ਓਂਟਾਰੀਓ ‘ਚ ਟੋਰਾਂਟੋ ਅਤੇ ਪੀਲ ਖੇਤਰ ਲਈ ਰੋਡ ਟੈਸਟ ਰੱਦ

Avatar photo

ਕੋਵਿਡ-19 ਵਿਰੁੱਧ ਜੰਗ ‘ਚ ਲਾਕਡਾਊਨ ਲਾਗੂ ਕਰਨ ਵਜੋਂ ਓਂਟਾਰੀਓ ਨੇ ਟਰੱਕ ਡਰਾਈਵਰ ਬਣਨ ਦੇ ਇੱਛਾਵਾਨਾਂ ਲਈ ਗੱਡੀਆਂ ਅੰਦਰ ਬੈਠ ਕੇ ਹੋਣ ਵਾਲੇ ਰੋਡ ਟੈਸਟ ‘ਤੇ ਪਾਬੰਦੀ ਲਾ ਦਿੱਤੀ ਹੈ।

ਇਹ ਰੱਦ ਕਰਨ ਦੀ ਕਾਰਵਾਈ ਤੁਰੰਤ ਬਰੈਂਪਟਨ, ਡਾਊਨਸਵਿਊ, ਇਟੋਬੀਕੋ, ਮੈਟਰੋ ਈਸਟ, ਮਿਸੀਸਾਗਾ ਅਤੇ ਪੋਰਟ ਯੂਨੀਅਨ ਡਰਾਈਵ ਟੈਸਟ ਸੈਂਟਰਾਂ ‘ਤੇ ਲਾਗੂ ਹੋਵੇਗੀ।

(ਤਸਵੀਰ: ਓਂਟਾਰੀਓ ਆਵਾਜਾਈ ਮੰਤਰਾਲਾ)

ਰੋਡ ਟੈਸਟਾਂ ਨੂੰ ਬਗ਼ੈਰ ਕਿਸੇ ਜੁਰਮਾਨੇ ਤੋਂ ਰੱਦ ਕੀਤਾ ਜਾ ਰਿਹਾ ਹੈ, ਪਰ ਪ੍ਰਭਾਵਤ ਇਲਾਕਿਆਂ ਦੇ ਵਾਸੀ ਹੋਰਨਾਂ ਖੇਤਰਾਂ ‘ਚ ਵੀ 30 ਨਵੰਬਰ ਤੋਂ ਡਰਾਈਵ ਟੈਸਟ ਸੈਂਟਰਾਂ ‘ਚ ਰੋਡ ਟੈਸਟ ਲਈ ਬਿਨੈ ਨਹੀਂ ਕਰ ਸਕਣਗੇ। ਜੇਕਰ ਲਾਕਡਾਊਨ ਵਾਲੇ ਇਲਾਕੇ ਦੇ ਕਿਸੇ ਵਾਸੀ ਨੇ ਕਿਸੇ ਹੋਰ ਖੇਤਰ ‘ਚ ਰੋਡ ਟੈਸਟ ਬੁੱਕ ਕੀਤਾ ਹੈ ਤਾਂ ਉਸ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ।

ਟੋਰਾਂਟੋ ਅਤੇ ਪੀਲ ‘ਚ ਜਾਣਕਾਰੀ ਬਾਰੇ ਟੈਸਟਾਂ ਲਈ ਇਨਡੋਰ ਸੇਵਾਵਾਂ ਨੂੰ ਕੋਵਿਡ-19 ਨਾਲ ਸੰਬੰਧਤ ਕੁੱਝ ਬੰਦਿਸ਼ਾਂ ਸਮੇਤ ਚਾਲੂ ਰੱਖਿਆ ਗਿਆ ਹੈ।

