ਐਫ਼.ਪੀ. ਇਨੋਵੇਸ਼ਨਜ਼ ਪਹਿਲੀ ਈ.ਐਲ.ਡੀ. ਸਰਟੀਫ਼ੀਕੇਸ਼ਨ ਸੰਸਥਾ ਵਜੋਂ ਨਾਮਜ਼ਦ

Avatar photo

ਐਫ਼.ਪੀ. ਇਨੋਵੇਸ਼ਨਜ਼ ਅਜਿਹੀ ਪਹਿਲੀ ਸੰਸਥਾ ਬਣ ਜਾਵੇਗੀ ਜੋ ਕਿ ਇਲੈਕਟ੍ਰਾਨਿਕ ਲਾਗਿੰਗ ਡਿਵਾਈਸਿਜ਼ (ਈ.ਐਲ.ਡੀਜ਼) ਦਾ ਪ੍ਰਮਾਣਨ ਕਰ ਸਕੇਗੀ। ਕੈਨੇਡਾ ਇਸ ਤਕਨਾਲੋਜੀ ਨੂੰ ਸਰਕਾਰੀ ਹਦਾਇਤਾਂ ਹੇਠ ਲਿਆ ਰਿਹਾ ਹੈ।

ਫ਼ੈਡਰਲ ਪੱਧਰ ‘ਤੇ ਰੈਗੂਲੇਟਡ ਟਰੱਕਾਂ ‘ਚ ਈ.ਐਲ.ਡੀ. ਜੂਨ 2021 ਤੋਂ ਬਾਅਦ ਲਾਜ਼ਮੀ ਹੋਵੇਗਾ। (ਤਸਵੀਰ: ਓਮਨੀਟਰੈਕਸ)

ਫ਼ੈਡਰਲ ਸਰਕਾਰ ਅਧੀਨ ਕੰਮ ਕਰਨ ਵਾਲੇ ਕੈਰੀਅਰਾਂ ਨੂੰ 12 ਜੂਨ, 2021 ਤੋਂ ਆਪਣੇ ਟਰੱਕਾਂ ‘ਚ ਲਾਜ਼ਮੀ ਤੌਰ ‘ਤੇ ਈ.ਐਲ.ਡੀ. ਲਗਾਉਣਾ ਹੋਵੇਗਾ।

ਅਮਰੀਕੀ ਰੈਗੂਲੇਟਰ ਭਾਵੇਂ ਸਪਲਾਈਕਰਤਾਵਾਂ ਨੂੰ ਆਪਣੇ ਉਪਕਰਨ ਖ਼ੁਦ ਹੀ ਇਹ ਪ੍ਰਮਾਣਿਤ ਕਰਨ ਦੀ ਇਜਾਜ਼ਤ ਦਿੰਦੇ ਹਨ ਕਿ ਉਹ ਸਥਾਪਤ ਤਕਨੀਕੀ ਮਾਨਕਾਂ ਨੂੰ ਪੂਰਾ ਕਰਦੇ ਹਨ, ਪਰ ਟਰਾਂਸਪੋਰਟ ਕੈਨੇਡਾ ‘ਚ ਇਸ ਕੰਮ ਲਈ ਤੀਜੀ-ਧਿਰ ਸਰਟੀਫ਼ਿਕੇਸ਼ਨ ਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਪਕਰਨਾਂ ਨਾਲ ਛੇੜਛਾੜ ਨਹੀਂ ਹੋ ਸਕਦੀ।

ਐਫ਼.ਪੀ. ਇੰਨੋਵੇਸ਼ਨਜ਼ ਦੇ ਸੀਨੀਅਰ ਡਾਇਰੈਕਟਰ – ਫ਼ਾਈਬਰ ਸਪਲਾਈ ਇਨੋਵੇਸ਼ਨ ਸੈਂਟਰ ਆਫ਼ ਐਕਸੀਲੈਂਸ, ਗਲੇਨ ਲੈਗਰੀ ਨੇ ਕਿਹਾ ਕਿ ਪ੍ਰਮਾਣਨ ਪ੍ਰਕਿਰਿਆ ‘ਬਹੁਤ ਸਖ਼ਤ’ ਹੈ।

