਾਰ ਉੱਤਰੀ ਸਰੀ ਟਰੱਕਿੰਗ ਪਾਰਕਿੰਗ ਫ਼ੈਸਿਲਿਟੀ ਲਈ 13 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗੀ, ਬਾਕੀ 17 ਮਿਲੀਅਨ ਡਾਲਰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਆਉਣਗੇ। ਫ਼ੈਡਰਲ ਸਰਕਾਰ ਵੱਲੋਂ ਇਹ ਨਿਵੇਸ਼ 108.9 ਮਿਲੀਅਨ ਦੇ ਟਰਾਂਸ-ਕੈਨੇਡਾ ਹਾਈਵੇ-1 ਭੀੜ-ਭੜੱਕੇ ਵਾਲੀ ਗੱਡੀਆਂ ਦੀ ਲੇਨ ਦੇ ਵਿਸਤਾਰ ਦੇ ਪ੍ਰਾਜੈਕਟ ਦਾ ਹਿੱਸਾ ਹੈ।

ਬ੍ਰਿਟਿਸ਼ ਕੋਲੰਬੀਆ ਦੀ ਟਰਾਂਸਪੋਰਟੇਸ਼ਨ ਅਤੇ ਮੁਢਲਾ-ਢਾਂਚਾ ਮੰਤਰੀ ਕਲੇਅਰ ਟਰੇਵੇਨਾ ਨੇ ਕਿਹਾ, ”ਇਹ ਫ਼ੈਸਿਲਿਟੀ ਕਮਰਸ਼ੀਅਲ ਵਹੀਕਲ ਦੀ ਪਾਰਕਿੰਗ ਲਈ ਥਾਂ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮੱਦਦ ਕਰੇਗੀ।”

ਐਮ.ਪੀ. ਕੇਨ ਹਾਰਡੀ ਨੇ ਕਿਹਾ, ”ਨਵੀਂ ਪਾਰਕਿੰਗ ਇਹ ਯਕੀਨੀ ਕਰੇਗੀ ਕਿ ਉੱਤਰੀ ਸਰੀ ‘ਚ ਟਰੱਕ ਡਰਾਈਵਰਾਂ ਕੋਲ ਕਾਰੋਬਾਰਾਂ ਅਤੇ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਵਸਤਾਂ ਦੀ ਢੋਆ-ਢੁਆਈ ਦੌਰਾਨ ਆਰਾਮ ਕਰਨ ਲਈ ਸੁਰੱਖਿਅਤ ਥਾਂ ਹੈ।”

ਪ੍ਰੋਵਿੰਸ ਨੇ ਕਿਹਾ ਹੈ ਕਿ ਨਵੇਂ ਇੰਟਰਸੈਕਸ਼ਨ ਦੇ ਕੰਮ ਕਰਕੇ ਹਾਈਵੇ-17 ਦੀ ਉਸਾਰੀ ਪਿੱਛੇ ਪੈ ਸਕਦੀ ਹੈ।