ਓਂਟਾਰੀਓ ਦੇ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਇੱਕ ਸੰਬੰਧਤ ਪ੍ਰੈੱਸ ਰਿਲੀਜ਼ ‘ਚ ਕਿਹਾ, ”ਸਾਨੂੰ ਪਤਾ ਹੈ ਕਿ ਇਨ੍ਹਾਂ ਫ਼ੈਸਲਿਆਂ ਨਾਲ ਕੁੱਝ ਲੋਕਾਂ ਨੂੰ ਰੋਡ ਟੈਸਟ ਦੇਣ ਲਈ ਜ਼ਿਆਦਾ ਸਮਾਂ ਉਡੀਕ ਕਰਨੀ ਪਵੇਗੀ। ਹਾਲਾਂਕਿ ਇਨ੍ਹਾਂ ਅਣਕਿਆਸੇ ਸਮਿਆਂ ‘ਚ ਸਾਡੀ ਪਹਿਲ ਲੋਕਾਂ ਦੀ, ਪਰਿਵਾਰਾਂ ਦੀ ਅਤੇ ਕਿਰਤੀਆਂ ਦੀ ਸਿਹਤ ਅਤੇ ਸੁਰੱਖਿਆ ਹੈ।”

ਜਿਨ੍ਹਾਂ ਦਾ ਰੋਡ ਟੈਸਟ ਰੱਦ ਹੋਇਆ ਹੈ ਉਨ੍ਹਾਂ ਨੂੰ ਫ਼ੀਸ ਦਾ ਕ੍ਰੈਡਿਟ ਮਿਲੇਗਾ ਅਤੇ ਜਦੋਂ ਖੇਤਰ ‘ਚ ਕੋਵਿਡ-19 ਦੀ ਚੇਤਾਵਨੀ ਦਾ ਪੱਧਰ ਘੱਟ ਜਾਵੇਗਾ ਤਾਂ ਟੈਸਟਾਂ ਨੂੰ ਮੁੜ ਬੁੱਕ ਕੀਤਾ ਜਾ ਸਕੇਗਾ। ਮੌਜੂਦਾ ਲੌਕਡਾਊਨ 28 ਦਿਨਾਂ ਲਈ ਚਲ ਰਿਹਾ ਹੈ।

ਟਰੱਕੈਡਮੀ ਕੈਨੇਡਾ ਦੀ ਮੀਨਾਕਸ਼ੀ ਵਾਲੀਆ ਨੇ ਕਿਹਾ ਕਿ ਮਿਸੀਸਾਗਾ-ਅਧਾਰਤ ਸਿਖਲਾਈ ਸਕੂਲ ਇਸ ਨਾਲ ਸੰਬੰਧਤ ਸਵਾਲਾਂ ਲਈ ਜਵਾਬਾਂ ਦੀ ਕਮੀ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ, ”ਜਦੋਂ ਅਸੀਂ ਮੰਤਰਾਲੇ ‘ਚ ਫ਼ੋਨ ਕਰਦੇ ਹਾਂ ਤਾਂ ਉਹ ਕਹਿੰਦੇ ਹਨ ‘ਜਨਤਕ ਸਿਹਤ ਦੇ ਲੋਕਾਂ ਨੂੰ ਕਾਲ ਕਰੋ’।” ਜਨਤਕ ਸਿਹਤ ਦੇ ਮੁਲਾਜ਼ਮ ਵੀ ਕੋਈ ਮੱਦਦ ਨਹੀਂ ਕਰਦੇ।

”ਸਾਡੇ ਕੋਲ ਕਈ ਵਿਦਿਆਰਥੀ ਸਨ, 10 ਜਾਂ 15 ਦਸੰਬਰ ਮਹੀਨੇ ‘ਚ ਰੋਡ ਟੈਸਟ ਦੀ ਉਡੀਕ ਕਰ ਰਹੇ ਸਨ ਲੇਕਿਨ ਸਾਰੇ ਰੱਦ ਹੋ ਗਏ।”

ਉਨ੍ਹਾਂ ਕਿਹਾ ਕਿ ਟੈਸਟਾਂ ਨੂੰ ਮੁੜ ਬੁੱਕ ਕਰਨ ਲਈ ਜ਼ਿਆਦਾਤਰ ਵਿਦਿਆਰਥੀਆਂ ਨੂੰ ਮੁੜ ਸਿਖਲਾਈ ਦੀ ਜ਼ਰੂਰਤ ਹੋਵੇਗੀ।