ਉਨ੍ਹਾਂ ਕਿਹਾ, ”ਅਸੀਂ ਇਨ੍ਹਾਂ ਉਪਕਰਨਾਂ ਦੀ ਜਾਂਚ ਕਰਨ ‘ਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਪੱਧਤੀ ਅਨੁਸਾਰ ਤਸਦੀਕ ਨਤੀਜੇ ਦਰਸਾਏ। ਐਫ਼.ਪੀ. ਇਨੋਵੇਸ਼ਨਜ਼ ਇਲੈਕਟ੍ਰਾਨਿਕ ਲਾਗਿੰਗ ਡਿਵਾਈਸ ਬਾਰੇ ਜਾਰੀ ਹਦਾਇਤ ਦੀ ਮਹੱਤਤਾ ਨੂੰ ਸਮਝਦਾ ਹੈ ਅਤੇ ਅਸੀਂ ਕੈਨੇਡਾ ‘ਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਉਪਕਰਨਾਂ ਨੂੰ ਪ੍ਰਮਾਣਤ ਕਰਨ ਦੀ ਚੁਨੌਤੀ ਮਨਜ਼ੂਰ ਕਰਨ ਲਈ ਤਿਆਰ ਅਤੇ ਵਚਨਬੱਧ ਹਾਂ। ਐਫ਼.ਪੀ. ਇਨੋਵੇਸ਼ਨਜ਼ ਛੇਤੀ ਹੀ ਇਸ ਬਾਰੇ ਹਦਾਇਤਾਂ ਜਾਰੀ ਕਰੇਗਾ ਕਿ ਕਿਸ ਤਰ੍ਹਾਂ ਇਲੈਕਟ੍ਰਾਨਿਕ ਲਾਗਿੰਗ ਡਿਵਾਈਸਿਜ਼ ਪ੍ਰੋਵਾਈਡਰ ਆਪਣੇ ਉਪਕਰਨ ਨੂੰ ਪ੍ਰਮਾਣਤ ਕਰਵਾਉਣ ਲਈ ਬਿਨੈ ਕਰ ਸਕਦੇ ਹਨ।”

ਐਫ਼.ਪੀ. ਇਨੋਵੇਸ਼ਨ ਟਰਾਂਸਪੋਰਟੇਸ਼ਨ ਰੀਸਰਚ ਗਰੁੱਪ ਨੇ ਪਹਿਲਾਂ ਹੀ ਇੱਕ ਬਦਲਵੀਂ ਸੇਵਾ ਸਥਾਪਤ ਕੀਤੀ ਹੋਈ ਹੈ ਜੋ ਕਿ ਇਹ ਯਕੀਨੀ ਕਰਨ ਲਈ ਪ੍ਰਯੋਗ ਕੀਤੀ ਜਾ ਸਕਦੀ ਹੈ ਕਿ ਉਪਕਰਨ ਅਮਰੀਕਾ ਦੇ ਤਕਨੀਕੀ ਮਾਨਕਾਂ ਨੂੰ ਵੀ ਪੂਰਾ ਕਰਨ।

ਕੇਂਦਰੀ ਟਰਾਂਸਪੋਰਟ ਮੰਤਰੀ ਮਾਰਕ ਗਾਰਨੋ ਨੇ ਕਿਹਾ, ”ਮੈਨੂੰ ਉਮੀਦ ਹੈ ਕਿ ਨੇੜ ਭਵਿੱਖ ‘ਚ ਹੋਰ ਕੰਪਨੀਆਂ ਪ੍ਰਮਾਣਨ ਲਈ ਮਾਨਤਾ ਪ੍ਰਾਪਤ ਕਰਨਗੀਆਂ। ਇਲੈਕਟ੍ਰਾਨਿਕ ਡਿਵਾਇਸ ਸਰਟੀਫ਼ਿਕੇਸ਼ਨ ਦੀ ਸ਼ੁਰੂਆਤ ਕੈਨੇਡਾ ‘ਚ ਸੜਕ ਸੁਰੱਖਿਆ ਬਿਹਤਰ ਕਰਨ ਦੀ ਦਿਸ਼ਾ ‘ਚ ਵੱਡਾ ਮੀਲ ਦਾ ਪੱਥਰ ਸਾਬਤ ਹੋਵੇਗਾ, ਜਦੋਂ ਇਹ ਉਪਕਰਨ ਕਮਰਸ਼ੀਅਲ ਗੱਡੀਆਂ ‘ਚ ਸਥਾਪਤ ਹੋ ਜਾਣਗੇ।”

.ਐਲ.ਡੀ. ਦੇ ਲਾਭ

ਟਰਾਂਸਪੋਰਟ ਕੈਨੇਡਾ ਦੇ ਅੰਦਾਜ਼ੇ ਅਨੁਸਾਰ ਲਾਜ਼ਮੀ ਈ.ਐਲ.ਡੀ. ਥਕੇਵੇਂ ਨਾਲ ਸੰਬੰਧਤ ਟੱਕਰਾਂ ਨੂੰ ਲਗਭਗ 10% ਤਕ ਘੱਟ ਕਰ ਦੇਣਗੇ, ਜਦਕਿ ਇਸ ਨਾਲ ਰੋਜ਼ਾਨਾ ਪੇਪਰ ਲਾਗ ਵਰਗਾ ਪ੍ਰਸ਼ਾਸਕੀ ਬੋਝ ਵੀ ਘੱਟ ਹੋਵੇਗਾ ਅਤੇ ਨਿਯਮਾਂ ਦੀ ਪਾਲਣਾ ਤਸਦੀਕ ਕਰਨ ਬਾਰੇ ਇਨਫ਼ੋਰਸਮੈਂਟ ਅਫ਼ਸਰਾਂ ਦਾ ਲੱਗਣ ਵਾਲਾ ਸਮਾਂ ਵੀ ਘੱਟ ਹੋਵੇਗਾ।

ਇਹ ਖ਼ਬਰ ਜਾਰੀ ਹੋਣ ਮਗਰੋਂ ਤੁਰੰਤ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਤੇ ਟੀਮਸਟਰ ਕੈਨੇਡਾ ਨੇ ਇਸ ਦੀ ਤਾਰੀਫ਼ ਕੀਤੀ ਹੈ।

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲਾਸਕੋਅਸਕੀ ਨੇ ਕਿਹਾ, ”ਈ.ਐਲ.ਡੀ. ਤਸਦੀਕ ਕਰਨ ਦੀ ਪ੍ਰਕਿਰਿਆ ਲਗਭਗ ਤਿੰਨ ਤੋਂ ਚਾਰ ਹਫ਼ਤੇ ਲੈ ਸਕਦੀ ਹੈ। ਸਾਰੇ ਸਿਸਟਮ ਸੇਵਾ ਦੇ ਘੰਟੇ ਨਿਯਮ ਦੀ ਤਾਮੀਲੀ ਦਾ ਨਵਾਂ ਯੁਗ ਸ਼ੁਰੂ ਕਰਨ ਲਈ ਬਣਾਏ ਗਏ ਹਨ ਜੋ ਕਿ ਜੂਨ, 2021 ‘ਚ ਸ਼ੁਰੂ ਹੋਵੇਗਾ, ਜਿਸ ਹੇਠ ਅੰਤਰ-ਪ੍ਰੋਵਿੰਸ਼ੀਅਲ ਅਤੇ ਇੰਟਰਨੈਸ਼ਨਲ ਟਰੇਡ ‘ਚ ਲੱਗਾ ਕੈਨੇਡੀਅਨ ਟਰੱਕਿੰਗ ਉਦਯੋਗ ਸ਼ਾਮਲ ਹੈ।”

ਪ੍ਰੋਵਿੰਸ ਅਤੇ ਟੈਰੀਟੋਰੀਜ਼ ਨੂੰ ਅਜੇ ਵੀ ਇਹ ਪਛਾਣ ਕਰਨ ਦੀ ਜ਼ਰੂਰਤ ਹੈ ਕਿ ਕੀ ਅਜਿਹੇ ਟਰੱਕਾਂ ‘ਚ ਈ.ਐਲ.ਡੀ. ਲਾਉਣ ਦੀ ਜ਼ਰੂਰਤ ਹੈ ਜੋ ਉਨ੍ਹਾਂ ਦੀਆਂ ਹੱਦਾਂ ਅੰਦਰ ਹੀ ਰਹਿੰਦੇ ਹਨ।