”ਇਸ ਦਾ ਮਾੜਾ ਅਸਰ ਪਵੇਗਾ, ਕਿਉਂਕਿ ਸਾਰੇ ਵਿਦਿਆਰਥੀਆਂ ਨੇ ਪਹਿਲਾਂ ਹੀ ਆਪਣੀ ਸਿਖਲਾਈ ਪੂਰੀ ਕਰ ਲਈ ਅਤੇ ਟੈਸਟ ਤਕ ਤਾਂ ਉਹ ਸਾਰਾ ਕੁੱਝ ਭੁੱਲ ਵੀ ਜਾਣਗੇ।”

ਮਾਰਚ 23 ਨੂੰ ਓਂਟਾਰੀਓ ਦੇ 56 ਡਰਾਈਵ ਟੈਸਟ ਸੈਂਟਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ 22 ਜੂਨ ਤੋਂ ਮੁੜ ਸਥਾਪਤ ਹੋਣੇ ਸ਼ੁਰੂ ਹੋਏ। ਪੂਰੀ ਸੇਵਾ ਨੂੰ 8 ਸਤੰਬਰ ਤਕ ਬਹਾਲ ਨਹੀਂ ਕੀਤਾ ਜਾ ਸਕਿਆ ਸੀ।

ਡਰਾਈਵ ਟੈਸਟ ਵਾਲੀਆਂ ਥਾਵਾਂ ‘ਤੇ ਵਿਦਿਆਰਥੀਆਂ ਨੂੰ ਮੂੰਹ ਢਕ ਕੇ ਆਉਣ ਅਤੇ ਸੜਕ ਟੈਸਟ ਦੌਰਾਨ ਬਿਲਡਿੰਗਾਂ ‘ਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨ, ਸਰੀਰ ਦਾ ਤਾਪਮਾਨ ਜਾਂਚਣ ਅਤੇ ਸਿਹਤ ਸੰਬੰਧੀ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ। ਇਮਤਿਹਾਨ ਲੈਣ ਵਾਲਿਆਂ ਨੂੰ ਫ਼ੇਸ ਸ਼ੀਲਡ, ਸੈਨੇਟਾਈਜ਼ਰ ਪੈਕੇਜ ਅਤੇ ਸੀਟ ਕਵਰ ਲਾਉਣ ਲਈ ਕਿਹਾ ਗਿਆ ਸੀ।

ਟੈਸਟ ਸੈਂਟਰ ਬੰਦ ਹੋਣ ਕਰਕੇ ਕਈ ਡਰਾਈਵਰ ਸਿਖਲਾਈ ਸਕੂਲ ਇਮਤਿਹਾਨ ਬੁੱਕ ਕਰਨ ਲਈ ਹੋਰਨਾਂ ਖੇਤਰਾਂ ‘ਚ ਚਲੇ ਗਏ ਸਨ।

ਟੈਸਟਾਂ ਨੂੰ ਰੱਦ ਕਰਨ ਦੀ ਤਾਜ਼ਾ ਪ੍ਰਕਿਰਿਆ ਬਾਰੇ ਬਰੈਂਪਟਨ ‘ਚ ਪੀਲ ਟਰੱਕ ਡਰਾਈਵਿੰਗ ਸਕੂਲ ਦੇ ਮਾਲਕ ਅਤੇ ਨਿਰਦੇਸ਼ਕ ਜਸਬੀਰ ਚਾਹਲ ਨੇ ਕਿਹਾ, ”ਇਹ ਵੱਡੀ ਸਮੱਸਿਆ ਹੈ।”

ਸਕੂਲ ਦੇ 50 ਵਿਦਿਆਰਥੀ ਰੋਡ ਟੈਸਟ ਦੀ ਉਡੀਕ ਕਰ ਰਹੇ ਹਨ, ”ਉਹ ਰੋਡ ਟੈਸਟ ਦੇਣ ਵਾਲਿਆਂ ਦੀ ਵੱਡੀ ਕਤਾਰ ਲੱਗਣ ਕਰਕੇ ਪ੍ਰਭਾਵਤ ਹਨ।”

ਚਾਹਲ ਨੇ ਨਾਲ ਹੀ ਕਿਹਾ, ਲੇਕਿਨ ਟਰੱਕਿੰਗ ਕਾਰੋਬਾਰ ਤਾਂ ਖੁੱਲ੍ਹੇ ਪਏ ਹਨ।