ਇਸ ਦੌਰਾਨ ਟੀਮਸਟਰ ਕੈਨੇਡਾ ਲਾਗੂ ਹੋਣ ਜਾ ਰਹੀ ਹਦਾਇਤ ਨੂੰ ਬਿਹਤਰ ਸੁਰੱਖਿਆ ਦੇ ਲਾਭ ਵਜੋਂ ਵੇਖਦੀ ਹੈ।

ਟੀਮਸਟਰ ਕੈਨੇਡਾ ਦੇ ਪ੍ਰੈਜ਼ੀਡੈਂਟ ਫਰਾਂਸੁਆ ਲਾਪੋਰਟੇ ਨੇ ਕਿਹਾ, ”ਅਸੀਂ ਹੁਣ ਅਜਿਹੇ ਭਵਿੱਖ ਤੋਂ ਇੱਕ ਕਦਮ ਹੋਰ ਨੇੜੇ ਹੋ ਗਏ ਹਾਂ ਜਿੱਥੇ ਸਾਰੀਆਂ ਟਰੱਕਿੰਗ ਕੰਪਨੀਆਂ ਲਈ ਸਮਾਨ ਨਿਯਮ ਹੁੰਦੇ ਹਨ ਅਤੇ ਸੁਰੱਖਿਆ ਨੂੰ ਪਹਿਲ ਮਿਲਦੀ ਹੈ। ਤੀਜੀ ਧਿਰ ਵੱਲੋਂ ਤਸਦੀਕ ਈ.ਐਲ.ਡੀ. ਸੇਵਾ ਦੇ ਘੰਟੇ ਨਿਯਮ ਨੂੰ ਲਾਗੂ ਕਰਨ ‘ਚ ਮੱਦਦ ਕਰੇਗੀ ਜੋ ਕਿ ਡਰਾਈਵਰ ਦੇ ਥਕੇਵੇਂ, ਹਾਦਸਿਆਂ ਤੋਂ ਬਚਣ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਬਣਾਇਆ ਗਿਆ ਹੈ।”

ਪਰ ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਦੇ ਮਾਈਕ ਮਿਲੀਅਨ ਅਜੇ ਵੀ ਸਮਾਂ ਸੀਮਾ ਬਾਰੇ ਸਵਾਲ ਚੁੱਕ ਰਹੇ ਹਨ।

ਉਨ੍ਹਾਂ ਕਿਹਾ, ”ਅਸੀਂ ਇਹ ਸੁਣ ਕੇ ਖ਼ੁਸ਼ ਹਾਂ ਕਿ ਆਖ਼ਰ ਅਸੀਂ ਰੈਗੂਲੇਸ਼ਨ ਦੇ ਇਸ ਪੜਾਅ ‘ਤੇ ਪਹੁੰਚ ਗਏ ਹਾਂ ਅਤੇ ਇਹ ਸਾਕਾਰਾਤਮਕ ਗੱਲ ਹੈ ਕਿ ਸਾਡੇ ਕੋਲ ਹੁਣ ਮਨਜ਼ੂਰਸ਼ੁਦਾ ਤੀਜੀ-ਧਿਰ ਸਰਟੀਫ਼ੀਕੇਸ਼ਨ ਸੰਸਥਾ ਹੈ। ਪਰ ਇਸ ਨਾਲ ਸਾਡਾ ਇਹ ਮਤ ਨਹੀਂ ਬਦਲ ਜਾਂਦਾ ਕਿ ਸਮਾਂ ਸੀਮਾ ਬਾਰੇ ਅਜੇ ਵੀ ਸਾਡੇ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਕਿਉਂਕਿ 12 ਜੂਨ ਦੀ ਆਖ਼ਰੀ ਮਿਤੀ ਤਕ ਸਿਰਫ਼ ਸਾਢੇ ਕੁ ਸੱਤ ਮਹੀਨੇ ਹੀ ਬਚੇ ਹਨ।”

ਉਨ੍ਹਾਂ ਕਿਹਾ ਕਿ ਸਰਟੀਫ਼ੀਕੇਸ਼ਨ ਪ੍ਰਕਿਰਿਆ ਚਾਰ ਤੋਂ ਛੇ ਹਫ਼ਤਿਆਂ ਤਕ ਦਾ ਸਮਾਂ ਲਵੇਗੀ, ਇਸ ਨਾਲ ਫ਼ਲੀਟਸ ਨੂੰ ਤਸਦੀਕਸ਼ੁਦਾ ਉਪਕਰਨਾਂ ਦੀ ਸੂਚੀ ‘ਤੇ ਕੰਮ ਕਰਨ ਲਈ ਛੇ ਮਹੀਨਿਆਂ ਤੋਂ ਘੱਟ ਦਾ ਸਮਾਂ ਮਿਲੇਗਾ।

”ਇਸ ਤੋਂ ਸਾਡਾ ਇਹ ਵਿਚਾਰ ਨਹੀਂ ਬਦਲੇਗਾ ਕਿ ਅਸੀਂ ਅਜੇ ਵੀ ਇਸ ਦੀ ਤਾਮੀਲ ‘ਚ ਦੇਰੀ ਵੇਖ ਸਕਦੇ ਹਾਂ।”

ਰੈਗੂਲੇਟਰਾਂ ਨੇ ਰੋਡ ਟੂਡੇ ਨੂੰ ਕਈ ਵਾਰ ਕਿਹਾ ਹੈ ਕਿ ਈ.ਐਲ.ਡੀ. ਲਾਗੂ ਕਰਨ ਦੀ ਮਿਤੀ 12 ਜੂਨ, 2021 ਤੋਂ ਹੋਰ ਦੇਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਈ.ਐਲ.ਡੀ. ਦੀ ਹਦਾਇਤ ਸਸਕੈਚਵਨ ਕੋਰੋਨਰਸ ਸਰਵਿਸ ਦੀ ਸਲਾਹ ਨੂੰ ਵੀ ਲਾਗੂ ਕਰਦੀ ਹੈ, ਜੋ ਕਿ ਹਮਬੋਲਟਡ ਬਰੋਂਕਸ ਹਾਕੀ ਟੀਮ ਦੇ ਮੈਂਬਰਾਂ ਨੂੰ ਲਿਜਾ ਰਹੀ ਬੱਸ ਹਾਦਸੇ ‘ਚ ਕਈ ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਜਾਰੀ ਕੀਤੀ ਗਈ ਸੀ।

ਇਸ ਕਦਮ ਨੂੰ ਸਟੈਂਡਰਡਸ ਕੌਂਸਲ ਆਫ਼ ਕੈਨੇਡਾ ਦੇ ਸੀ.ਈ.ਓ. ਸੈਂਟਲ ਗੁਏ ਨੇ ਸੁਰੱਖਿਆ ਨੂੰ ਬਿਹਤਰ ਕਰਨ ਦੀ ਦਿਸ਼ਾ ‘ਚ ‘ਮਹੱਤਵਪੂਰਨ ਕਦਮ’ ਦੱਸਿਆ ਹੈ ਅਤੇ ਕੌਂਸਲ, ਟਰਾਂਸਪੋਰਟ ਕੈਨੇਡਾ ਅਤੇ ਉਦਯੋਗ ਨਾਲ ਇਕੋ ਜਿਹੀ ਭਾਗੀਦਾਰੀ ਦੀ ਉਮੀਦ ਕੀਤੀ ਹੈ।

ਗੁਏ ਨੇ ਕਿਹਾ, ”ਇਹ ਮਹੱਤਵਪੂਰਨ ਮੀਲ ਦਾ ਪੱਥਰ ਕੈਨੇਡਾ ਦੇ ਸਿਹਤ ਅਤੇ ਸੁਰੱਖਿਆ ਬਾਰੇ ਮਾਨਕੀਕ੍ਰਿਤ ਸਿਸਟਮ ਦੇ ਕੁਲ ਮਿਲਾ ਕੇ ਸਾਕਾਰਾਤਮਕ ਅਸਰ ਦਾ ਉਦਾਹਰਣ ਹੈ।”

ਫ਼ੈਡਰਲ ਪੱਧਰ ‘ਤੇ ਰੈਗੂਲੇਟਡ ਟਰੱਕਾਂ ‘ਚ ਈ.ਐਲ.ਡੀ. ਜੂਨ 2021 ਤੋਂ ਬਾਅਦ ਲਾਜ਼ਮੀ ਹੋਵੇਗਾ। (ਤਸਵੀਰ: ਓਮਨੀਟਰੈਕਸ)